ਕੇਜਰੀਵਾਲ ਨੇ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਮੱਥਾ ਟੇਕਿਆ
ਅੰਮ੍ਰਿਤਸਰ, 17 ਮਈ, ਨਿਰਮਲ : ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਨੇਤਾਵਾਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਹੈ। ਪੰਜਾਬ ਦੌਰੇ ਸਮੇਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਦੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਮੱਥਾ ਟੇਕਿਆ […]
By : Editor Editor
ਅੰਮ੍ਰਿਤਸਰ, 17 ਮਈ, ਨਿਰਮਲ : ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਨੇਤਾਵਾਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਹੈ। ਪੰਜਾਬ ਦੌਰੇ ਸਮੇਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਦੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ।
ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਆਪਣੀਆਂ ਹੋਰ ਚੋਣ ਪ੍ਰਚਾਰ ਪ੍ਰਤੀਬੱਧਤਾਵਾਂ ਕਾਰਨ ਆਪਣਾ ਪੰਜਾਬ ਦਾ ਦੌਰਾ ਛੋਟਾ ਕਰਨਾ ਪਿਆ, ਨੇ ਸਮਾਂ ਕੱਢ ਕੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਅਰਦਾਸ ਕੀਤੀ। ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਅੰਮ੍ਰਿਤਸਰ ਤੋਂ ਲੋਕਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।
ਬੀਤੇ ਕੱਲ੍ਹ ‘ਆਪ’ ਆਗੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ ਸੀ, ਜਿੱਥੇ ਉਨ੍ਹਾਂ ਪ੍ਰਮਾਤਮਾ ਅੱਗੇ ਪੰਜਾਬ ਦੀ ਸ਼ਾਂਤੀ ਅਤੇ ਸਾਡੇ ਦੇਸ਼ ਨੂੰ ਮੁੜ ਸਹੀ ਰਸਤੇ ਤੇ ਲਿਆਉਣ ਦੀ ਅਰਦਾਸ ਕੀਤੀ। ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ‘ਆਪ’ ਸਮਰਥਕ ਵੀ ਮੌਜੂਦ ਸਨ।
ਦੱਸਦੇ ਚਲੀਏ ਕਿ ਇਸ ਤੋਂ ਪਹਿਲਾਂਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾਂ ਦੌਰੇ ਦੌਰਾਨ ਸਿਰਫ਼ ਅੰਮ੍ਰਿਤਸਰ ਵਿੱਚ ਹੀ ਰੁਕੇ। ਉਹ ਵੀਰਵਾਰ ਦੁਪਹਿਰ 2 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚੇ। ਇਸ ਤੋਂ ਬਾਅਦ ਉਹ ਸਿੱਧੇ ਹੋਟਲ ਗਏ ਅਤੇ ਉਥੋਂ ਮੱਥਾ ਟੇਕਣ ਲਈ ਹਰਿਮੰਦਰ ਸਾਹਿਬ ਪਹੁੰਚੇ। ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣ ਤੀਰਥ ਦੇ ਵੀ ਦਰਸ਼ਨ ਕੀਤੇ। ਸ਼ਾਮ ਕਰੀਬ 6 ਵਜੇ ਰੋਡ ਸ਼ੋਅ ਵੀ ਕੱਢਿਆ ਗਿਆ। ਇਹ ਰੋਡ ਸ਼ੋਅ ਵਾਲ ਸਿਟੀ ਦੇ ਅੰਦਰ ਹੀ ਕੱਢਿਆ ਗਿਆ। ਜਿੱਥੇ ਉਹ ਲਾਹੌਰੀ ਗੇਟ ਤੋਂ ਰਵਾਨਾ ਹੋ ਕੇ ਸ਼ਕਤੀ ਨਗਰ ਪਹੁੰਚੇ।
ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਰਾਤ ਠਹਿਰੇ। ਜਿੱਥੇ ਰਾਤ ਨੂੰ ਉਨ੍ਹਾਂ ਨੇ ‘ਆਪ’ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕੀਤੀ। ਮੀਟਿੰਗ ਵਿੱਚ ਉਨ੍ਹਾਂ ਪੰਜਾਬ ਦੀਆਂ 13 ਸੀਟਾਂ ਦੇ ਸਮੀਕਰਨ ਬਣਾਏ ਅਤੇ ਦਿੱਲੀ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਮੁੜ ਪੰਜਾਬ ਆਉਣ ਦੀ ਯੋਜਨਾ ਬਣਾਈ ਹੈ।
ਇਹ ਖ਼ਬਰ ਵੀ ਪੜ੍ਹੋ
ਸਰਹੱਦੀ ਸੂਬੇ ਵਿੱਚ ਆਗਾਮੀ ਲੋਕ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਦੇ ਉਦੇਸ਼ ਅਤੇ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ਵਿੱਚ ਕਾਨੂੰਨ ਵਿਵਸਥਾ ਬਰਕਾਰ ਰੱਖਣ ਵਾਸਤੇ 80 ਫੀਸਦੀ ਪੁਲਿਸ ਬਲ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਕੇਂਦਰੀ ਬਲਾਂ ਦੀਆਂ ਘੱਟੋ-ਘੱਟ 225 ਹੋਰ ਕੰਪਨੀਆਂ ਜਲਦੀ ਹੀ ਸੂਬੇ ਵਿੱਚ ਪਹੁੰਚ ਜਾਣਗੀਆਂ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਅੱਜ ਇੱਥੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦਿੱਤੀ।
ਸਪੈਸ਼ਲ ਡੀਜੀਪੀ ਜੋ ਕਿ ਅੱਜ ਅੰਮ੍ਰਿਤਸਰ ਅਤੇ ਜਲੰਧਰ ਦੇ ਦੌਰੇ ’ਤੇ ਸਨ, ਨੇ ਆਮ ਸੰਸਦੀ ਚੋਣਾਂ-2024 ਦੀਆਂ ਤਿਆਰੀਆਂ ਅਤੇ ਇਸ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੋਵੇਂ ਬਾਰਡਰ ਰੇਂਜਾਂ ਦੇ ਆਈਜੀਪੀ/ਡੀਆਈਜੀ, ਸੀਪੀਜ਼ ਅਤੇ ਐਸਐਸਪੀਜ਼ ਨਾਲ ਰੇਂਜ ਪੱਧਰੀ ਮੀਟਿੰਗਾਂ ਕੀਤੀਆਂ। ਅੰਮ੍ਰਿਤਸਰ ਦੀ ਮੀਟਿੰਗ ਵਿੱਚ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਰਾਕੇਸ਼ ਕੁਮਾਰ ਕੌਸ਼ਲ ਅਤੇ ਕਮਿਸ਼ਨਰ ਆਫ਼ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਹਾਜ਼ਰ ਸਨ, ਜਦੋਂ ਕਿ ਜਲੰਧਰ ਰੇਂਜ ਦੀ ਮੀਟਿੰਗ ਵਿੱਚ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਐਸ ਬੂਪਤੀ ਅਤੇ ਸੀਪੀ ਜਲੰਧਰ ਸਵਪਨ ਸ਼ਰਮਾ ਹਾਜ਼ਰ ਸਨ।
ਸੂਬੇ ਵਿੱਚ ਸਕਾਰਾਤਮਕ ਮਾਹੌਲ ਸਿਰਜਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਪੇਸ਼ੇਵਰ ਪੁਲਿਸਿੰਗ ਕਰਨ ਅਤੇ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਾ ਦੇਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਅਧਿਕਾਰੀਆਂ ਨੂੰ ਸੂਬੇ ਵਿੱਚ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੀ ਆਮਦ ਨੂੰ ਰੋਕਣ ਲਈ ਸੂਬੇ ਵਿੱਚ ਆਉਣ-ਜਾਣ ਵਾਲੇ ਵਾਹਨਾਂ ਖਾਸ ਕਰਕੇ ਵਪਾਰਕ ਵਾਹਨਾਂ ਦੀ ਚੈਕਿੰਗ ਤੇਜ਼ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਘਿਨਾਉਣੇ ਅਪਰਾਧਾਂ, ਨਸ਼ਾ ਤਸਕਰੀ ਅਤੇ ਲੁੱਟ-ਖੋਹ ਵਿੱਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਵਿਸ਼ੇਸ਼ ਉਪਰਾਲੇ ਕਰਨ ਦੇ ਨਾਲ-ਨਾਲ ਚੋਣਾਂ ਨਾਲ ਸਬੰਧਤ ਅਪਰਾਧਾਂ ਦੇ ਮਾਮਲਿਆਂ ਦੀ ਜਾਂਚ ਅਤੇ ਮੁਕੱਦਮੇ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ 5.45 ਕਰੋੜ ਰੁਪਏ ਦੀ ਨਕਦੀ, 11.49 ਲੱਖ ਲੀਟਰ ਸ਼ਰਾਬ ਅਤੇ 99.62 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਜ਼ਿਕਰਯੋਗ ਹੈ ਕਿ ਸਪੈਸ਼ਲ ਡੀਜੀਪੀ ਨੇ ਆਮ ਪੋਲਿੰਗ ਬੂਥਾਂ ਅਤੇ ਨਾਜ਼ੁਕ ਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ ’ਤੇ ਬਲਾਂ ਦੀ ਤਾਇਨਾਤੀ ਸਬੰਧੀ ਨਿਯਮਾਂ ਬਾਰੇ ਵੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਉਮੀਦਵਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਸਬੰਧੀ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ।