Begin typing your search above and press return to search.

ਡੇਰਾ ਸਿਰਸਾ ਕੋਲ ਅਰਬਾਂ ਦੀ ਪ੍ਰਾਪਰਟੀ, ਨਵੀਂ ਸੈਟਿੰਗ ’ਚ ਲੱਗਿਆ ਰਾਮ ਰਹੀਮ

ਕਤਲ ਅਤੇ ਯੌਨ ਸੋਸ਼ਣ ਮਮਾਲੇ ਵਿਚ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਦੇ ਦਿੱਤੀ ਗਈ ਐ, ਜਿਸ ਤੋਂ ਬਾਅਦ ਉਹ ਸਿੱਧੇ ਡੇਰਾ ਸਿਰਸਾ ਦੇ ਹੈੱਡ ਕੁਆਟਰ ਸਿਰਸਾ ਵਿਖੇ ਪਹੁੰਚ ਗਏ, ਜਿਸ ’ਤੇ ਸਾਰੇ ਹੈਰਾਨ ਰਹਿ ਗਏ ਕਿਉਂਕਿ ਪੈਰੋਲ ਜਾਂ ਫਰਲੋ ਮਿਲਣ ’ਤੇ ਉਹ ਹਰ ਵਾਰ ਯੂਪੀ ਦੇ ਬਾਗ਼ਪਤ ਡੇਰੇ ਵਿਚ ਜਾਂਦੇ ਸੀ।

ਡੇਰਾ ਸਿਰਸਾ ਕੋਲ ਅਰਬਾਂ ਦੀ ਪ੍ਰਾਪਰਟੀ, ਨਵੀਂ ਸੈਟਿੰਗ ’ਚ ਲੱਗਿਆ ਰਾਮ ਰਹੀਮ
X

Makhan shahBy : Makhan shah

  |  30 Jan 2025 12:46 PM IST

  • whatsapp
  • Telegram

ਚੰਡੀਗੜ੍ਹ : ਕਤਲ ਅਤੇ ਯੌਨ ਸੋਸ਼ਣ ਮਮਾਲੇ ਵਿਚ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਦੇ ਦਿੱਤੀ ਗਈ ਐ, ਜਿਸ ਤੋਂ ਬਾਅਦ ਉਹ ਸਿੱਧੇ ਡੇਰਾ ਸਿਰਸਾ ਦੇ ਹੈੱਡ ਕੁਆਟਰ ਸਿਰਸਾ ਵਿਖੇ ਪਹੁੰਚ ਗਏ, ਜਿਸ ’ਤੇ ਸਾਰੇ ਹੈਰਾਨ ਰਹਿ ਗਏ ਕਿਉਂਕਿ ਪੈਰੋਲ ਜਾਂ ਫਰਲੋ ਮਿਲਣ ’ਤੇ ਉਹ ਹਰ ਵਾਰ ਯੂਪੀ ਦੇ ਬਾਗ਼ਪਤ ਡੇਰੇ ਵਿਚ ਜਾਂਦੇ ਸੀ। ਡੇਰਾ ਮੈਨੇਜਮੈਂਟ ਦਾ ਕਹਿਣਾ ਏ ਕਿ ਰਾਮ ਰਹੀਮ ਨੂੰ ਸਿਰਸਾ ਆਉਣ ਦੀ ਪ੍ਰਮਿਸ਼ਨ ਨਹੀਂ ਸੀ ਮਿਲਦੀ, ਇਸ ਵਾਰ ਵੀ ਉਹ ਇੱਥੇ ਸਿਰਫ਼ 10 ਦਿਨ ਤੱਕ ਹੀ ਰਹਿ ਸਕਣਗੇ,, ਪਰ ਡੇਰੇ ਦੇ ਕਰੀਬੀਆਂ ਤੋਂ ਪਤਾ ਚੱਲਿਆ ਏ ਕਿ ਡੇਰਾ ਸਿਰਸਾ ਆਉਣ ਦੇ ਕਾਰਨਾਂ ਵਿਚ ਡੇਰੇ ਦੀ ਅਰਬਾਂ ਦੀ ਪ੍ਰਾਪਰਟੀ ਅਤੇ ਡੇਰਾ ਮੈਨੇਜਮੈਂਟ ਅਤੇ ਕੁੱਝ ਪਰਿਵਾਰਕ ਵਿਵਾਦ ਸ਼ਾਮਲ ਨੇ,, ਦੇਖੋ ਸਾਡੀ ਇਹ ਖ਼ਾਸ ਰਿਪੋਰਟ।


ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਾਢੇ 7 ਸਾਲ ਵਿਚ 12ਵੀਂ ਵਾਰ ਪੈਰੋਲ ਜਾਂ ਫਰਲੋ ਮਿਲ ਚੁੱਕੀ ਐ। ਇਸ ਤੋਂ ਪਹਿਲਾਂ ਉਹ 11 ਵਾਰ ਉਤਰ ਪ੍ਰਦੇਸ਼ ਦੇ ਬਾਗ਼ਪਤ ਵਿਚ ਜਾ ਕੇ ਰਹਿੰਦੇ ਸੀ। ਕਿਹਾ ਜਾ ਰਿਹਾ ਏ ਕਿ ਇਸ ਤੋਂ ਡੇਰੇ ਦੇ ਸ਼ਰਧਾਲੂ ਕਾਫ਼ੀ ਜ਼ਿਆਦਾ ਨਾਰਾਜ਼ ਸਨ ਕਿ ਉਹ ਡੇਰਾ ਸਿਰਸਾ ਵਿਖੇ ਕਿਉਂ ਨਹੀਂ ਆਉਂਦੇ। ਸ਼ਰਧਾਲੂਆਂ ਵਿਚ ਚਰਚਾ ਚੱਲ ਰਹੀ ਸੀ ਕਿ ਜਦੋਂ ਕਤਲ ਅਤੇ ਯੌਨ ਸੋਸ਼ਣ ਵਰਗੇ ਸੰਗੀਨ ਕੇਸਾਂ ਵਿਚ ਉਮਰਕੈਦ ਹੋਣ ਦੇ ਬਾਵਜੂਦ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਮਿਲ ਰਹੀ ਐ, ਫਿਰ ਸਿਰਸਾ ਡੇਰੇ ਵਿਚ ਆਉਣ ਤੋਂ ਉਨ੍ਹਾਂ ਨੂੰ ਕਿਹੜੀ ਤਾਕਤ ਰੋਕ ਰਹੀ ਐ।


ਕੁੱਝ ਸ਼ਰਧਾਲੂ ਇਹ ਸਮਝਦੇ ਸੀ ਕਿ ਸ਼ਾਇਦ ਰਾਮ ਰਹੀਮ ਜਾਣਬੁੱਝ ਕੇ ਸਿਰਸਾ ਡੇਰੇ ਵਿਚ ਨਹੀਂ ਆ ਰਹੇ। ਜਾਣਕਾਰੀ ਅਨੁਸਾਰ ਜਦੋਂ ਇਸ ਦੀ ਭਿਣਕ ਰਾਮ ਰਹੀਮ ਨੂੰ ਲੱਗੀ ਤਾਂ ਉਨ੍ਹਾਂ ਝੱਟ ਡੇਰਾ ਸਿਰਸਾ ਦਾ ਰੁਖ਼ ਕਰ ਲਿਆ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਸ਼ਰਧਾਲੂਆਂ ਦਾ ਆਧਾਰ ਕਮਜ਼ੋਰ ਨਾ ਪੈ ਜਾਵੇ। ਇਸ ਦੇ ਨਾਲ ਹੀ ਡੇਰੇ ਦੀ ਜਾਇਦਾਦ ਦਾ ਚੱਕਰ ਵੀ ਦੱਸਿਆ ਜਾ ਰਿਹਾ ਏ, ਜਿਸ ਨੂੰ ਲੈ ਕੇ ਰਾਮ ਰਹੀਮ ਇਸ ਵਾਰ ਡੇਰਾ ਸਿਰਸਾ ਵਿਚ 10 ਦਿਨ ਤੱਕ ਰਹਿਣਗੇ।


ਹੁਣ ਜੇਕਰ ਡੇਰਾ ਸਿਰਸਾ ਦੀ ਪ੍ਰਾਪਰਟੀ ਦੀ ਗੱਲ ਕੀਤੀ ਜਾਵੇ ਤਾਂ ਸਾਲ 2017 ਵਿਚ ਹਰਿਆਣਾ ਸਰਕਾਰ ਨੇ ਡੇਰੇ ਦੀ ਪ੍ਰਾਪਰਟੀ ਸਬੰਧੀ ਡਿਟੇਲ ਤਿਆਰ ਕੀਤੀ ਸੀ, ਜਿਸ ਵਿਚ ਡੇਰੇ ਦੀ 1453 ਕਰੋੜ ਦੀ ਪ੍ਰਾਪਰਟੀ ਦਿਖਾਈ ਗਈ ਸੀ। ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੀ ਸੌਂਪੀ ਗਈ ਸੀ। ਨਾਲ ਇਹ ਵੀ ਕਿਹਾ ਗਿਆ ਸੀ ਕਿ ਪੂਰੇ ਦੇਸ਼ ਵਿਚ ਡੇਰੇ ਦੀ 1600 ਕਰੋੜ ਦੀ ਜਾਇਦਾਦ ਮੌਜੂਦ ਐ। ਸਰਕਾਰ ਨੇ ਇਹ ਵੀ ਆਖਿਆ ਸੀ ਕਿ ਇਸ ਦੀ ਕੀਮਤ ਇਸ ਤੋਂ ਡੇਢ ਗੁਣਾ ਜ਼ਿਆਦਾ ਵੀ ਹੋ ਸਕਦੀ ਐ। ਦਰਅਸਲ ਹਰਿਆਣਾ ਤੋਂ ਇਲਾਵਾ ਰਾਜਸਥਾਨ ਦੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਉਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ ਵਿਚ ਵੀ ਡੇਰੇ ਦੀ ਪ੍ਰਾਪਰਟੀ ਮੌਜੂਦ ਐ।


ਇਸ ਤੋਂ ਇਲਾਵਾ ਡੇਰੇ ਕੋਲ ਸਿਰਸਾ ਨਾਥੂਸਰੀ ਚੌਪਟਾ ਭਾਦਰਾ ਰੋਡ ’ਤੇ 900 ਏਕੜ ਤੋਂ ਜ਼ਿਆਦਾ ਬੇਸ਼ਕੀਮਤੀ ਜ਼ਮੀਨ ਐ। ਇਸ ਦੇ ਨਾਲ ਹੀ ਫਾਈਵ ਸਟਾਰ ਹੋਟਲ, ਇਕ ਸਿਨੇਮਾ ਹਾਲ, ਇਕ ਮਲਟੀ ਸਪੈਸ਼ਲਿਟੀ ਹਸਪਤਾਲ, 8 ਸਿੱਖਿਆ ਸੰਸਥਾਵਾਂ, ਇਕ ਸ਼ਾਪਿੰਗ ਮਾਲ, ਇਕ ਕ੍ਰਿਕਟ ਸਟੇਡੀਅਮ, ਆਲੀਸ਼ਾਨ ਘਰ ਅਤੇ 30 ਉਦਯੋਗਿਕ ਇਕਾਈਆਂ ਵੀ ਡੇਰੇ ਦੀ ਪ੍ਰਾਪਰਟੀ ਵਿਚ ਸ਼ਾਮਲ ਨੇ। ਜੋ ਕੋਈ ਵੀ ਡੇਰੇ ਦੀ ਗੱਦੀ ’ਤੇ ਬੈਠਦਾ ਏ, ਇਹ ਸਾਰੀ ਪ੍ਰਾਪਰਟੀ ਉਸੇ ਵਿਅਕਤੀ ਦੇ ਅਧੀਨ ਹੁੰਦੀ ਐ। ਇਸ ਪ੍ਰਾਪਰਟੀ ਦੀ ਪੂਰੀ ਦੇਖਰੇਖ ਸਾਰੀ ਸਿਰਸਾ ਹੈੱਡ ਕੁਆਟਰ ਵੱਲੋਂ ਕੀਤੀ ਜਾਂਦੀ ਐ। ਇਸ ਪ੍ਰਾਪਰਟੀ ਨੂੰ ਲੈ ਕੇ ਵੀ ਰਾਮ ਰਹੀਮ ਇਸ ਵਾਰ ਡੇਰਾ ਮੈਨੇਜਮੈਂਟ ਦੇ ਨਾਲ ਗੱਲਬਾਤ ਕਰ ਸਕਦਾ ਏ।


ਦਰਅਸਲ ਜਦੋਂ ਤੋਂ ਰਾਮ ਰਹੀਮ ਜੇਲ੍ਹ ਗਿਆ ਏ, ਉਸ ਤੋਂ ਬਾਅਦ ਡੇਰੇ ਵਿਚ ਤਿੰਨ ਗਰੁੱਪ ਬਣ ਗਏ, ਜਿਸ ਵਿਚ ਪਹਿਲਾ ਗਰੁੱਪ ਡੇਰਾ ਮੈਨੇਜਮੈਂਟ ਕਮੇਟੀ, ਦੂਜਾ ਰਾਮ ਰਹੀਮ ਦਾ ਪਰਿਵਾਰ ਅਤੇ ਤੀਜਾ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦਾ ਹੈ। ਡੇਰਾ ਕਮੇਟੀ ਨਾਲ ਵਿਵਾਦ ਹੋਣ ਮਗਰੋਂ ਰਾਮ ਰਹੀਮ ਦਾ ਪਰਿਵਾਰ ਤਾਂ ਵਿਦੇਸ਼ ਚਲਾ ਗਿਆ ਸੀ। ਰਾਮ ਰਹੀਮ ਦੀਆਂ ਦੋਵੇਂ ਬੇਟੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਕੌਰ ਪਹਿਲਾਂ ਹੀ ਲੰਡਨ ਚਲੀਆਂ ਗਈਆਂ ਸੀ। ਕਰੀਬ ਦੋ ਸਾਲ ਪਹਿਲਾਂ ਰਾਮ ਰਹੀਮ ਦਾ ਬੇਟਾ ਜਸਮੀਤ ਵੀ ਪਰਿਵਾਰ ਸਮੇਤ ਲੰਡਨ ਚਲਾ ਗਿਆ ਸੀ।

ਉਸ ਸਮੇਂ ਇਹ ਚਰਚਾ ਚੱਲ ਰਹੀ ਸੀ ਕਿ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦਾ ਡੇਰੇ ਦੇ ਸੰਚਾਲਨ ਨੂੰ ਲੈ ਕੇ ਹਨੀਪ੍ਰੀਤ ਦੇ ਨਾਲ ਵਿਵਾਦ ਹੋਇਆ ਸੀ। ਇਹ ਵੀ ਸੁਣਨ ਵਿਚ ਆਇਆ ਸੀ ਕਿ ਰਾਮ ਰਹੀਮ ਦੇ ਜੇਲ੍ਹ ਜਾਣ ’ਤੇ ਡੇਰੇ ਦੇ ਨਾਂਅ ’ਤੇ ਚੰਦਾ ਇਕੱਠਾ ਕੀਤਾ ਜਾ ਰਿਹਾ ਏ, ਜਿਸ ਤੋਂ ਬਾਅਦ ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਸਪੱਸ਼ਟੀਕਰਨ ਪੇਸ਼ ਕੀਤਾ ਸੀ ਕਿ ਉਨ੍ਹਾਂ ਦੇ ਨਾਂਅ ਦੀ ਦੁਰਵਰਤੋਂ ਕੀਤੀ ਜਾ ਰਹੀ ਐ।


ਉਂਝ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਰਾਮ ਰਹੀਮ ਦੇ ਜੇਲ੍ਹ ਜਾਣ ਅਤੇ ਪਰਿਵਾਰ ਦੇ ਵਿਦੇਸ਼ ਜਾਣ ਤੋਂ ਬਾਅਦ ਡੇਰੇ ਵਿਚ ਹਨੀਪ੍ਰੀਤ ਦੀ ਦਖ਼ਲਅੰਦਾਜ਼ੀ ਕਾਫ਼ੀ ਜ਼ਿਆਦਾ ਵਧ ਗਈ ਐ, ਜਿਸ ਕਰਕੇ ਮੈਨੇਜਮੈਂਟ ਕਮੇਟੀ ਦੇ ਨਾਲ ਵਿਵਾਦ ਹੋ ਰਿਹਾ ਸੀ। ਹਨੀਪ੍ਰੀਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਐ, ਜਿਸ ਕਰਕੇ ਮੈਨੇਜਮੈਂਟ ਕਮੇਟੀ ਦੇ ਅੰਦਰ ਵੀ ਬੇਭਰੋਸਗੀ ਪੈਦਾ ਹੋ ਰਹੀ ਸੀ। ਇਸ ਵਿਵਾਦ ਦੇ ਚਲਦਿਆਂ ਰਾਮ ਰਹੀਮ ਨੇ ਜੇਲ੍ਹ ਵਿਚੋਂ ਚਿੱਠੀਆਂ ਵੀ ਲਿਖੀਆਂ ਸੀ ਕਿ ਉਹ ਹੀ ਡੇਰਾ ਦਾ ਗੁਰੂ ਐ, ਪਰ ਮੈਨੇਜਮੈਂਟ ਕਮੇਟੀ ਦੇ ਨਾਲ ਸਿੱਧੀ ਗੱਲਬਾਤ ਨਹੀਂ ਹੋ ਸਕੀ। ਹੁਣ ਡੇਰਾ ਸਿਰਸਾ ਵਿਚ ਜਦੋਂ ਰਾਮ ਰਹੀਮ ਪੁੱਜਿਆ ਏ ਤਾਂ ਇਸ ਵਿਸ਼ੇ ਵਿਚ ਗੱਲਬਾਤ ਹੋਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਐ।


ਇਸ ਤੋਂ ਇਲਾਵਾ ਰਾਮ ਰਹੀਮ ਦੀ ਪੈਰੋਲ ਦੀ ਟਾਈਮਿੰਗ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਵੀ ਜੋੜਿਆ ਜਾ ਰਿਹਾ ਏ ਕਿਉਂਕਿ ਦਿੱਲੀ ਵਿਚ 5 ਫਰਵਰੀ ਨੂੰ ਵੋਟਿੰਗ ਹੋਣੀ ਐ। ਹਰਿਆਣਾ ਵਿਚ ਤਾਂ ਭਾਜਪਾ ’ਤੇ ਪਹਿਲਾਂ ਹੀ ਇਲਜ਼ਾਮ ਲਗਦੇ ਰਹੇ ਨੇ ਕਿ ਰਾਮ ਰਹੀਮ ਨੂੰ ਭਾਜਪਾ ਦੀ ਮਦਦ ਨਾਲ ਚੋਣਾਂ ਤੋਂ ਪਹਿਲਾਂ ਹੀ ਪੈਰੋਲ ਦਿੱਤੀ ਜਾਂਦੀ ਐ। ਹੁਣ ਵੀ ਵਿਰੋਧੀਆਂ ਵੱਲੋਂ ਇਹੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਰਾਮ ਰਹੀਮ ਦਾ ਦਿੱਲੀ ਦੀਆਂ 10 ਸੀਟਾਂ ’ਤੇ ਕਾਫ਼ੀ ਪ੍ਰਭਾਵ ਐ। ਭਾਜਪਾ ਇਸ ਦਾ ਫ਼ਾਇਦਾ ਲੈਣਾ ਚਾਹੁੰਦੀ ਐ ਕਿਉਂਕਿ ਦਿੱਲੀ ਵਿਚ ਭਾਜਪਾ ਪਿਛਲੇ 27 ਸਾਲਾਂ ਤੋਂ ਸੱਤਾ ਤੋਂ ਬਾਹਰ ਐ। ਇਸ ਤੋਂ ਪਹਿਲਾਂ ਰਾਜਸਥਾਨ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਸੀ, ਜਿੱਥੇ ਦੋਵੇਂ ਜਗ੍ਹਾ ਭਾਜਪਾ ਦੀ ਪੂਰਨ ਬਹੁਮਤ ਨਾਲ ਸਰਕਾਰ ਬਣੀ।


ਦੱਸ ਦਈਏ ਕਿ ਰਾਮ ਰਹੀਮ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਕੇਸ ਵਿਚ ਉਮਰਕੈਦ ਅਤੇ ਸਾਧਵੀਆਂ ਨਾਲ ਯੌਨ ਸੋਸ਼ਣ ਸਬੰਧੀ ਕੇਸ ਵਿਚ 20 ਸਾਲ ਦੀ ਕੈਦ ਹੋਈ ਸੀ, ਜਦਕਿ ਡੇਰਾ ਮੈਨੇਜਰ ਰਣਜੀਤ ਸਿੰਘ ਹੱਤਿਆ ਕਾਂਡ ਵਿਚੋਂ ਉਹ ਬਰੀ ਹੋ ਗਿਆ ਸੀ ਪਰ ਇਸ ਮਗਰੋਂ ਇਹ ਕੇਸ ਸੁਪਰੀਮ ਕੋਰਟ ਪਹੁੰਚਿਆ ਹੋਇਆ ਏ।

Next Story
ਤਾਜ਼ਾ ਖਬਰਾਂ
Share it