ਦੀਵਾਲੀ ਦੇ ਪਟਾਕਿਆਂ ਕਾਰਨ ਸੜ ਗਿਆ ਨਵਾਂ ਟਰੈਕਟਰ
ਸੰਗਰੂਰ, (ਮਾਨ ਸਿੰਘ) : ਭਾਰਤ ਸਣੇ ਦੇਸ਼ਾਂ-ਵਿਦੇਸ਼ਾਂ ਵਿੱਚ ਲੋਕ ਹੁਣੇ-ਹੁਣੇ ਦੀਵਾਲੀ ਦੇ ਜਸ਼ਨ ਮਨਾ ਕੇ ਹਟੇ ਨੇ, ਪਰ ਪੰਜਾਬ ਦੇ ਇੱਕ ਕਿਸਾਨ ਲਈ ਦੀਵਾਲੀ ਦੀ ਰਾਤ ਕਾਲੀ ਸਾਬਤ ਹੋਈ, ਕਿਉਂਕਿ ਇਸ ਰਾਤ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪਟਾਕਿਆਂ ਕਾਰਨ ਜਿੱਥੇ ਉਸ ਦੇ ਤੂੜੀ ਵਾਲੇ ਕਮਰੇ ਨੂੰ ਅੱਗ ਲੱਗ ਗਈ, ਉੱਥੇ ਅੰਦਰ ਖੜ੍ਹਾ […]
By : Editor Editor
ਸੰਗਰੂਰ, (ਮਾਨ ਸਿੰਘ) : ਭਾਰਤ ਸਣੇ ਦੇਸ਼ਾਂ-ਵਿਦੇਸ਼ਾਂ ਵਿੱਚ ਲੋਕ ਹੁਣੇ-ਹੁਣੇ ਦੀਵਾਲੀ ਦੇ ਜਸ਼ਨ ਮਨਾ ਕੇ ਹਟੇ ਨੇ, ਪਰ ਪੰਜਾਬ ਦੇ ਇੱਕ ਕਿਸਾਨ ਲਈ ਦੀਵਾਲੀ ਦੀ ਰਾਤ ਕਾਲੀ ਸਾਬਤ ਹੋਈ, ਕਿਉਂਕਿ ਇਸ ਰਾਤ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪਟਾਕਿਆਂ ਕਾਰਨ ਜਿੱਥੇ ਉਸ ਦੇ ਤੂੜੀ ਵਾਲੇ ਕਮਰੇ ਨੂੰ ਅੱਗ ਲੱਗ ਗਈ, ਉੱਥੇ ਅੰਦਰ ਖੜ੍ਹਾ ਨਵਾਂ ਟਰੈਕਟਰ ਵੀ ਇਸ ਦੀ ਲਪੇਟ ਵਿੱਚ ਆ ਗਿਆ। ਭੁੱਬਾਂ ਮਾਰ ਰੋਂਦੇ ਕਿਸਾਨ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤ ਦੀ ਫਰਮਾਇਸ਼ ’ਤੇ ਜੌਨ ਡੀਅਰ 5210 ਖਰੀਦਿਆ ਸੀ, ਪਰ ਅੱਜ ਉਨ੍ਹਾਂ ਦਾ ਖੇਤਾਂ ਦਾ ਰਾਜਾ ਪੂਰੀ ਤਰ੍ਹਾਂ ਸੜ ਚੁੱਕਾ ਹੈ।
ਸੰਗਰੂਰ ਦੇ ਪਿੰਡ ਖਨਾਲ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਦੀਵਾਲੀ ਦੀ ਰਾਤ ਘਰ ਦੇ ਵੇਹੜੇ ਵਿੱਚ ਪਟਾਕੇ ਆਦਿ ਚਲਾ ਕੇ ਸੋ ਗਏ। ਸਵੇਰੇ ਲਗਭਗ 4 ਵਜੇ ਉਸ ਦੀ ਪਤਨੀ ਨੇ ਉਠ ਕੇ ਵੇਖਿਆ ਤਾਂ ਤੂੜੀ ਵਾਲੇ ਕਮਰੇ ਵਿੱਚ ਅੱਗ ਲੱਗੀ ਹੋਈ ਸੀ ਅਤੇ ਧੂੰਆਂ ਉਠ ਰਿਹਾ ਸੀ। ਇਸ ’ਤੇ ਉਸ ਨੇ ਉੱਚੀ-ਉੱਚੀ ਰੌਲ਼ਾ ਪਾਉਂਦਿਆਂ ਸਾਰਿਆਂ ਨੂੰ ਜਗਾ ਦਿੱਤਾ।
ਉਨ੍ਹਾਂ ਸਾਰਿਆਂ ਨੇ ਮਿਲ ਕੇ ਅੱਗ ਬੁਝਾਉਣ ਦਾ ਯਤਨ ਕੀਤਾ, ਪਰ ਉਹ ਨਹੀਂ ਬੁਝੀ ਤੇ ਤੂੜੀ ਵਾਲੇ ਕਮਰੇ ਵਿੱਚ ਖੜ੍ਹਾ ਟਰੈਕਟਰ ਵੀ ਉਸ ਦੀ ਲਪੇਟ ਵਿੱਚ ਆ ਗਿਆ। ਟਰੈਕਟਰ ਦੀ ਤੇਲ ਵਾਲੀ ਟੈਂਕੀ ਨੂੰ ਅੱਗ ਲੱਗਣ ਮਗਰੋਂ ਵੱਡਾ ਧਮਾਕਾ ਹੋਇਆ, ਜਿਸ ’ਤੇ ਗੁਆਂਢੀ ਵੀ ਮਦਦ ਲਈ ਪਹੁੰਚ ਗਏ। ਬੇਸ਼ੱਕ ਟਰੈਕਟਰ ਨੂੰ ਦੂਜੇ ਟਰੈਕਟਰ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ, ਪਰ ਉਦੋਂ ਤੱਕ ਉਹ ਪੂਰੀ ਤਰ੍ਹਾਂ ਸੜ ਚੁੱਕਾ ਸੀ।
ਉੱਧਰ ਪਿੰਡ ਦੀ ਸਰਪੰਚ ਗੁਰਸ਼ਰਨ ਕੌਰ ਦੇ ਪਤੀ ਸਤਨਾਮ ਸਿੰਘ ਕਿਹਾ ਕਿ ਟਰੈਕਟਰ ਕਿਸਾਨ ਲਈ ਬਹੁਤ ਅਹਿਮ ਹੁੰਦਾ ਹੈ। ਇੱਥੋਂ ਤੱਕ ਕਿ ਕਿਸਾਨ ਇਸ ਨੂੰ ਆਪਣੇ ਘਰ ਦਾ ਮੈਂਬਰ ਤੱਕ ਮੰਨਦੇ ਨੇ, ਪਰ ਦਰਸ਼ਨ ਸਿੰਘ ਦਾ ਜੌਨ ਡੀਅਰ ਅੱਗ ਦੀ ਭੇਟ ਚੜ੍ਹ ਗਿਆ, ਉੱਪਰੋਂ ਤੂੜੀ ਵੀ ਸੜ ਗਈ, ਜਿਸ ਕਾਰਨ ਇਸ ਦਾ ਵੱਡਾ ਨੁਕਸਾਨ ਹੋ ਗਿਆ। ਉਨ੍ਹਾਂ ਨੇ ਸਰਕਾਰ ਤੇ ਇੰਸ਼ੋਰੈਂਸ ਕੰਪਨੀ ਨੂੰ ਅਪੀਲ ਕੀਤੀ ਕਿ ਇਸ ਕਿਸਾਨ ਦੀ ਮਦਦ ਕੀਤੀ ਜਾਵੇ।