ਹੁਣ ‘ਉੱਲੀ’ ਨੂੰ ਹਥਿਆਰ ਬਣਾ ਸਕਦੈ ਚੀਨ! ਭਾਰਤ ’ਤੇ ਐਗਰੋ ਟੈਰੇਰਿਜ਼ਮ ਦਾ ਖ਼ਤਰਾ?
ਵਿਸ਼ਵ ਭਰ ਦੇ ਦੇਸ਼ਾਂ ਵਿਚ ਇਕ ਦੂਜੇ ਨੂੰ ਪਛਾੜਨ ਦੀ ਦੌੜ ਲੱਗੀ ਹੋਈ ਐ, ਜਿਸ ਦੇ ਲਈ ਖ਼ਤਰਨਾਕ ਤੋਂ ਖ਼ਤਰਨਾਕ ਹਥਿਆਰ ਬਣਾਏ ਜਾ ਰਹੇ ਨੇ, ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਦੇਸ਼ ਕਿਸੇ ਦੇਸ਼ ਦੀਆਂ ਫ਼ਸਲਾਂ ਨੂੰ ਤਬਾਹ ਕਰਨ ਲਈ ਉੱਲੀ ਨੂੰ ਵੀ ਹਥਿਆਰ ਵਜੋਂ ਵਰਤ ਸਕਦੈ? ਇਸ ਕਾਰਵਾਈ ਨੂੰ ਐਗਰੋ ਟੈਰੇਰਿਜ਼ਮ ਦਾ ਨਾਂਅ ਦਿੱਤਾ ਗਿਆ ਏ।

ਚੰਡੀਗੜ੍ਹ : ਮੌਜੂਦਾ ਸਮੇਂ ਵਿਸ਼ਵ ਭਰ ਦੇ ਦੇਸ਼ਾਂ ਵਿਚ ਇਕ ਦੂਜੇ ਨੂੰ ਪਛਾੜਨ ਦੀ ਦੌੜ ਲੱਗੀ ਹੋਈ ਐ, ਜਿਸ ਦੇ ਲਈ ਖ਼ਤਰਨਾਕ ਤੋਂ ਖ਼ਤਰਨਾਕ ਹਥਿਆਰ ਬਣਾਏ ਜਾ ਰਹੇ ਨੇ, ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਦੇਸ਼ ਕਿਸੇ ਦੇਸ਼ ਦੀਆਂ ਫ਼ਸਲਾਂ ਨੂੰ ਤਬਾਹ ਕਰਨ ਲਈ ਉੱਲੀ ਨੂੰ ਵੀ ਹਥਿਆਰ ਵਜੋਂ ਵਰਤ ਸਕਦੈ? ਇਸ ਕਾਰਵਾਈ ਨੂੰ ਐਗਰੋ ਟੈਰੇਰਿਜ਼ਮ ਦਾ ਨਾਂਅ ਦਿੱਤਾ ਗਿਆ ਏ। ਇਹ ਖ਼ੁਲਾਸਾ ਅਮਰੀਕਾ ਵਿਚ ਐਫਬੀਆਈ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਇਕ ਚੀਨੀ ਔਰਤ ਤੋਂ ਹੋਇਆ ਏ, ਜਿਸ ਕੋਲੋਂ ਖ਼ਤਰਨਾਕ ਉੱਲੀ ਬਰਾਮਦ ਕੀਤੀ ਗਈ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਹੁੰਦੈ ਐਗਰੋ ਟੈਰੇਰਿਜ਼ਮ ਅਤੇ ਖੇਤੀ ਪ੍ਰਧਾਨ ਦੇਸ਼ਾਂ ਲਈ ਇਹ ਹੋ ਸਕਦੈ ਕਿੰਨਾ ਖ਼ਤਰਨਾਕ?
ਸਾਨੂੰ ਇਹ ਤਾਂ ਚੰਗੀ ਤਰ੍ਹਾਂ ਪਤਾ ਏ ਕਿ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵੱਲੋਂ ਇਕ ਦੂਜੇ ਨੂੰ ਪਛਾੜਨ ਦੇ ਲਈ ਖ਼ਤਰਨਾਕ ਤੋਂ ਖ਼ਤਰਨਾਕ ਹਥਿਆਰ ਬਣਾਏ ਜਾ ਰਹੇ ਨੇ,, ਪਰ ਇਹ ਹੋੜ ਕੁੱਝ ਦੇਸ਼ਾਂ ਵੱਲੋਂ ਕਿਸੇ ਦੇਸ਼ ਦੀਆਂ ਫ਼ਸਲਾਂ ਨੂੰ ਤਬਾਹ ਕਰਕੇ ਉਸ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਤੱਕ ਪਹੁੰਚ ਜਾਵੇਗੀ, ਕਿਸੇ ਨੇ ਸੋਚਿਆ ਨਹੀਂ ਸੀ। ਦਰਅਸਲ ਅਮਰੀਕਾ ਵਿਚ ਐਫਬੀਆਈ ਵੱਲੋਂ ਇਕ ਚੀਨੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਏ, ਜਿਸ ਕੋਲੋਂ ਇਕ ਖ਼ਤਰਨਾਕ ਫੰਗਸ ਯਾਨੀ ਉੱਲੀ ਬਰਾਮਦ ਕੀਤੀ ਗਈ ਐ, ਜਿਸ ਬਾਰੇ ਜਾਣ ਕੇ ਅਮਰੀਕੀ ਅਧਿਕਾਰੀਆਂ ਦੇ ਹੋਸ਼ ਉਡ ਗਏ।
ਐਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਇਸ ਸਬੰਧੀ ਇਕ ਪੋਸਟ ਵਿਚ ਆਖਿਆ ਕਿ ਗ੍ਰਿਫ਼ਤਾਰ ਕੀਤੀ ਗਈ ਔਰਤ ਦਾ ਨਾਮ ਯੂਨਕਿੰਗ ਜ਼ਿਆਨ ਐ, ਜੋ ਮਿਸ਼ੀਗਨ ਯੂਨੀਵਰਸਿਟੀ ਵਿਚ ਕੰਮ ਕਰਦੀ ਐ ਅਤੇ ਆਪਣੀ ਖੋਜ ਲਈ ਇਕ ਖ਼ਤਰਨਾਕ ਉੱਲੀ ‘ਫਿਊਜ਼ੇਰੀਅਮ ਗ੍ਰਾਮਿਨੀਅਰਮ’ ਦੀ ਤਸਕਰੀ ਕਰਕੇ ਲਿਆਈ ਐ। ਅਮਰੀਕਾ ਅਧਿਕਾਰੀਆਂ ਮੁਤਾਬਕ ਇਹ ਉੱਲੀ ਸੰਭਾਵੀ ਤੌਰ ’ਤੇ ‘ਐਗਰੋ ਟੈਰੇਰਿਜ਼ਮ ਦਾ ਹਥਿਆਰ’ ਐ, ਜੋ ਹੈੱਡ ਬਲਾਈਟ ਨਾਂਅ ਦੀ ਬਿਮਾਰੀ ਦਾ ਕਾਰਨ ਬਣਦੀ ਐ। ਇਹ ਖ਼ਤਰਨਾਕ ਉੱਲੀ ਕਣਕ, ਜੌਂ, ਮੱਕੀ ਅਤੇ ਚੌਲਾਂ ਵਿਚ ਪਾਈ ਜਾਂਦੀ ਐ ਅਤੇ ਦੁਨੀਆ ਭਰ ਵਿਚ ਅਰਬਾਂ ਡਾਲਰ ਦੇ ਨੁਕਸਾਨ ਦਾ ਕਾਰਨ ਵੀ ਬਣਦੀ ਐ।
ਐਗਰੋ ਟੈਰੇਰਿਜ਼ਮ ਖੇਤੀਬਾੜੀ ਨਾਲ ਸਬੰਧਤ ਅਪਰਾਧਾਂ ਦਾ ਇਕ ਹਿੱਸਾ ਐ। ਇਸ ਨੂੰ ਕਿਸੇ ਆਬਾਦੀ ਦੀਆਂ ਫਸਲਾਂ ਜਾਂ ਪਸ਼ੂਆਂ ’ਤੇ ਹਮਲੇ ਵਜੋਂ ਵਰਤਿਆ ਜਾਂਦੈ, ਜਿਸ ਦਾ ਮਕਸਦ ਕਿਸੇ ਦੇਸ਼ ਦੀ ਆਰਥਿਕਤਾ ਅਤੇ ਭੋਜਨ ਸਪਲਾਈ ਵਿਚ ਵਿਘਨ ਪਾਉਣਾ ਹੈ। ਖੇਤੀਬਾੜੀ ਤਬਾਹ ਕਰਨ ਦੇ ਇਰਾਦੇ ਨਾਲ ਜੈਵਿਕ ਏਜੰਟਾਂ ਦੀ ਜਾਣਬੁੱਝ ਕੇ ਵਰਤੋਂ ਐਗਰੋ ਟੈਰੇਰਿਜ਼ਮ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਖੇਤੀਬਾੜੀ ਅਧਾਰਿਤ ਅਰਥ ਵਿਵਸਥਾ ਦੇ ਸਮਾਜਿਕ ਆਰਥਿਕ ਢਾਂਚੇ ਨੂੰ ਗੰਭੀਰਤਾ ਨਾ ਅਸਥਿਰ ਕਰਨ ਲਈ ਕੀਤੀ ਜਾ ਸਕਦੀ ਐ, ਜਿਸ ਵਿਚ ਖ਼ਾਸ ਕਰਕੇ ਅਨਾਜ ਫ਼ਸਲਾਂ, ਖੇਤੀਬਾੜੀ ਅਧਾਰਿਤ ਉਦਯੋਗਾਂ ਨੂੰ ਨਿਸ਼ਾਨਾ ਬਣਾਇਆ ਜਾਂਦੈ। ਇਹ ਸਭ ਕੁੱਝ ਲੁਕਵੇਂ ਹਮਲਿਆਂ ਜ਼ਰੀਏ ਕੀਤਾ ਜਾਂਦਾ ਏ ਪਰ ਇਹ ਉਨ੍ਹਾਂ ਦੇਸ਼ਾਂ ਲਈ ਬੇਹੱਦ ਵਿਨਾਸ਼ਕਾਰੀ ਸਾਬਤ ਹੋ ਸਕਦੇ ਨੇ, ਜਿਨ੍ਹਾਂ ਦੀ ਆਰਥਿਕਤਾ ਸਿੱਧੇ ਤੌਰ ’ਤੇ ਖੇਤੀਬਾੜੀ ਖੇਤਰ ’ਤੇ ਨਿਰਭਰ ਕਰਦੀ ਐ। ਅਜਿਹੇ ਹਮਲਿਆਂ ਵਿਚ ਖੇਤੀਬਾੜੀ ਖੇਤਰ ’ਤੇ ਹਾਨੀਕਾਰਕ ਬੈਕਟੀਰੀਆ ਜਾਂ ਵਾਇਰਸਾਂ ਰਾਹੀਂ ਹਮਲਾ ਕੀਤਾ ਜਾਂਦਾ ਏ, ਜਿਸ ਦੇ ਨਤੀਜੇ ਵਜੋਂ ਖੇਤੀਬਾੜੀ ਪੈਦਾਵਾਰ ਤਬਾਹ ਹੋ ਜਾਂਦੀ ਐ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਉਂਝ ਦੇਖਿਆ ਜਾਵੇ ਤਾਂ ਜੈਵਿਕ ਹਥਿਆਰਾਂ ਨਾਲ ਲੜਾਈ ਲੜਨਾ ਕੋਈ ਨਵੀਂ ਗੱਲ ਨਹੀਂ,, ਇਸ ਤਰ੍ਹਾਂ ਦੇ ਹਮਲੇ ਪਹਿਲਾਂ ਕਈ ਵਾਰ ਹੋ ਚੁੱਕੇ ਨੇ। ਅਲਜ਼ੀਰੀਆ ਦੀ ਮੋਸਟੇਜ਼ਨਮ ਯੂਨੀਵਰਸਿਟੀ ਵਿਚ ਖੇਤੀਬਾੜੀ ਅਪਰਾਧਾਂ ’ਤੇ ਕੀਤੇ ਗਏ ਇਕ ਅਧਿਐਨ ਮੁਤਾਬਕ 19ਵੀਂ ਸਦੀ ਦੌਰਾਨ ਪੱਛਮੀ ਦੇਸ਼ਾਂ ਵਿਚ ਬਾਇਓਲਾਜ਼ਿਕਲ ਟੈਰੇਰਿਜ਼ਮ ਯਾਨੀ ਜੈਵਿਕ ਅੱਤਵਾਦ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ। ਇਕ ਖੋਜ ਵਿਚ ਇਹ ਗੱਲ ਵੀ ਸਾਹਮਣੇ ਆਈ ਐ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਨੇ ਕੋਲੋਰਾਡੋ ਪੋਟੈਟੋ ਬੀਟਲ ਜ਼ਰੀਏ ਬ੍ਰਿਟੇਨ ਵਿਚ ਆਲੂਆਂ ਦੀ ਫ਼ਸਲ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਸੀ। ਕੁੱਝ ਮਾਹਿਰਾਂ ਮੁਤਾਬਕ ਪੋਟੈਟੋ ਬੀਟਲ ਕੀੜਿਆਂ ਦੀ ਮੌਜੂਦਗੀ ਤੋਂ ਪਤਾ ਚਲਦਾ ਏ ਕਿ ਇੰਗਲੈਂਡ ਵਿਚ ਇਹ ਹਮਲਾ 1943 ਦੇ ਨੇੜੇ ਤੇੜੇ ਕੀਤਾ ਗਿਆ ਸੀ। ਕੁੱਝ ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚ ਅਜਿਹੇ ਹਮਲੇ ਜ਼ਿਆਦਾਤਰ ਜਾਨਵਰਾਂ ’ਤੇ ਦੇਖੇ ਗਏ ਨੇ, ਜਿਨ੍ਹਾਂ ਤੋਂ ਬਾਅਦ ਜਾਨਵਰਾਂ ਦੀ ਪੈਦਾਵਾਰ ਸਮਰੱਥਾ ਬਿਲਕੁਲ ਜ਼ੀਰੋ ਹੋ ਜਾਂਦੀ ਐ।
ਉਧਰ ਅਮਰੀਕਾ ਵਿਚ ਐਫਬੀਆਈ ਵੱਲੋਂ ਜਿਹੜੀ ਫੰਗਸ ਤਸਕਰੀ ਦੇ ਇਲਜ਼ਾਮ ਵਿਚ ਚੀਨੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਏ, ਉਹ ਫੰਗਸ ਨਾ ਸਿਰਫ਼ ਜਾਨਵਰਾਂ ਵਿਚ ਸਗੋਂ ਮਨੁੱਖਾਂ ਵਿਚ ਵੀ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਐ। ਇਹ ਖ਼ੁਲਾਸਾ ਖ਼ੁਦ ਐਫਬੀਆਈ ਦੇ ਮੁਖੀ ਕਾਸ਼ ਪਟੇਲ ਅਤੇ ਅਮਰੀਕੀ ਨਿਆਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ ਏ। ਇਹ ਵੀ ਕਿਹਾ ਗਿਆ ਏ ਕਿ ਇਸ ਖ਼ਤਰਨਾਕ ਫੰਗਸ ਕਾਰਨ ਦੁਨੀਆ ਭਰ ਵਿਚ ਪਹਿਲਾਂ ਹੀ ਹਰ ਸਾਲ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ।
ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਹ ਇਕ ਖੇਤੀ ਪ੍ਰਧਾਨ ਦੇਸ਼ ਐ, ਜਿੱਥੋਂ ਦੀ ਵੱਡੀ ਆਬਾਦੀ ਖੇਤੀ ਅਤੇ ਇਸ ਨਾਲ ਜੁੜੇ ਧੰਦਿਆਂ ’ਤੇ ਨਿਰਭਰ ਕਰਦੀ ਐ। ਭਾਰਤ ਵਿਚ ਕਣਕ, ਚੌਲ, ਸੁੱਕੇ ਮੇਵੇ, ਦਾਲਾਂ, ਗੰਨਾ ਅਤੇ ਹੋਰ ਬਹੁਤ ਸਾਰੇ ਅਨਾਜ ਅਤੇ ਸਬਜ਼ੀਆਂ ਦੀ ਵੱਡੀ ਪੱਧਰ ’ਤੇ ਪੈਦਾਵਾਰ ਹੁੰਦੀ ਐ, ਜਿਨ੍ਹਾਂ ਨੂੰ ਵਿਦੇਸ਼ਾਂ ਵਿਚ ਵੀ ਸਪਲਾਈ ਕੀਤਾ ਜਾਂਦੈ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤੀ ਖੇਤੀਬਾੜੀ ਖੇਤਰ ਦੁਨੀਆ ਦੀ ਲਗਭਗ 42.3 ਫ਼ੀਸਦੀ ਆਬਾਦੀ ਨੂੰ ਰੋਜ਼ੀ ਰੋਟੀ ਪ੍ਰਦਾਨ ਕਰਦਾ ਹੈ ਅਤੇ ਦੇਸ਼ ਦੇ ਜੀਡੀਪੀ ਵਿਚ ਲਗਭਗ 20 ਫ਼ੀਸਦੀ ਦਾ ਯੋਗਦਾਨ ਪਾਉਂਦਾ ਏ। ਜੇਕਰ ਅਜਿਹੀ ਸਥਿਤੀ ਵਿਚ ਭਾਰਤ ਵਿਚ ਫ਼ਸਲਾਂ ਜਾਂ ਜਾਨਵਰਾਂ ’ਤੇ ਉੱਲੀ, ਵਾਇਰਸ ਜਾਂ ਕਿਸੇ ਹੋਰ ਖ਼ਤਰਨਾਕ ਬੈਕਟੀਰੀਆ ਦਾ ਹਮਲਾ ਹੁੰਦਾ ਏ ਤਾਂ ਇਹ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ। ਇਸ ਤੋਂ ਇਲਾਵਾ ਕੁੱਝ ਹਮਲਾਵਰ ਪ੍ਰਜਾਤੀਆਂ ਵਾਲੇ ਪੌਦੇ ਵੀ ਹੁੰਦੇ ਨੇ ਜੋ ਅਨਾਜ ਦੀਆਂ ਫ਼ਸਲਾਂ ਲਈ ਬੇਹੱਦ ਘਾਤਕ ਸਾਬਤ ਹੁੰਦੇ ਨੇ, ਜਿਸ ਤਰ੍ਹਾਂ ਸਾਡੇ ਦੇਸ਼ ਵਿਚ ਪਹਿਲਾਂ ਗੁੱਲੀਡੰਡਾ ਤੋਂ ਇਲਾਵਾ ਹੋਰ ਬਹੁਤ ਸਾਰੇ ਨਦੀਨ ਮੌਜੂਦ ਨੇ। ਇਸੇ ਤਰ੍ਹਾਂ ਹੋਰਨਾਂ ਦੇਸ਼ਾਂ ਵਿਚ ਵੀ ਅਜਿਹੇ ਬਹੁਤ ਸਾਰੇ ਹਮਲਾਵਰ ਪ੍ਰਜਾਤੀ ਦੇ ਪੌਦੇ ਮੌਜੂਦ ਨੇ ਜੋ ਅਨਾਜ ਦੀਆਂ ਫ਼ਸਲਾਂ ਲਈ ਘਾਤਕ ਸਾਬਤ ਹੁੰਦੇ ਨੇ।
ਉਦਾਹਰਨ ਵਜੋਂ ਅਮਰੀਕਾ ਤੋਂ ਕਣਕ ਦਰਾਮਦ ਕਰਦੇ ਸਮੇਂ ਲੈਂਟਾਨਾ ਕੈਮੇਰਾ ਨਾਂਅ ਦੀ ਬੂਟੀ ਵੀ ਇਸ ਦੇ ਨਾਲ ਆ ਗਈ ਸੀ ਜੋ ਅੱਜ ਪੂਰੇ ਦੇਸ਼ ਵਿਚ ਫੈਲ ਚੁੱਕੀ ਐ। ਭਾਰਤ ਇਸ ਬੂਟੀ ਕਾਰਨ ਨੁਕਸਾਨ ਝੱਲ ਰਿਹਾ ਏ, ਜਿਸ ਨੂੰ ਕੰਟਰੋਲ ਕਰਨ ’ਤੇ ਪੈਸਾ ਖਰਚ ਕੀਤਾ ਜਾ ਰਿਹਾ ਏ। ਲੈਂਟਾਨਾ ਕੈਮੇਰਾ ਇਕ ਝਾੜੀਦਾਰ ਪੌਦਾ ਹੈ ਜੋ ਭਾਰਤੀ ਜੰਗਲਾਂ ਲਈ ਵੱਡਾ ਖ਼ਤਰਾ ਬਣਿਆ ਹੋਇਆ ਏ। ਹਾਲ ਵਿਚ ਭਾਰਤ ਤੋਂ ਅਮਰੀਕਾ ਭੇਜੇ ਗਏ ਕਰੀਬ ਪੰਜ ਲੱਖ ਡਾਲਰ ਦੇ ਅੰਬਾਂ ਨੂੰ ਨਸ਼ਟ ਕਰਨਾ ਪਿਆ ਸੀ, ਜਿਸ ਦੇ ਪਿੱਛੇ ਦਾ ਕਾਰਨ ਉਨ੍ਹਾਂ ਦਸਤਾਵੇਜ਼ਾਂ ਦੀ ਕਮੀ ਨੂੰ ਦੱਸਿਆ ਗਿਆ ਸੀ ਜੋ ਅੰਬਾਂ ਵਿਚ ਕੀੜਿਆਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਜਾਰੀ ਕੀਤੇ ਜਾਂਦੇ ਨੇ।
ਖੇਤੀ ਮਾਹਿਰਾਂ ਦਾ ਕਹਿਣਾ ਏ ਕਿ ਭਾਰਤ ਨੂੰ ਵੀ ਅਮਰੀਕਾ ਵਰਗੇ ਦੇਸ਼ਾਂ ਵਾਂਗ ਇਸ ਮਾਮਲੇ ਵਿਚ ਸਖ਼ਤੀ ਵਰਤਣੀ ਚਾਹੀਦੀ ਐ। ਹਵਾਈ ਅੱਡਿਆਂ ’ਤੇ ਨਿਗਰਾਨੀ ਵਧਾਉਣੀ ਚਾਹੀਦੀ ਐ ਤਾਂ ਜੋ ਕੋਈ ਵੀ ਬੈਕਟੀਰੀਆ ਜਾਂ ਵਾਇਰਸ ਦੇਸ਼ ਵਿਚ ਦਾਖ਼ਲ ਨਾ ਹੋ ਸਕੇ।
ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ