12 ਸਾਲਾ ਤਨਵੀਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਮਚਾਈ ਤਰਥੱਲੀ, ਛੋਟੀ ਉਮਰ ’ਚ ਵਧਾਇਆ ਮਾਪਿਆ ਦਾ ਮਾਣ
ਅੰਮ੍ਰਿਤਸਰ ਦੇ ਪਿੰਡ ਵਰਿਆਮ ਨੰਗਲ ਦਾ 12 ਸਾਲਾ ਤਨਵੀਰ ਸਿੰਘ ਅੱਜ ਸਿਰਫ਼ ਇੱਕ ਬੱਚਾ ਨਹੀਂ, ਸਗੋਂ ਹਜ਼ਾਰਾਂ ਨੌਜਵਾਨਾਂ ਲਈ ਉਮੀਦ ਦੀ ਕਿਰਣ ਬਣ ਚੁੱਕਾ ਹੈ। ਸੋਸ਼ਲ ਮੀਡੀਆ ’ਤੇ ਉਸ ਦੀਆਂ ਕਸਰਤਾਂ ਅਤੇ ਟ੍ਰੇਨਿੰਗ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਮੀਡੀਆ ਟੀਮ ਪਿੰਡ ਪਹੁੰਚੀ, ਜਿੱਥੇ ਇੱਕ ਸਧਾਰਣ ਘਰ ਦਾ ਬੱਚਾ ਅਸਾਧਾਰਣ ਹੌਸਲੇ ਨਾਲ ਖੜਾ ਨਜ਼ਰ ਆਇਆ।

By : Gurpiar Thind
ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਵਰਿਆਮ ਨੰਗਲ ਦਾ 12 ਸਾਲਾ ਤਨਵੀਰ ਸਿੰਘ ਅੱਜ ਸਿਰਫ਼ ਇੱਕ ਬੱਚਾ ਨਹੀਂ, ਸਗੋਂ ਹਜ਼ਾਰਾਂ ਨੌਜਵਾਨਾਂ ਲਈ ਉਮੀਦ ਦੀ ਕਿਰਣ ਬਣ ਚੁੱਕਾ ਹੈ। ਸੋਸ਼ਲ ਮੀਡੀਆ ’ਤੇ ਉਸ ਦੀਆਂ ਕਸਰਤਾਂ ਅਤੇ ਟ੍ਰੇਨਿੰਗ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਮੀਡੀਆ ਟੀਮ ਪਿੰਡ ਪਹੁੰਚੀ, ਜਿੱਥੇ ਇੱਕ ਸਧਾਰਣ ਘਰ ਦਾ ਬੱਚਾ ਅਸਾਧਾਰਣ ਹੌਸਲੇ ਨਾਲ ਖੜਾ ਨਜ਼ਰ ਆਇਆ। ਬਚਪਨ ਤੋਂ ਹੀ ਅਥਲੀਟ ਬਣਨ ਦਾ ਸੁਪਨਾ ਦੇਖਣ ਵਾਲਾ ਤਨਵੀਰ ਅੱਜ ਆਪਣੀ ਮਿਹਨਤ ਨਾਲ ਉਸ ਸੁਪਨੇ ਵੱਲ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ।
ਤਨਵੀਰ ਹਰ ਰੋਜ਼ ਵਜ਼ਨ ਚੁੱਕਣਾ, ਦੌੜ, ਜੰਪਿੰਗ ਅਤੇ ਜਿਮਨਾਸਟਿਕ ਵਰਗੀਆਂ ਕਠਿਨ ਕਸਰਤਾਂ ਕਰਦਾ ਹੈ। ਇਹ ਸਾਰਾ ਕੁਝ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ, ਸਿਰਫ਼ ਲਗਨ ਅਤੇ ਅਨੁਸ਼ਾਸਨ ਨਾਲ। ਉਸ ਦੀ ਦਾਦੀ ਨਿਰਮਲ ਕੌਰ ਦੀਆਂ ਅੱਖਾਂ ਵਿੱਚ ਮਾਣ ਅਤੇ ਮਮਤਾ ਇਕੱਠੀ ਝਲਕਦੀ ਹੈ। ਉਹ ਕਹਿੰਦੀ ਹੈ ਕਿ ਬੱਚੇ ਨੂੰ ਹੌਲੀ-ਹੌਲੀ ਅੱਗੇ ਵਧਾਇਆ ਗਿਆ, ਕਦੇ ਵੀ ਜ਼ਬਰਦਸਤੀ ਨਹੀਂ ਕੀਤੀ। ਘੱਟ ਵਜ਼ਨ ਤੋਂ ਸ਼ੁਰੂ ਕਰਕੇ ਅੱਜ ਤਨਵੀਰ ਆਪਣੀ ਸਮਰਥਾ ਅਨੁਸਾਰ ਕਠਿਨ ਕਸਰਤਾਂ ਕਰ ਰਿਹਾ ਹੈ।
ਤਨਵੀਰ ਦੇ ਪਿਤਾ ਵਿਕਰਮਜੀਤ ਸਿੰਘ, ਜੋ ਫੌਜ ਤੋਂ ਰਿਟਾਇਰਡ ਹਨ ਅਤੇ ਖੁਦ ਵੀ ਖਿਡਾਰੀ ਰਹੇ ਹਨ, ਕਹਿੰਦੇ ਹਨ ਕਿ ਅਨੁਸ਼ਾਸਨ ਅਤੇ ਰੋਜ਼ਾਨਾ ਦੀ ਰੁਟੀਨ ਹੀ ਕਾਮਯਾਬੀ ਦਾ ਰਸਤਾ ਹੈ। ਉਨ੍ਹਾਂ ਦਾ ਸੁਪਨਾ ਹੈ ਕਿ ਤਨਵੀਰ ਇਕ ਦਿਨ ਨੈਸ਼ਨਲ ਹੀ ਨਹੀਂ, ਇੰਟਰਨੈਸ਼ਨਲ ਪੱਧਰ ’ਤੇ ਵੀ ਦੇਸ਼ ਦਾ ਨਾਂ ਰੌਸ਼ਨ ਕਰੇ। ਦਾਦਾ ਨਿਰਮਲ ਸਿੰਘ ਵੀ ਹਰ ਕਦਮ ’ਤੇ ਪੋਤੇ ਦੇ ਨਾਲ ਖੜੇ ਹਨ ਅਤੇ ਕਹਿੰਦੇ ਹਨ ਕਿ ਮਾਪਿਆਂ ਦਾ ਸਮਾਂ ਅਤੇ ਸਹਿਯੋਗ ਹੀ ਬੱਚਿਆਂ ਦੀ ਸਭ ਤੋਂ ਵੱਡੀ ਪੂੰਜੀ ਹੁੰਦਾ ਹੈ।
ਤਨਵੀਰ ਖੁਦ ਕਹਿੰਦਾ ਹੈ ਮੋਬਾਈਲ ਫੋਨ ਬੱਚਿਆਂ ਦੀ ਸਿਹਤ ਖਰਾਬ ਕਰਦਾ ਹੈ, ਜਦਕਿ ਖੇਡਾਂ ਸਰੀਰ ਤੇ ਮਨ ਦੋਵਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਉਹ ਡੂਨ ਇੰਟਰਨੈਸ਼ਨਲ ਸਕੂਲ ਵਿੱਚ ਛੇਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ 100 ਤੇ 200 ਮੀਟਰ ਦੌੜ ਵਿੱਚ ਅਥਲੀਟ ਬਣਨ ਦਾ ਸੁਪਨਾ ਰੱਖਦਾ ਹੈ।
ਪਿੰਡ ਵਾਸੀ ਮਨਜੀਤ ਸਿੰਘ ਸਮੇਤ ਹੋਰ ਲੋਕਾਂ ਨੇ ਵੀ ਤਨਵੀਰ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਦੁੱਖ ਜਤਾਇਆ ਕਿ ਵਰਿਆਮ ਨੰਗਲ ਵਿੱਚ ਖੇਡ ਮੈਦਾਨ ਨਹੀਂ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਨੂੰ ਇੱਕ ਢੰਗ ਦਾ ਗਰਾਊਂਡ ਦਿੱਤਾ ਜਾਵੇ, ਤਾਂ ਜੋ ਤਨਵੀਰ ਵਰਗੇ ਹੋਰ ਬੱਚੇ ਵੀ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ। ਤਨਵੀਰ ਸਿੰਘ ਅੱਜ ਸਾਬਤ ਕਰ ਰਿਹਾ ਹੈ ਕਿ ਜੇ ਹੌਸਲਾ ਹੋਵੇ, ਤਾਂ ਹਾਲਾਤ ਵੀ ਹਾਰ ਮੰਨ ਲੈਂਦੇ ਹਨ।


