ਨਵਜੋਤ ਕੌਰ ਸਿੱਧੂ ਦਾ 500 ਕਰੋੜ ਵਾਲਾ ਬਿਆਨ ਕਾਂਗਰਸ ਦੀ ਅੰਦਰੂਨੀ ਭ੍ਰਿਸ਼ਟਾਚਾਰੀ ਦਾ ਸਪਸ਼ਟ ਸਬੂਤ : ਧਾਲੀਵਾਲ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਦੌਰਾਨ ਕਾਂਗਰਸ ਉੱਤੇ ਸਖ਼ਤ ਹਮਲੇ ਕਰਦੇ ਹੋਏ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਾਂਗਰਸ ਵੱਲੋਂ ਲਗਾਏ ਧੱਕੇਸ਼ਾਹੀ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।

By : Gurpiar Thind
ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਦੌਰਾਨ ਕਾਂਗਰਸ ਉੱਤੇ ਸਖ਼ਤ ਹਮਲੇ ਕਰਦੇ ਹੋਏ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਾਂਗਰਸ ਵੱਲੋਂ ਲਗਾਏ ਧੱਕੇਸ਼ਾਹੀ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।
ਉਨ੍ਹਾਂ ਦੱਸਿਆ ਕਿ ਅਸਲ ਗੱਲ ਇਹ ਹੈ ਕਿ ਕਾਂਗਰਸ ਲੋਕਾਂ ਦੀ ਹਮਾਇਤ ਗੁਆ ਚੁੱਕੀ ਹੈ ਅਤੇ ਇਸ ਲਈ ਚੋਣਾਂ ਤੋਂ ਭੱਜ ਰਹੀ ਹੈ। ਧਾਲੀਵਾਲ ਨੇ ਚੈਲੰਜ ਕਰਦੇ ਕਿਹਾ ਕਿ ਕਾਂਗਰਸ ਦੱਸੇ ਕਿ ਬਾਬਾ ਬਕਾਲਾ, ਜੰਡਿਆਲਾ, ਮਜੀਠਾ, ਅਟਾਰੀ ਜਾਂ ਰਾਜਾ ਸਾਂਸੀ ਖੇਤਰ ਵਿੱਚ ਕਿੱਥੇ ਧੱਕੇਸ਼ਾਹੀ ਹੋਈ ਹੈ। “ਜੇ ਕਿਤੇ ਵੀ ਸਾਡੀ ਪਾਰਟੀ, ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਨਾਲ ਜ਼ਬਰਦਸਤੀ ਕੀਤੀ ਗਈ ਹੋਵੇ, ਤਾਂ ਸਪਸ਼ਟ ਸਬੂਤ ਪੇਸ਼ ਕੀਤੇ ਜਾਣ।
ਅਸੀਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਭਿੰਡੀ ਸੈਦਾ ਵਿੱਚ ਹੋਈ ਝੜਪ ਬਾਰੇ ਧਾਲੀਵਾਲ ਨੇ ਕਿਹਾ ਕਿ ਉਥੇ ਲੜਾਈ ਕਾਂਗਰਸ ਵਰਕਰਾਂ ਵੱਲੋਂ ਕੀਤੀ ਗਈ ਸੀ, ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚੇ। ਪਰ ਇਸ ਇੱਕ ਘਟਨਾ ਨੂੰ ਬਹਾਨਾ ਬਣਾ ਕੇ ਪੂਰੀ ਚੋਣ ਪ੍ਰਕਿਰਿਆ ਨੂੰ ਰੱਦ ਕਰਨਾ ਠੀਕ ਨਹੀਂ। ਉਨ੍ਹਾਂ ਕਾਂਗਰਸ ਦੀ ਅੰਦਰੂਨੀ ਸਥਿਤੀ ਉੱਤੇ ਤਿੱਖਾ ਤੰਜ ਕੱਸਦੇ ਕਿਹਾ ਕਿ ਪਾਰਟੀ ਧੜਿਆਂ ਵਿੱਚ ਵੰਡੀ ਹੋਈ ਹੈ ਅਤੇ ਆਪਣੇ ਹੀ ਆਗੂ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਹਨ।
ਧਾਲੀਵਾਲ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੀਐਮ ਦਾ ਚਿਹਰਾ ਬਣਨ ਲਈ 500 ਕਰੋੜ ਰੁਪਏ ਚਾਹੀਦੇ ਹਨ ਉਹਨਾਂ ਕਿਹਾ ਕਿ ਇਹ ਬਿਆਨ ਕਾਂਗਰਸ ਵਿੱਚ ਫੈਲੀ ਕਰਪਸ਼ਨ ਦੀ ਸਭ ਤੋਂ ਵੱਡੀ ਗਵਾਹੀ ਹੈ। ਧਾਲੀਵਾਲ ਨੇ ਦਾਅਵਾ ਕੀਤਾ ਕਿ ਮਾਝਾ ਖੇਤਰ ਵਿੱਚ ਕਾਂਗਰਸ ਦਾ ਅਧਾਰ ਮੁਕ ਚੁੱਕਾ ਹੈ ਅਤੇ ਕਾਂਗਰਸੀ ਉਮੀਦਵਾਰ ਲੱਭਣ ਤੱਕ ਮੁਸ਼ਕਲ ਵਿੱਚ ਹਨ।
ਲੋਕਾਂ ਨੇ ਕਾਂਗਰਸ ਦੀ 75 ਸਾਲਾਂ ਦੀ ਗੁੰਡਾਗਰਦੀ, ਧੋਖੇਬਾਜ਼ੀ ਅਤੇ ਫੁੱਟਬਾਜ਼ੀ ਤੋਂ ਤੰਗ ਆ ਕੇ ਉਸਨੂੰ ਨਕਾਰ ਦਿੱਤਾ ਹੈ ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ, ਧਾਲੀਵਾਲ ਨੇ ਕਿਹਾ ਕਿ ਪਾਰਟੀ ਵਿਕਾਸ ਦੇ ਨਾਂ ‘ਤੇ ਚੋਣ ਲੜੇਗੀ ਅਤੇ ਸਰਕਾਰ ਵੱਲੋਂ ਕੀਤੇ ਕੰਮ ਲੋਕਾਂ ਅੱਗੇ ਰੱਖੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾਵੇ।
ਪ੍ਰੈਸ ਵਾਰਤਾ ਦੇ ਅੰਤ ਵਿੱਚ ਧਾਲੀਵਾਲ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਸੱਚੀ ਨੀਅਤ ਨਾਲ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਹੈ, ਉਸ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਜੋਰ ਦਿੱਤਾ ਕਿ ਪੰਜਾਬ ਵਿੱਚ ਇਸ ਵਾਰ ਸਾਫ਼-ਸੁਥਰੀ ਤੇ ਨਿਰਪੱਖ ਚੋਣ ਹੋ ਰਹੀ ਹੈ ਅਤੇ ਕਾਂਗਰਸ ਦੇ ਝੂਠੇ ਦੋਸ਼ ਲੋਕਾਂ ਨੂੰ ਭਟਕਾਣ ਦੀ ਕੋਸ਼ਿਸ਼ ਮਾਤਰ ਹਨ।


