ਕੀ ਪਤਨੀਆਂ ਰੱਖ ਸਕਣਗੀਆਂ ਲੀਡਰ ਪਤੀਆਂ ਦੀ ਲਾਜ?
ਚੰਡੀਗੜ੍ਹ, 12 ਮਈ (ਸ਼ਾਹ) : ਇਸ ਵਾਰ ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਮਾਹੌਲ ਦੇਖਣ ਨੂੰ ਮਿਲ ਰਿਹਾ ਏ, ਉਹ ਪਹਿਲਾਂ ਕਦੇ ਨਹੀਂ ਦਿਸਿਆ ਕਿਉਂਕਿ ਇਸ ਵਾਰ ਦੋ ਜਾਂ ਤਿੰਨ ਨਹੀਂ ਬਲਕਿ ਛੇ-ਛੇ ਪਾਰਟੀਆਂ ਚੋਣ ਮੈਦਾਨ ਵਿਚ ਨਿੱਤਰੀਆਂ ਹੋਈਆਂ ਨੇ। ਪੰਜਾਬ ਦੇ ਤਿੰਨ ਵੱਡੇ ਆਗੂਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ […]
By : Makhan Shah
ਚੰਡੀਗੜ੍ਹ, 12 ਮਈ (ਸ਼ਾਹ) : ਇਸ ਵਾਰ ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਮਾਹੌਲ ਦੇਖਣ ਨੂੰ ਮਿਲ ਰਿਹਾ ਏ, ਉਹ ਪਹਿਲਾਂ ਕਦੇ ਨਹੀਂ ਦਿਸਿਆ ਕਿਉਂਕਿ ਇਸ ਵਾਰ ਦੋ ਜਾਂ ਤਿੰਨ ਨਹੀਂ ਬਲਕਿ ਛੇ-ਛੇ ਪਾਰਟੀਆਂ ਚੋਣ ਮੈਦਾਨ ਵਿਚ ਨਿੱਤਰੀਆਂ ਹੋਈਆਂ ਨੇ। ਪੰਜਾਬ ਦੇ ਤਿੰਨ ਵੱਡੇ ਆਗੂਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਲਈ ਇਹ ਚੋਣ ਮੁੱਛ ਦਾ ਸਵਾਲ ਬਣੀ ਹੋਈ ਐ ਅਤੇ ਇਨ੍ਹਾਂ ਤਿੰਨੇ ਆਗੂਆਂ ਵੱਲੋਂ ਆਪਣੀ ਲਾਜ ਬਚਾਉਣ ਲਈ ਆਪਣੀਆਂ ਪਤਨੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ। ਤਿੰਨੇ ਆਗੂਆਂ ਦੀਆਂ ਪਤਨੀਆਂ ਦੀ ਜਿੱਤ ਇਨ੍ਹਾਂ ਆਗੂਆਂ ਦਾ ਸਿਆਸੀ ਭਵਿੱਖ ਤੈਅ ਕਰੇਗੀ।
ਭਾਵੇਂ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਕੁੱਝ ਆਗੂਆਂ ਦੇ ਭੈਣ ਭਰਾ ਚੋਣਾਂ ਲੜ ਰਹੇ ਨੇ ਪਰ ਪੰਜਾਬ ਦੇ ਤਿੰਨ ਵੱਡੇ ਆਗੂਆਂ ਵੱਲੋਂ ਆਪਣੀਆਂ ਪਤਨੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ ਅਤੇ ਇਨ੍ਹਾਂ ਪਤਨੀਆਂ ਦੀ ਜਿੱਤ ਹੀ ਇਨ੍ਹਾਂ ਆਗੂਆਂ ਦਾ ਸਿਆਸੀ ਭਵਿੱਖ ਤੈਅ ਕਰੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜ ਰਹੀ ਐ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਜਦਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿਚ ਨਿੱਤਰੀ ਹੋਈ ਐ। ਜਿਸ ਕਰਕੇ ਇਨ੍ਹਾਂ ਤਿੰਨੋਂ ਨੇਤਾਵਾਂ ਲਈ ਇਹ ਲੋਕ ਸਭਾ ਚੋਣ ਬਹੁਤ ਅਹਿਮ ਮੰਨੀ ਜਾ ਰਹੀ ਐ।
ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਅਕਾਲੀ ਦਲ ਦੀ ਉਮੀਦਵਾਰ ਅਤੇ ਸੁਖਬੀਰ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਇਸ ਵਾਰ ਲੋਕ ਸਭਾ ਵਿਚ ਦਾਖ਼ਲ ਹੋਣ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਪਹਾੜ ਲੰਘਣਾ ਹੋਵੇਗਾ। ਹਰਸਿਮਰਤ ਬਾਦਲ ਦੀ ਇਹ ਚੌਥੀ ਲੋਕ ਸਭਾ ਚੋਣ ਐ। ਪਹਿਲੀ ਚੋਣ ਉਨ੍ਹਾਂ ਵੱਲੋਂ ਸਾਲ 2009 ਵਿੱਚ ਲੜੀ ਗਈ ਸੀ। ਪਹਿਲੀ ਚੋਣ ਤੋਂ ਲੈਕੇ ਹਰਸਿਮਰਤ ਬਾਦਲ ਜਿੱਤ ਦਰਜ ਕਰਦੀ ਆ ਰਹੀ ਐ ਹਾਲਾਂਕਿ ਉਨ੍ਹਾਂ ਦੀ ਜਿੱਤ ਦਾ ਫ਼ਰਕ ਹਰ ਵਾਰ ਘਟਦਾ ਜਾ ਰਿਹਾ ਏ।
ਆਪਣੀ ਪਤਨੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਖ਼ੁਦ ਸੁਖਬੀਰ ਬਾਦਲ ਇਲਾਕੇ ਵਿਚ ਡਟ ਕੇ ਚੋਣ ਪ੍ਰਚਾਰ ਕਰਨ ਵਿਚ ਲੱਗੇ ਹੋਏ ਨੇ। ਜਿੱਥੇ ਪਹਿਲਾਂ ‘ਪੰਜਾਬ ਬਚਾਓ ਯਾਤਰਾ’ ਦੌਰਾਨ ਹਰਸਿਮਰਤ ਦੇ ਸਮਰਥਨ ਵਿਚ ਕਾਫ਼ੀ ਜ਼ਿਆਦਾ ਪ੍ਰਚਾਰ ਕੀਤਾ ਗਿਆ, ਉਥੇ ਹੀ ਹੁਣ ਅਕਾਲੀ ਦਲ ਵੱਲੋਂ ਇੱਥੇ ਇਕ ਵੱਡੀ ਚੋਣ ਰੈਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਐ।
ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਸੀਟ ਤੋਂ ਹਰਸਿਮਰਤ ਦੇ ਖਿਲਾਫ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ, ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਲੰਬੀ ਸੀਟ ਤੋਂ ਅਕਾਲੀ ਦਲ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਪਰ ਇਸ ਵਾਰ ਦੇਖਣਾ ਹੋਵੇਗਾ ਕਿ ਗੁਰਮੀਤ ਖੁੱਡੀਆਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਨੂੰ ਹਰਾ ਸਕਣਗੇ ਜਾਂ ਨਹੀਂ। ਭਾਜਪਾ ਵੱਲੋਂ ਪਰਮਪਾਲ ਕੌਰ ਅਤੇ ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਵੀ ਚੋਣ ਮੈਦਾਨ ਵਿਚ ਨਿੱਤਰੇ ਹੋਏ ਨੇ।
ਹੁਣ ਗੱਲ ਕਰਦੇ ਆਂ ਪਟਿਆਲਾ ਲੋਕ ਸਭਾ ਸੀਟ ਦੀ, ਜਿੱਥੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਤਨੀ ਪ੍ਰਨੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਏ, ਉਨ੍ਹਾਂ ਵੱਲੋਂ ਇਸ ਵਾਰ ਭਾਜਪਾ ਦੀ ਟਿਕਟ ’ਤੇ ਚੋਣ ਲੜੀ ਜਾ ਰਹੀ ਐ। ਇਸ ਤੋਂ ਪਹਿਲਾਂ ਪ੍ਰਨੀਤ ਕੌਰ ਕਾਂਗਰਸ ਤੋਂ ਚੋਣ ਲੜਦੇ ਰਹੇ ਨੇ ਅਤੇ ਤਿੰਨ ਵਾਰ ਜਿੱਤ ਵੀ ਹਾਸਲ ਕਰ ਚੁੱਕੇ ਨੇ।
ਇਹ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਲਈ ਇਕ ਤਰ੍ਹਾਂ ਨਾਲ ਮੁੱਛ ਦਾ ਸਵਾਲ ਬਣੀ ਹੋਈ ਐ, ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸੀਟ ਤੋਂ ਚੋਣ ਹਾਰ ਗਏ ਸਨ। ਇਸ ਵਾਰ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਮੁਕਾਬਲਾ ‘ਆਪ’ ਦੇ ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ, ਅਕਾਲੀ ਦਲ ਦੇ ਐਨ.ਕੇ.ਸ਼ਰਮਾ ਅਤੇ ਕਾਂਗਰਸੀ ਉਮੀਦਵਾਰ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਨਾਲ ਹੋ ਰਿਹਾ ਏ। ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਧਰਮਵੀਰ ਗਾਂਧੀ ਨੂੰ ਪ੍ਰਨੀਤ ਕੌਰ ਨੂੰ ਹਰਾਇਆ ਸੀ।
ਇਸੇ ਤਰ੍ਹਾਂ ਹੁਸ਼ਿਆਰਪੁਰ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਇਸ ਵਾਰ ਖ਼ੁਦ ਇਹ ਲੋਕ ਸਭਾ ਚੋਣ ਲੜਨ ਦੀ ਬਜਾਏ ਆਪਣੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਏ, ਜਿਸ ਕਾਰਨ ਸੋਮਪ੍ਰਕਾਸ਼ ਲਈ ਵੀ ਆਪਣਾ ਗੜ੍ਹ ਬਚਾਉਣਾ ਵੱਕਾਰ ਦਾ ਸਵਾਲ ਬਣਿਆ ਹੋਇਆ ਏ। ਸੋਮ ਪ੍ਰਕਾਸ਼ ਇਸ ਸੀਟ ਤੋਂ ਮੌਜੂਦਾ ਸਾਂਸਦ ਨੇ ਅਤੇ ਕੇਂਦਰ ਵਿਚ ਮੰਤਰੀ ਵੀ ਨੇ, ਜਿਸ ਕਰਕੇ ਉਨ੍ਹਾਂ ’ਤੇ ਇਹ ਸੀਟ ਜਿੱਤਣ ਦਾ ਦਬਾਅ ਵੀ ਜ਼ਿਆਦਾ ਏ।
ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੂੰ 48 ਹਜ਼ਾਰ 530 ਵੋਟਾਂ ਨਾਲ ਹਰਾਇਆ ਸੀ ਪਰ ਇਸ ਵਾਰ ਡਾ. ਚੱਬੇਵਾਲ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ਨੇ ਜਦਕਿ ਕਾਂਗਰਸ ਵੱਲੋਂ ਯਾਮਿਨੀ ਗੋਮਰ ਅਤੇ ਅਕਾਲੀ ਦਲ ਵੱਲੋਂ ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਡਲ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ।
ਦੱਸ ਦਈਏ ਕਿ ਬਠਿੰਡਾ, ਪਟਿਆਲਾ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਦੇਖਣਾ ਹੋਵੇਗਾ ਕਿ ਤਿੰਨ ਵੱਡੇ ਆਗੂਆਂ ਦੀ ਇਹ ਪਤਨੀਆਂ ਆਪੋ ਆਪਣੇ ਪਤੀਆਂ ਦਾ ਸਿਆਸੀ ਭਵਿੱਖ ਮਜ਼ਬੂਤ ਕਰਨ ਵਿਚ ਕਾਮਯਾਬ ਹੁੰਦੀਆਂ ਨੇ ਜਾਂ ਨਹੀਂ।