ਕੈਨੇਡਾ 'ਚ ਪੋਤੇ ਨੂੰ ਮਿਲ ਕੇ ਪੰਜਾਬ ਜਾ ਰਹੀ ਦਾਦੀ ਨੇ ਜਹਾਜ਼ 'ਚ ਲਏ ਆਖਰੀ ਸਾਹ
53 ਸਾਲਾ ਕਮਲਪ੍ਰੀਤ ਠੋੁਰਸਿਟ ੜਸਿੳ 'ਤੇ 4 ਮਹੀਨੇ ਪਹਿਲਾਂ ਆਈ ਸੀ ਕੈਨੇਡਾ
By : Sandeep Kaur
ਕੈਨੇਡਾ 'ਚ ਆਪਣੇ ਮੁੰਡਿਆਂ ਅਤੇ ਆਪਣੇ ਪਹਿਲੇ ਪੋਤੇ ਨੂੰ ਮਿਲਣ ਆਈ ਔਰਤ ਜਦੋਂ ਵਾਪਸ ਪੰਜਾਬ ਜਾ ਰਹੀ ਸੀ ਤਾਂ ਉਸ ਨਾਲ ਜਹਾਜ਼ 'ਚ ਭਾਣਾ ਵਾਪਰ ਗਿਆ। ਦਰਅਸਲ ਪੰਜਾਬ ਦੇ ਭੋਗਪੁਰ ਦੇ ਨਾਲ ਲੱਗਦੇ ਪਿੰਡ ਲੋਹਾਰਾ ਦੀ ਔਰਤ ਚਾਰ ਮਹੀਨੇ ਪਹਿਲਾਂ ਕੈਨੇਡਾ ਰਹਿੰਦੇ ਆਪਣੇ ਬੱਚਿਆਂ ਨੂੰ ਮਿਲਣ ਆਈ ਸੀ। ਬੱਚਿਆਂ ਨੂੰ ਮਿਲ ਕੇ ਔਰਤ ਵਾਪਸ ਪੰਜਾਬ ਜਾਣ ਲਈ ਜਦੋਂ ਜਹਾਜ਼ 'ਚ ਬੈਠੀ ਤਾਂ ਉਸ ਨਾਲ ਅਜਿਹਾ ਭਾਣਾ ਵਾਪਰਿਆ ਜਿਸ ਦਾ ਉਸ ਨੇ ਖੁਦ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ। ਟੋਰਾਂਟੋ ਤੋਂ ਜਹਾਜ਼ ਰਵਾਨਾ ਹੋਏ ਨੂੰ ਢਾਈ ਘੰਟਿਆਂ ਬਾਅਦ 53 ਸਾਲਾ ਕਮਲਪ੍ਰੀਤ ਕੌਰ ਨੂੰ ਅਚਾਨਕ ਸਾਹ ਲੈਣ 'ਚ ਦਿੱਕਤ ਮਹਿਸੂਸ ਹੋਣ ਲੱਗੀ। ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਜਹਾਜ਼ 'ਚ ਮੌਤ ਹੋ ਗਈ।
ਕਮਲਪ੍ਰੀਤ ਕੌਰ ਟੂਰਿਸਟ ਵੀਜ਼ੇ ‘ਤੇ ਕੈਨੇਡਾ ਗਈ ਸੀ। ਡਾਕਟਰ ਨੇ ਜਹਾਜ਼ 'ਚ ਉਸ ਦੀ ਜਾਂਚ ਕੀਤੀ ਪਰ ਉਸ ਨੂੰ ਬਚਾਅ ਨਹੀਂ ਪਾਏ। ਇਸ ਤੋਂ ਬਾਅਦ ਜਹਾਜ਼ ਨੇ ਟੋਰਾਂਟੋ ਵੱਲ ਹੀ ਵਾਪਸੀ ਕੀਤੀ ਪਰ ਯਾਤਰੀਆਂ ਨੂੰ ਨਹੀਂ ਦੱਸਿਆ ਕਿ ਇੱਕ ਔਰਤ ਦੀ ਜਹਾਜ਼ 'ਚ ਮੌਤ ਹੋਣ ਕਾਰਨ ਜਹਾਜ਼ ਨੂੰ ਵਾਪਸ ਟੋਰਾਂਟੋ ਮੁੜਨਾ ਪੈ ਰਿਹਾ ਹੈ। ਯਾਤਰੀਆਂ ਨੂੰ ਦੱਸਿਆ ਗਿਆ ਕਿ ਜਹਾਜ਼ 'ਚ ਕੋਈ ਤਕਨੀਕੀ ਨੁਕਸ ਕਾਰਨ ਫਲਾਇਟ ਵਾਪਸ ਜਾ ਰਹੀ ਹੈ। ਮ੍ਰਿਤਕਾ ਕਮਲਪ੍ਰੀਤ ਦੇ ਪਤੀ ਮਨਜੀਤ ਸਿੰਘ ਭੋਗਪੁਰ ਬਲਾਕ ਦੇ ਪਿੰਡ ਰਾਸਤਗੋ ਦੇ ਸਰਕਾਰੀ ਸਕੂਲ 'ਚ ਲੈਬ ਅਟੈਂਡੈਂਟ ਹਨ। ਮਨਜੀਤ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਪੱਕੇ ਤੌਰ ‘ਤੇ ਕੈਨੇਡਾ ਰਹਿੰਦੇ ਹਨ। ਉਸ ਦੀ ਪਤਨੀ ਕਮਲਪ੍ਰੀਤ ਆਪਣੇ ਪਹਿਲੇ ਪੋਤੇ ਨੂੰ ਦੇਖਣ ਲਈ ਵਿਜ਼ਟਰ ਵੀਜੇ ‘ਤੇ ਕਰੀਬ ਚਾਰ ਮਹੀਨੇ ਪਹਿਲਾਂ ਕੈਨੇਡਾ ਗਈ ਸੀ ਅਤੇ 17 ਦਸੰਬਰ ਨੂੰ ਟੋਰਾਂਟੋ ਸਮੇਂ ਅਨੁਸਾਰ ਕਰੀਬ 1 ਵਜੇ ਏਅਰ ਇੰਡੀਆ ਦਾ ਜਹਾਜ਼ ਟੋਰਾਂਟੋ ਤੋਂ ਰਵਾਨਾ ਹੋਇਆ।
ਮਨਜੀਤ ਨੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਆਉਣਾ ਸੀ। ਜਿਸ ਤਰ੍ਹਾਂ ਹੀ ਦੋਹਾਂ ਪੁੱਤਰਾਂ ਨੇ ਮਨਜੀਤ ਨੂੰ ਦੱਸਿਆਂ ਕਿ ਉਨ੍ਹਾਂ ਨੇ ਆਪਣੀ ਮਾਂ ਨੂੰ ਜਹਾਜ਼ 'ਚ ਬਿਠਾ ਦਿੱਤਾ ਹੈ ਤਾਂ ਉਹ ਆਪਣੀ ਪਤਨੀ ਕਮਲਪ੍ਰੀਤ ਨੂੰ ਏਅਰਪੋਰਟ ਤੋਂ ਲੈਣ ਲਈ ਸਕੂਲ ਤੋਂ ਘਰ ਪਹੁੰਚਿਆ ਅਤੇ ਤਿਆਰ ਹੋ ਕੇ ਏਅਰਪੋਰਟ ਨੂੰ ਬੱਸ ਫੜ੍ਹ ਲਈ। ਰਸਤੇ 'ਚ ਸਮੇਂ-ਸਮੇਂ ‘ਤੇ ਉਹ ਆਪਣੀ ਪਤਨੀ ਦੇ ਜਹਾਜ਼ ਦਾ ਸਟੇਟਸ ਆਨਲਾਈਨ ਦੇਖ ਰਿਹਾ ਸੀ ਪਰ ਜਦੋਂ ਉਹ ਖੰਨਾ ਪਹੁੰਚਿਆ ਤਾਂ ਸਟੇਟਸ ਨਜ਼ਰ ਆਉਣਾ ਬੰਦ ਹੋ ਗਿਆ, ਜਿਸ 'ਤੇ ਉਹ ਘਬਰਾ ਗਿਆ। ਜਿਸ ਤੋਂ ਬਾਅਦ ਉਸ ਦੇ ਪੁੱਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ ਜਹਾਜ਼ 'ਚ ਹੀਟ ਐਲਰਜ਼ੀ ਅਤੇ ਅਚਾਨਕ ਸਾਹ ਲੈਣ 'ਚ ਦਿੱਕਤ ਹੋਣ ਕਾਰਨ ਮੌਤ ਹੋ ਗਈ। ਮਨਜੀਤ ਸਿੰਘ ਅਨੁਸਾਰ ਕੈਨੇਡੀਅਨ ਸਰਕਾਰ ਕਹਿ ਰਹੀ ਹੈ ਕਿ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਕਮਲਪ੍ਰੀਤ ਦੀ ਮੌਤ ਦਾ ਕਾਰਨ ਪਤਾ ਲੱਗੇਗਾ।