ਇਟਲੀ ਦਾ ਮਸ਼ਹੂਰ ਕਾਰਟੂਨਿਸਟ ਪੰਜਾਬੀ ਕਾਮਿਆਂ ਦੇ ਹੱਕ ਵਿੱਚ
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) -ਨਿਰਮਲ- ਬੀਤੇ ਚਾਰ ਮਹੀਨਿਆਂ ਤੋਂ ਪ੍ਰੋਸੂਸ ਮੀਟ ਦੀ ਫੈਕਟਰੀ,ਵੇਸਕੋਵਾਤੋ,ਕਰੇਮੋਨਾ ਵਿੱਚੋਂ ਕੰਮ ਤੋਂ ਕੱਢੇ ਗਏ 60 ਪੰਜਾਬੀ ਕਾਮਿਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਉਸ ਵੇਲੇ ਬਹੁਤ ਵੱਡਾ ਬਲ ਮਿਲਿਆ ਜਦੋਂ ਇਟਲੀ ਦਾ ਬਹੁਤ ਹੀ ਮਸ਼ਹੂਰ ਕਾਰਟੂਨਿਸਟ ਅਤੇ ਐਨੀਮੇਸ਼ਨ ਸੀਰੀਜ ‘ਸਤਰਾਪਾਰੇ ਲੂੰਗੋ ਈ ਬੌਰਦੀ ਦਾ ਨਿਰਮਾਤਾ ‘ਜੈਰੋਕਲਕਾਰੇ’ ਦੇ ਨਾਮ ਨਾਲ ਮਸ਼ਹੂਰ […]
By : Editor Editor
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) -ਨਿਰਮਲ- ਬੀਤੇ ਚਾਰ ਮਹੀਨਿਆਂ ਤੋਂ ਪ੍ਰੋਸੂਸ ਮੀਟ ਦੀ ਫੈਕਟਰੀ,ਵੇਸਕੋਵਾਤੋ,ਕਰੇਮੋਨਾ ਵਿੱਚੋਂ ਕੰਮ ਤੋਂ ਕੱਢੇ ਗਏ 60 ਪੰਜਾਬੀ ਕਾਮਿਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਉਸ ਵੇਲੇ ਬਹੁਤ ਵੱਡਾ ਬਲ ਮਿਲਿਆ ਜਦੋਂ ਇਟਲੀ ਦਾ ਬਹੁਤ ਹੀ ਮਸ਼ਹੂਰ ਕਾਰਟੂਨਿਸਟ ਅਤੇ ਐਨੀਮੇਸ਼ਨ ਸੀਰੀਜ ‘ਸਤਰਾਪਾਰੇ ਲੂੰਗੋ ਈ ਬੌਰਦੀ ਦਾ ਨਿਰਮਾਤਾ ‘ਜੈਰੋਕਲਕਾਰੇ’ ਦੇ ਨਾਮ ਨਾਲ ਮਸ਼ਹੂਰ ‘ਮੀਕੇਲੇ ਰੈਕ’ ਉਹਨਾਂ ਦੇ ਹੱਕ ਵਿੱਚ ਆ ਨਿਤਰਿਆ।
ਯੂਐਸਬੀ ਸੰਸਥਾ ਵੱਲੋਂ ਕਾਮਿਆਂ ਦੇ ਹੱਕ ਵਿੱਚ ਰੱਖੇ ਇਕੱਠ ਵਿੱਚ ਬੀਤੀ 28 ਫਰਵਰੀ ਨੂੰ ਮਸ਼ਹੂਰ ਕਾਰਟੂਨਿਸਟ ਦੁਪਹਿਰ ਢਾਈ ਵਜੇ ‘ਪ੍ਰੋਸੂਸ’ ਫੈਕਟਰੀ ਦੇ ਬਾਹਰ ਪਹੁੰਚਿਆ। ਇਥੇ ਲੋਕਾਂ ਦਾ ਭਾਰੀ ਇਕੱਠ ਹੋਇਆ।ਜਿਸ ਵਿੱਚ ਕਿ ਉਸਦੇ ਫੈਨ ਵੀ ਸ਼ਾਮਿਲ ਸਨ ’ਜੈਰੋਕਲਕਾਰੇ’ ਨੇ ਇਕੱਠ ਵਿੱਚ ਬੋਲਦਿਆਂ ਕਿਹਾ ਕਿ ਉਹ ਇਹਨਾਂ ਕਾਮਿਆਂ ਦੇ ਹੱਕ ਵਿੱਚ ਇੱਕਜੁੱਟਤਾ ਦਿਖਾਉਣ ਲਈ ਇੱਥੇ ਆਇਆ ਹੈ ਅਤੇ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਸਭ ਨੂੰ ਇਹਨਾਂ ਕਾਮਿਆਂ ਦਾ ਸਾਥ ਦੇਣਾ ਚਾਹੀਦਾ ਹੈ। ਉਸਨੇ ਅੱਗੇ ਕਿਹਾ ਕਿ ਉਹ ’ਸਿਸਤੇਮਾ ਦੇਈ ਅਪਾਲਤੀ’ ਦੇ ਖਿਲਾਫ ਹੈ। ਜਿਸ ਵਿਚ ਵੱਖ-ਵੱਖ ਕੋਪਰਤੀਵੇ ਬਣਾ ਕੇ ਬੰਦਿਆਂ ਨੂੰ ਕੰਮ ਤੇ ਰੱਖਿਆ ਜਾਂਦਾ ਹੈ ਅਤੇ ਕੋਪਰਤੀਵੇ ਬਦਲ ਕੇ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਸਹੀ ਰੇਟ ਨਹੀਂ ਮਿਲਦਾ ਅਤੇ ਉਹਨਾਂ ਦੇ ਹੱਕ ਮਾਰੇ ਜਾਂਦੇ ਹਨ। ਇਹ ਸਿਸਟਮ ਮਜ਼ਦੂਰਾਂ ਦੀ ਬਜਾਏ ਫੈਕਟਰੀ ਮਾਲਕਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ। ਇਸ ਤੋਂ ਬਾਅਦ ਸ਼ਾਮ 5:30 ਵਜੇ ਕਰੇਮੋਨਾ ਦੇ ਕੋਰਤੀਲੇ ਫੈਦੇਰੀਕੋ ਦੂਏ ਵਿਖੇ ਵੀ ਭਾਰਾ ਇਕੱਠ ਕੀਤਾ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਇਟਾਲੀਅਨ ਲੋਕਾਂ ਨੇ ਸ਼ਮੂਲੀਅਤ ਕੀਤੀ।
ਯੂਐਸਬੀ ਸੰਸਥਾ ਵੱਲੋਂ ਬੁਲਾਰਿਆਂ ਨੇ ਕਾਮਿਆਂ ਦੇ ਹੱਕ ਵਿੱਚ ਭਾਸ਼ਣ ਦਿੱਤੇ ਅਤੇ ’ਜੈਰੋਕਲਕਾਰੇ’ ਨਾਲ ਵੀ ਖੁੱਲੀ ਗੱਲਬਾਤ ਕੀਤੀ ਗਈ। ਕੰਮ ਤੋਂ ਕੱਢੇ ਗਏ ਵੀਰਾਂ ਵੱਲੋਂ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬੀਤੀ 13 ਫਰਵਰੀ ਨੂੰ ਸਵੇਰ ਦੇ ਢਾਈ ਵਜੇ ਭਾਰੀ ਪੁਲਿਸ ਫੋਰਸ ਨਾਲ ਉਹਨਾਂ ਨੂੰ ਜਬਰਦਸਤੀ ਫੈਕਟਰੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਲੇਕਿਨ ਇਲੈਕਟਰੋਨਿਕ ਹਥਿਆਰਾ ਨਾਲ ਲੈਸ ਪੁਲਿਸ ਨੇ ਉਹਨਾਂ ਨੂੰ ਫੈਕਟਰੀ ਦੇ ਮੇਨ ਗੇਟ ਤੋਂ ਬਾਹਰ ਕੱਢ ਦਿੱਤਾ ਸੀ। ਉਸ ਦਿਨ ਤੋਂ ਇਹ ਵੀਰ ਲਗਾਤਾਰ ਫੈਕਟਰੀ ਦੇ ਬਾਹਰ ਧਰਨੇ ਤੇ ਬੈਠੇ ਹੋਏ ਹਨ।ਇਸ ਘਟਨਾ ਤੋਂ ਬਾਅਦ ਉਹਨਾਂ ਦੀ ਆਵਾਜ਼ ਦੁਬਾਰਾ ਵੀ ਪਾਰਲੀਮੈਂਟ ਵਿੱਚ ਵੀ ਗੂੰਜ ਚੁੱਕੀ ਹੈ।
ਉਹਨਾਂ ਨੇ ਦੱਸਿਆ ਕਿ ਪਹਿਲਾਂ ਉਹ ਫੈਕਟਰੀ ਦੇ ਅੰਦਰ ਬੈਠ ਕੇ ਇਹ ਲੜਾਈ ਲੜ ਰਹੇ ਸਨ ਅਤੇ ਹੁਣ ਉਹਨਾਂ ਦੀ ਲੜਾਈ ਬਾਹਰ ਰਹਿ ਕੇ ਰਾਜਨੀਤਕ ਤੌਰ ਤੇ ਵੀ ਲੜੀ ਜਾ ਰਹੀ ਹੈ। ਜਿਸ ਵਿੱਚ ’ਜੈਰੋਕਲਕਾਰੇ’ ਦੇ ਪਹੁੰਚਣ ਨਾਲ ਅਤੇ ਉਹਨਾਂ ਦੇ ਹੱਕ ਵਿੱਚ ਦਿੱਤੀ ਸਪੀਚ ਨਾਲ ਉਹਨਾਂ ਦੇ ਸੰਘਰਸ਼ ਨੂੰ ਹੋਰ ਵੀ ਬਲ ਮਿਲਿਆ ਹੈ ਅਤੇ ਉਹਨਾਂ ਦਾ ਮਨੋਬਲ ਹੋਰ ਵੀ ਉੱਚਾ ਹੋਇਆ ਹੈ। ਪੰਜਾਬੀ ਵੀਰਾਂ ਨੇ ਦੱਸਿਆ ਕਿ ਉਹ ਚੜਦੀ ਕਲਾ ਵਿੱਚ ਹਨ ਅਤੇ ਉਹ ਉਹਨਾਂ ’ਤੇ ਹੋਏ ਇਸ ਜ਼ੁਲਮ ਦੇ ਖਿਲਾਫ ਲੜਾਈ ਜਿੱਤਣ ਤੱਕ ਲੜਦੇ ਰਹਿਣਗੇ, ਜਦੋਂ ਤੱਕ ਕਿ ਉਹਨਾਂ ਨੂੰ ਆਪਣੇ ਕੰਮਾਂ ਤੇ ਵਾਪਸ ਨਹੀਂ ਰੱਖਿਆ ਜਾਂਦਾ,ਕਿਉਂਕਿ ਹੁਣ ਇਸ ਲੜਾਈ ਵਿੱਚ ਇਟਾਲੀਆ ਭਾਈਚਾਰਾ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਉਹਨਾਂ ਦੀ ਸੰਸਥਾ ਯੂਐਸਬੀ ਦੇ ਸਹਿਯੋਗ ਨਾਲ ਕਰੇਮੋਨਾ ਸ਼ਹਿਰ ਅਤੇ ਵੱਖ-ਵੱਖ ਪਿਆਸਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜਿਸ ਨਾਲ ਕਿ ਇਸ ਸਿਸਟਮ ਨਾਲ ਰੱਖੇ ਜਾਂਦੇ ਮਜਦੂਰ ਅਤੇ ਉਹਨਾਂ ਦੇ ਹੱਕਾਂ ਤੇ ਪੈਂਦੇ ਡਾਕਿਆਂ ਤੇ ਲਗਾਮ ਲੱਗ ਸਕੇਗੀ।