Begin typing your search above and press return to search.

ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਤਿੰਨ ਨਾਟਕਾਂ ਦਾ ਸਫ਼ਲ ਮੰਚਨ

ਕੈਨੇਡਾ ਵਿੱਚ ਰੰਗਮੰਚ ਦੀਆਂ ਜੜ੍ਹਾ ਲਾਉਣ ਵਾਲੀਆਂ ਸੰਸਥਾਵਾਂ ਵਿੱਚੋਂ, ਪੰਜਾਬੀ ਆਰਟਸ ਐਸੋਸੀਏਸ਼ਨ ਇੱਕ ਮੁੱਖ ਸੰਸਥਾ ਹੈ। ਇਹ ਉਨਟਾਰੀਓ ਵਿੱਚ 1992 ਤੋਂ ਲਗਾਤਾਰ ਕੰਮ ਕਰ ਰਹੀ ਹੈ। ਇਸ ਨੇ ਆਪਣੀ ਸ਼ੁਰੂਆਤ ਸੱਭਿਆਚਾਰਕ ਮੇਲਿਆਂ ਅਤੇ ਸਕਿੱਟਾਂ ਤੋਂ ਕੀਤੀ ਸੀ।

ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਤਿੰਨ ਨਾਟਕਾਂ ਦਾ ਸਫ਼ਲ ਮੰਚਨ
X

Dr. Pardeep singhBy : Dr. Pardeep singh

  |  24 July 2024 1:36 AM GMT

  • whatsapp
  • Telegram

ਕੈਨੇਡਾ : ਕੈਨੇਡਾ ਵਿੱਚ ਰੰਗਮੰਚ ਦੀਆਂ ਜੜ੍ਹਾ ਲਾਉਣ ਵਾਲੀਆਂ ਸੰਸਥਾਵਾਂ ਵਿੱਚੋਂ, ਪੰਜਾਬੀ ਆਰਟਸ ਐਸੋਸੀਏਸ਼ਨ ਇੱਕ ਮੁੱਖ ਸੰਸਥਾ ਹੈ। ਇਹ ਉਨਟਾਰੀਓ ਵਿੱਚ 1992 ਤੋਂ ਲਗਾਤਾਰ ਕੰਮ ਕਰ ਰਹੀ ਹੈ। ਇਸ ਨੇ ਆਪਣੀ ਸ਼ੁਰੂਆਤ ਸੱਭਿਆਚਾਰਕ ਮੇਲਿਆਂ ਅਤੇ ਸਕਿੱਟਾਂ ਤੋਂ ਕੀਤੀ ਸੀ। ਕੋਈ ਸਮਾਂ ਸੀ ਜਦੋਂ ਕੈਨੇਡਾ ਵਿੱਚ ਨਾਟ-ਮੰਡਲੀਆਂ ਭਾਰਤ ਤੋਂ ਮੰਗਵਾ ਕੇ ਨਾਟਕ ਖਿਡਵਾਏ ਜਾਂਦੇ ਸਨ। ਇਨ੍ਹਾਂ ਨਾਟਕਾਂ ਦੇ ਵਿਸ਼ੇ ਵੀ ਭਾਰਤ ਜਾਂ ਪੰਜਾਬ ਨਾਲ ਜੁੜੇ ਹੋਏ ਹੁੰਦੇ ਸਨ। ਜਦੋਂ ਕਿ ਕੈਨੇਡਾ ਵਿੱਚ ਭਾਰਤੀ ਕਮਿਊਨਟੀ ਦਾ ਲਗਾਤਾਰ ਹੋ ਰਿਹਾ ਪਾਸਾਰ, ਇਹ ਮੰਗ ਕਰਦਾ ਸੀ, ਕਿ ਵਿਸ਼ੇ ਨਾਟਕਾਂ ਦੇ ਸਥਾਨਕ ਸਮੱਸਿਆਵਾਂ ਨਾਲ ਜੁੜੇ ਹੋਏ ਹੋਣ, ਤੇ ਨਾਟਕਾਂ ਦੀ ਪੇਸ਼ਕਾਰੀ ਲਈ ਵੀ, ਏਥੋਂ ਹੀ ਕਲਾਕਾਰ ਲੱਭੇ ਜਾਣ। ਫੇਰ ਇਹ ਯਤਨ ਕੀਤੇ ਇਸ ਸੰਸਥਾ ਦੇ ਪ੍ਰੈਜ਼ੀਡੈਂਟ (ਪ੍ਰਧਾਨ) ਬਲਜਿੰਦਰ ਲੇਲਣਾ, ਸਰਬਜੀਤ ਅਰੋੜਾ, ਕੁਲਦੀਪ ਰੰਧਾਵਾ, ਜਗਵਿੰਦਰ ਜੱਜ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ। ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਕੈਨੇਡਾ ਦੇ ਸਥਾਨਕ ਵਿਿਸ਼ਆਂ ਨੂੰ ਲੈ ਕੇ ਅਤੇ ਸਥਾਨਕ ਕਲਾਕਾਰਾਂ ਨਾਲ ਪੇਸ਼ ਕਰਨ ਵਾਲੀ ਕੈਨੇਡਾ ਵਿੱਚ ਪੰਜਾਬੀ ਆਰਟਸ ਐਸੋਸੀਏਸ਼ ਸਭ ਤੋਂ ਵੱਡੀ ਅਤੇ ਸਰਗਰਮ ਸੰਸਥਾ ਹੈ, ਜੋ ਹੁਣ ਤੱਕ ਸੈਂਕੜੇ ਹੀ ਸਫ਼ਲ ਨਾਟਕ ਪੇਸ਼ ਕਰ ਚੁੱਕੀ ਹੈ।

ਮੈਂ ਵੀ ਇਸ ਟੀਮ ਦਾ ਹਿੱਸਾ ਰਿਹਾ ਹਾਂ। ਅੱਜ ਤੋਂ ਕੋਈ ਪੰਝੀ ਸਾਲ ਪਹਿਲਾਂ ਇਸ ਸੰਸਥਾ ਨੇ ਮੇਰਾ ਨਾਟਕ ‘ਪਿੰਜਰੇ’ ਖੇਡ ਕੇ, ਰੰਗਮੰਚ ਵਿੱਚ ਇੱਕ ਨਵੀਂ ਤਬਦੀਲੀ ਲਿਆਂਦੀ ਸੀ। ਤੀਹ ਬੱਤੀ ਸਾਲ ਪਹਿਲਾਂ ਲਾਇਆ ਰੰਗਮੰਚ ਦਾ ਇਹ ਬੂਟਾ ਹੁਣ ਘਣਛਾਵਾਂ ਬ੍ਰਿਛ ਬਣ ਚੁੱਕਾ ਹੈ। ਇਸ ਨੇ ਹਰ ਖੇਤਰ ਵਿੱਚ ਬੇਹੱਦ ਤਰੱਕੀ ਕੀਤੀ ਹੈ। ਪਿਛਲੇ ਐੈਤਵਾਰ ਜੋ ਮੈਂ ਦੇਖਿਆ ਅਤੇ ਮਹਿਸੂਸਿਆ, ਉਸੇ ਦੇ ਆਧਾਰ ਤੇ ਕਹਿ ਰਿਹਾ ਹਾਂ। ਕਦੇ ਪੰਜਾਬੀ ਨਾਟਕ ਗੁਰਸ਼ਰਨ ਸਿੰਘ ਭਾਅ ਜੀ ਸਟਾਈਲ ਸੀ, ਜੋਂ ਗੱਡਿਆ ਤੇ ਹੁੰਦਾ ਹੋਇਆ ਆਇਆ ਸੀ ਤੇ ਸਮੁੱਚਾ ਰੰਗਮੰਚ ਉਸ ਤੋਂ ਪ੍ਰਭਾਵਿਤ ਸੀ। ਫੇਰ ਇਸ ਖੇਤਰ ਵਿੱਚ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਆਈਆਂ। ਲਾਈਟ ਐਂਡ ਸਾਊਂਡ ਤੋਂ ਇਲਾਵਾ, ਵਿਸ਼ੇ ਦੀ ਪੇਸ਼ਕਾਰੀ ਵਿੱਚ ਵੱਡੀਆਂ ਤਬਦੀਲੀਆਂ ਆਈਆਂ, ਜਿਸ ਨੂੰ ਪੰਜਾਬੀ ਆਰਟਸ ਐਂਡ ਐਸੋਸੀਏਸ਼ਨ ਨੇ ਵੀ ਅਪਣਾਇਆ, ਦੇ ਕਮਾਲ ਨਾਟਕ ਪੇਸ਼ ਕੀਤੇ ਤੇ ਬੁਲੰਦੀਆਂ ਨੂੰ ਛੂਹਿਆ।

ਇਸ ਵਾਰ ਬਰੈਂਪਟਨ ਦੇ ਸਾਈਰਲ ਕਲਾਰਕ ਥੀਏਟਰ ਵਿੱਚ ‘ਨਿੱਕੇ ਨਾਟਕ ਵੱਡੀਆਂ ਗੱਲਾਂ’ ਸਿਰਲੇਖ ਅਧੀਨ ਚੌਥੇ ਸੀਜ਼ਨ ਵਿੱਚ, ਤਿੰਨ ਨਾਟਕ ਪੇਸ਼ ਕੀਤੇ ਗਏ ਜੋ ਬਹੁਤ ਕਮਾਲ ਦੇ ਅਤੇ ਬਹੁਤ ਹੀ ਸਫ਼ਲ ਪੇਸ਼ਕਾਰੀ ਵਾਲੇ ਨਾਟਕ ਸਨ। ਪਹਿਲਾ ਨਾਟਕ ਸੀ ‘ਵਿਰਾਮ’ ਭਾਵ ਰੁਕ ਜਾਉ। ਇਸਦਾ ਵਿਸ਼ਾ ਸਾਡੇ ਬੱਚਿਆ ਨਾਲ ਸਬੰਧਤ ਸੀ, ਜਿਨ੍ਹਾਂ ਦੇ ਅਸੀਂ ਆਪਣੀਆਂ ਮਰਜ਼ੀ ਜਾਂ ਲੋਕਾਂ ਦੇ ਦਬਾਅ ਹੇਠ ਆ ਕੇ, ਧੱਕੇ ਨਾਲ ਵਿਆਹ ਕਰ ਦਿੰਦੇ ਹਾਂ। ਅਸੀਂ ਬੱਚਿਆਂ ਨੂੰ ਉਨ੍ਹਾਂ ਦੀ ਮਾਨਸਿਕਤਾ ਜਾਣੇ ਬਗੈਰ, ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕਰ ਦਿੰਦੇ ਹਾਂ।

ਇਸ ਨਾਟਕ ਵਿੱਚ ਲੜਕੀ ਡਾਕਟਰ ਬਣ ਕੇ ਜ਼ਿੰਦਗੀ ਬਣਾਉਣਾ ਚਾਹੁੰਦੀ ਸੀ ਪਰ ਘਰਦਿਆਂ ਵਲੋਂ ਉਸ ਨੂੰ ਕੈਨੇਡਾ ਦੇ ਲਾਲਚ ਵਿੱਚ, ਇੱਕ ਘੱਟ ਪੜੇ ਲਿਖੇ ਵਿਅੱਕਤੀ ਨਾਲ ਕੈਨੇਡਾ ਵਿਆਹ ਦਿੱਤਾ ਜਾਂਦਾ ਹੈ ਜਿੱਥੇ ਉਹ ਐਡਜਸਟ ਨਹੀਂ ਹੀ ਕਰਦੀ। ਏਹੋ ਹਾਲ ਲੜਕੇ ਦਾ ਹੈ ਜੋ ਬੇਹੱਦ ਮਾਨਸਿਕ ਪੀੜ੍ਹ ਭੋਗਦਾ ਹੈ। ਦੋਹਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਰਿਸ਼ਤੇ ਤਲਾਕ ਵਿੱਚ ਬਦਲ ਜਾਂਦੇ ਹਨ ਤੇ ਬੱਚੇ ਰੁਲ ਜਾਂਦੇ ਹਨ। ਇਸ ਨਾਟਕ ਦਾ ਨਿਰਦੇਸ਼ਨ ਕਮਾਲ ਦਾ ਸੀ ਤੇ ਅਦਾਕਾਰਾਂ ਦੀ ਪੇਸ਼ਕਾਰੀ ਵੀ ਬਹੁਤ ਵਧੀਆ ਸੀ। ਲਾਈਟ ਐਂਡ ਸਾਊਂਡ ਦੇ ਪ੍ਰਭਾਵ ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਇਸ ਦਾ ਸੰਦੇਸ਼ ਹੀ ਇਹ ਸੀ ਕਿ ਸਾਨੂੰ ਇਸ ਤਰ੍ਹਾਂ ਦੇ ਫੈਸਲਿਆਂ ਬਾਰੇ ਹੁਣ ਵਿਰਾਮ ਲਾਉਣਾ ਚਾਹੀਦਾ ਹੈ। ਇਸ ਦਾ ਸਯੁੰਕਤ ਪ੍ਰਭਾਵ, ਲੇਖਣੀ ਅਤੇ ਨਿਰਦੇਸ਼ਨਾ ਕਮਾਲ ਦੇ ਸਨ।

ਦੂਸਰਾ ਨਾਟਕ ‘ਆਰ ਏ ਸੀ ਟਿਕਟ’ ਨਾਂ ਦਾ ਸੀ, ਜਿਸ ਵਿੱਚ ਇੱਕ ਲੜਕੀ ਦਾ ਮਨੋਵਿਿਗਆਨਕ ਦੁਖਾਂਤ ਸੀ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਰੋਕਾਂ ਰੁਕਾਵਟਾਂ ਜਾਂ ਰੋਹਬਾਂ ਹੇਠਾਂ ਏਨਾਂ ਦਬਾਅ ਦਿੰਦੇ ਹਾਂ ਤਾਂ ਉਹ ਮਾਪਿਆਂ ਤੋਂ ਚੋਰੀ ਕਈ ਵਾਰ ਗ਼ਲਤ ਫੈਸਲੇ ਲੈਂਦੇ ਹਨ ਤੇ ਘਰੋਂ ਦੌੜ ਕੇ ਕਿਸੇ ਵੱਡੀ ਮੁਸੀਬਤ ਵਿੱਚ ਫਸ ਜਾਂਦੇ ਹਨ। ਇਸ ਦਾ ਸੰਦੇਸ਼ ਵੀ ਇਹ ਸੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਸੁਣਨਾ ਚਾਹੀਦਾ ਹੈ, ਉਨ੍ਹਾਂ ਨਾਲ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਉਨ੍ਹਾਂ ਨੂੰ ਠੀਕ ਰਾਹ ਵਲ ਤੋਰ ਸਕੀਏ। ਇਹ ਨਾਟਕ ਥੋੜੇ ਪਾਤਰਾਂ ਨਾਲ ਵੱਡਾ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਸੀ। ਇਸ ਦਾ ਸੰਗੀਤ, ਮੰਚ ਸਜਾ ਅਤੇ ਅਦਾਕਾਰੀ ਬਹੁਤ ਪ੍ਰਭਾਵਸ਼ਲੀ ਸਨ। ਦਰਸ਼ਕਾਂ ਨੇ ਇਸ ਨਾਟਕ ਨੂੰ ਵੀ ਸ਼ਿੱਦਤ ਨਾਲ ਮਾਣਿਆ। ਨਾਟਕ ਦਾ ਬੱਝਵਾਂ ਪ੍ਰਭਾਵ ਅਤੇ ਨਾਟ-ਸ਼ੈਲੀ ਕਮਾਲ ਦੀ ਸੀ। ਇਸ ਦੇ ਲੇਖਕ ਅਤੇ ਨਿਰਦੇਸ਼ਕ ਵਧਾਈ ਦੇ ਹੱਕਦਾਰ ਹੋ ਨਿੱਬੜੇ।

ਇਸ ਨਾਟਕ ਮੇਲੇ ਦਾ ਤੀਸਰਾ ਨਾਵਲ ਵੀ ਅੱਖਾਂ ਖੋਹਲਣ ਅਤੇ ਦਰਸ਼ਕਾਂ ਨੂੰ ਜਾਗਰੂਕ ਕਰਨ ਵਾਲਾ ਵਾਲਾ ਸੀ, ਜਿਸ ਦਾ ਨਾਮ ਸੀ ‘ਸਕੈਮ 2021’ ਇਹ ਸਕੈਮ ਕੈਨੇਡੀਅਨ ਜੀਵਨ ਦਾ ਇੱਕ ਅੰਗ ਬਣ ਚੁੱਕੇ ਨੇ। ਪੂਰਾ ਸੰਸਾਰ ਇਨ੍ਹਾਂ ਸਕੈਮਰਾਂ ਦੇ ਵਿਛਾਏ ਜਾਂਦੇ ਜ਼ਾਲ ਤੋਂ ਪਰੇਸ਼ਾਨ ਹੈ। ਇਹ ਫੋਨ ਦੀਆਂ ਡੀਲਜ਼, ਘਰ ਵੇਚਣ ਦੇ ਝਾਂਸੇ, ਡਕਟ ਕਲੀਨਿੰਗ, ਲੋਨ ਜਾਂ ਫੇਰ ਨਕਲੀ ਪੁਲੀਸ ਬਣ ਕੇ ਧਮਕੀਆਂ ਦਿੰਦੇ ਰਹਿੰਦੇ ਹਨ ਤੇ ਬਹੁਤਿਆਂ ਦੇ ਅਕਾਊਂਟ ਵੀ ਸਾਫ਼ ਕਰ ਜਾਂਦੇ ਹਨ। ਸਾਡੀ ਨੌਜਵਾਨ ਪੀੜ੍ਹੀ ਇਨ੍ਹਾਂ ਦੇ ਝਾਂਸੇ ਵਿੱਚ ਫਸ ਜਾਂਦੀ ਹੈ। ਇਸ ਨਾਟਕ ਦੀ ਸਹਿਜ ਪੇਸ਼ਕਾਰੀ, ਸੰਖੇਪਤਾ ਤੇ ਸਯੁੰਕਤ ਪ੍ਰਭਾਵ ਨੇ ਵੀ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਇਹ ਨਾਟਕ ਵੀ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ। ਸਾਰੇ ਅਦਾਕਾਰਾਂ ਲਈ ਖੂਬ ਤਾੜੀਆਂ ਵਜਾਈਆਂ ਗਈਆਂ ਤੇ ਭਰਪੂਰ ਦਾਦ ਦਿੱਤੀ ਗਈ।

ਇਨ੍ਹਾਂ ਨਾਟਕਾਂ ਦੇ ਸ਼ੋਅ ਦੋ ਦਿਨ ਚੱਲੇ। ਸ਼ਨਿੱਚਰਵਾਰ ਅਤੇ ਐਤਵਾਰ ਦੋਨੋ ਦਿਨ ਹਾਲ ਸੋਲਡ ਆਊਟ ਰਿਹਾ। ਨਾਟਕ ਮੇਲੇ ਵਿੱਚ ਦਰਸ਼ਕਾਂ ਦੀ ਭਰਪੂਰ ਆਮਦ (ਹਾਊਸ ਫੁੱਲ) ਰਹੀ। ਪ੍ਰਡੋਕਸ਼ਨ ਵਿੱਚ ਬਹੁਤ ਹੀ ਮਿਹਨਤ ਕੀਤੀ ਗਈ ਸੀ। ਸਿਟੀ ਆਫ ਬਰੈਂਪਟਨ ਦਾ ਵੀ ਭਰਪੂਰ ਸਹਿਯੋਗ ਵੀ ਵੇਖਣ ਨੂੰ ਮਿਿਲਆ। ਤਿੰਨਾਂ ਨਾਟਕਾਂ ਦੇ ਲੇਖਕ ਅਤੇ ਨਿਰਦੇਸ਼ਕ ਸੁਚੱਜੀ ਤੇ ਕਲਾਤਮਕ ਪੇਸ਼ਕਾਰੀ ਲਈ ਵਧਾਈ ਦੇ ਹੱਕਦਾਰ ਹਨ। ਅੰਤ ਤੇ ਸਭ ਨੂੰ ਮੰਚ ਤੇ ਬੁਲਾ ਕੇ ਜਾਣ ਪਛਾਣ ਕਰਵਾਈ ਗਈ।ਦਰਸ਼ਕ ਨਾਟਕ ਖ਼ਤਮ ਹੋਣ ਤੋਂ ਬਾਅਦ ਵੀ ਬੈਠੇ ਰਹੇ। ਇਹ ਨਾਟਕਾਂ ਦਾ ਪ੍ਰਭਾਵ ਹੀ ਕਿਹਾ ਜਾ ਸਕਦਾ ਹੈ। ਮੈਂ ਮਹਿਸੂਸ ਕੀਤਾ ਕਿ ਪੰਜਾਬੀ ਆਰਟਸ ਐਂਡ ਐਸੋਸੀਏਸ਼ਨ ਜੋ ਸੁਪਨਾ ਲੈ ਕੇ ਤੁਰੀ ਸੀ ਹੁਣ ਉਹ ਪੂਰਾ ਹੋ ਰਿਹਾ ਹੈ। ਮੈਨੂੰ ਪੰਜਾਬੀ ਰੰਗਮੰਚ, ਕੈਨੇਡਾ ਅੰਦਰ, ਮੁੱਖਧਾਰਾ ਦੇ ਨਾਟਕਾਂ ਬਰਾਬਰ ਖੜਾ ਮਹਿਸੂਸ ਹੋਇਆ। ਅਸੀਂ ਏਥੋਂ ਦੇ ਜੰਮੇ ਪਲੇ, ਪੜ੍ਹੇ ਲਿਖੇ ਬੱਚਿਆਂ ਚੋਂ ਲੇਖਕ ਅਤੇ ਅਦਾਕਾਰ ਹੀ ਨਹੀਂ ਲੱਭੇ, ਸਗੋਂ ਨਿਰਦੇਸ਼ਕ, ਪ੍ਰੋਡਕਸ਼ਨ ਪ੍ਰੋਡਿਊਸਰ, ਕੋਰੀਉ ਗ੍ਰਾਫਰ ਅਤੇ ਹੋਰ ਆਰਟਿਸਟਾਂ ਨੂੰ ਨਾਲ ਜੋੜ ਕੇ ਵੀ ਨਾਟਕ ਦਾ ਮਿਆਰ ਉੱਚਾ ਚੁੱਕਿਆ ਹੈ। ‘ਨਿੱਕੇ ਨਾਟਕ ਵੱਡੀਆਂ ਗੱਲਾਂ’ ਇੱਕ ਸਫ਼ਲ ਨਾਟਕ ਮੇਲਾ ਹੋ ਨਿੱਬੜਿਆ, ਜਿਸ ਦਾ ਪ੍ਰਭਾਵ ਦਰਸ਼ਕਾਂ ਤੇ ਲੰਬੇ ਸਮੇਂ ਤੱਕ ਰਹੇਗਾ। ਇਸ ਲਈ ਪੰਜਾਬੀ ਆਰਟਸ ਐਂਡ ਐਸੋਸੀਏਸ਼ਨ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ।

Next Story
ਤਾਜ਼ਾ ਖਬਰਾਂ
Share it