Begin typing your search above and press return to search.

ਨਰਿੰਦਰ ਮੋਦੀ ਤੇ ਮਾਰਕ ਕਾਰਨੀ ਵਿਚਾਲ਼ੇ ਦੁਵੱਲੀ ਗੱਲਬਾਤ, ਵਿਆਪਕ ਆਰਥਿਕ ਭਾਈਵਾਲ਼ੀ ਬਾਰੇ ਸਮਝੌਤਾ ਕਰਾਂਗੇ: ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ਼ ਕਈ ਦੁਵੱਲੇ ਮੁੱਦਿਆਂ 'ਤੇ ਗੱਲਬਾਤ ਕੀਤੀ। ਦੋਵੇਂ ਦੇਸ਼ਾਂ ਦੇ ਰਹਿਨੁਮਾਵਾਂ ਤੇ ਉਨ੍ਹਾਂ ਦੇ ਵਫ਼ਦ ਨੇ ਦਿੱਲੀ ਸਥਿਤ ਹੈਦਰਾਬਾਦ ਹਾਊਸ 'ਚ ਮੁਲਾਕਾਤ ਕੀਤੀ

ਨਰਿੰਦਰ ਮੋਦੀ ਤੇ ਮਾਰਕ ਕਾਰਨੀ ਵਿਚਾਲ਼ੇ ਦੁਵੱਲੀ ਗੱਲਬਾਤ, ਵਿਆਪਕ ਆਰਥਿਕ ਭਾਈਵਾਲ਼ੀ ਬਾਰੇ ਸਮਝੌਤਾ ਕਰਾਂਗੇ: ਮੋਦੀ
X

mehtabmasih@gmail.comBy : [email protected]

  |  2 March 2026 2:43 PM IST

  • whatsapp
  • Telegram

ਡਿਫ਼ੈਂਸ ਤੋਂ ਲੈ ਕੇ AI ਤੇ ਪੁਲਾੜ ਜਿਹੇ ਖੇਤਰਾਂ 'ਚ ਮਿਲ਼ ਕੇ ਵਧਾਂਗੇ: ਕਾਰਨੀ

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ਼ ਕਈ ਦੁਵੱਲੇ ਮੁੱਦਿਆਂ 'ਤੇ ਗੱਲਬਾਤ ਕੀਤੀ। ਦੋਵੇਂ ਦੇਸ਼ਾਂ ਦੇ ਰਹਿਨੁਮਾਵਾਂ ਤੇ ਉਨ੍ਹਾਂ ਦੇ ਵਫ਼ਦ ਨੇ ਦਿੱਲੀ ਸਥਿਤ ਹੈਦਰਾਬਾਦ ਹਾਊਸ 'ਚ ਮੁਲਾਕਾਤ ਕੀਤੀ। ਦੁਵੱਲੀ ਵਾਰਤਾ ਦਾ ਜ਼ਿਆਦਾਤਰ ਧਿਆਨ ਦੋਵੇਂ ਦੇਸ਼ਾਂ ਵਿਚਾਲ਼ੇ ਆਪਸੀ ਸਹਿਯੋਗ ਅਤੇ ਭਾਈਵਾਲ਼ੀ ਵਿੱਚ ਵਾਧਾ ਕਰਨ ਉਤੇ ਕੇਂਦ੍ਰਿਤ ਰਿਹਾ। ਦੋਵਾਂ ਦੀ ਇਸ ਗੱਲਬਾਤ ਨੂੰ 'ਇਤਿਹਾਸਕ' ਕਰਾਰ ਦਿੱਤਾ ਜਾ ਰਿਹਾ ਹੈ।

ਇਸ ਵਿਚਾਰ–ਵਟਾਂਦਰੇ ਦੌਰਾਨ ਦੋਵੇਂ ਰਹਿਨੁਮਾਵਾਂ ਨੇ ਭਾਰਤ ਤੇ ਕੈਨੇਡਾ ਵਿਚਾਲ਼ੇ ਹੁਣ ਤੱਕ ਵੱਖੋ–ਵੱਖਰੇ ਖੇਤਰਾਂ 'ਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਵੱਲੀ ਵਾਰਤਾ ਤੋਂ ਬਾਅਦ ਕਿਹਾ, 'ਭਾਰਤ ਤੇ ਕੈਨੇਡਾ ਦਾ ਜਮਹੂਰੀ ਕਦਰਾਂ–ਕੀਮਤਾ 'ਚ ਅਥਾਹ ਵਿਸ਼ਵਾਸ ਹੈ। ਮਾਨਵਤਾ ਦੀ ਸਲਾਮਤੀ ਸਾਡਾ ਇੱਕ ਸਾਂਝਾ ਦ੍ਰਿਸ਼ਟੀਕੋਣ ਹੈ। ਇਸ ਦ੍ਰਿਸ਼ਟੀਕੋਣ ਨਾਲ਼ ਅਸੀਂ ਹਰੇਕ ਖੇਤਰ ਵਿੱਚ ਅੱਗੇ ਵਧ ਸਕਦੇ ਹਾਂ। ਅੱਜ ਅਸੀਂ ਅਗਲੇ ਪੱਧਰ ਦੀ ਭਾਈਵਾਲ਼ੀ ਕਾਇਮ ਬਾਰੇ ਵਿਚਾਰ–ਚਰਚਾ ਕੀਤੀ ਹੈ। ਸਾਡਾ ਟੀਚਾ ਹੈ ਕਿ ਸਾਲ 2030 ਤੱਕ ਦੁਵੱਲਾ ਕਾਰੋਬਾਰ ਘੱਟੋ–ਘੱਟ 50 ਅਰਬ ਡਾਲਰ ਤੱਕ ਪੁੱਜ ਜਾਵੇ। ਆਰਥਿਕ ਸਹਿਯੋਗ ਦੀ ਹਰੇਕ ਸੰਭਾਵਨਾ ਦੀ ਤਲਾਸ਼ ਕਰਨਾ ਹੀ ਸਾਡੀ ਤਰਜੀਹ ਹੈ।'

PM ਮੋਦੀ ਨੇ ਕਿਹਾ ਕਿ ਅਸੀਂ ਵਿਆਪਕ ਆਰਥਿਕ ਭਾਈਵਾਲ਼ੀ ਬਾਰੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ਼ ਦੋਵੇਂ ਦੇਸ਼ਾਂ ਵਿਚਾਲ਼ੇ ਨਿਵੇਸ਼ ਤੇ ਰੋਜ਼ਗਾਰ ਦੇ ਕਈ ਨਵੇਂ ਮੌਕੇ ਪੈਦਾ ਹੋਣਗੇ। 'ਕੈਨੇਡਾ ਨੇ ਭਾਰਤ ਵਿੱਚ ਆਪਣੇ 100 ਅਰਬ ਡਾਲਰ ਤੋਂ ਵੱਧ ਦੇ ਪੈਨਸ਼ਨ ਫ਼ੰਡ ਨਿਵੇਸ਼ ਕੀਤੇ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਕੈਨੇਡਾ ਨੂੰ ਭਾਰਤ ਦੇ ਵਿਕਾਸ ਦੀ ਕਹਾਣੀ 'ਚ ਡੂੰਘਾ ਭਰੋਸਾ ਹੈ। ਅੱਜ ਹੀ ਅਸੀਂ ਦੋਵੇਂ ਦੇਸ਼ਾਂ ਦੇ ਵਪਾਰਕ ਆਗੂਆਂ ਨਾਲ਼ ਵੀ ਮੁਲਾਕਾਤ ਕਰਨ ਜਾ ਰਹੇ ਹਾਂ। ਇਸ ਨਾਲ਼ ਸਾਡੀ ਆਰਥਿਕ ਭਾਈਵਾਲ਼ੀ ਹੋਰ ਮਜ਼ਬੂਤ ਹੋਵੇਗੀ।'

ਮਾਰਕ ਕਾਰਨੀ ਨੇ ਆਪਣੇ 'ਐਕਸ' ਹੈਂਡਲ 'ਤੇ ਲਿਖਿਆ ਕਿ ਹੁਣ ਭਾਰਤ ਤੇ ਕੈਨੇਡਾ ਆਪਸੀ ਭਾਈਵਾਲ਼ੀ ਦੇ ਇੱਕ ਨਵੇਂ ਜੁੱਗ 'ਚ ਸ਼ਾਮਲ ਹੋ ਗਏ ਹਨ। ਪੀਐਮ ਮੋਦੀ ਨਾਲ਼ ਗੱਲਬਾਤ ਤੋਂ ਬਾਅਦ ਮਾਰਕ ਕਾਰਨੀ ਨੇ ਮੀਡੀਆ ਨਾਲ਼ ਗੱਲਬਾਤ ਦੌਰਾਨ ਆਖਿਆ ਕਿ ਦੋਵੇਂ ਦੇਸ਼ ਰੱਖਿਆ ਖੇਤਰ ਤੋਂ ਲੈ ਕੇ ਏਆਈ ਤੇ ਪੁਲਾੜ ਤਕਨਾਲੋਜੀਆਂ ਤੱਕ ਸਾਰੇ ਖੇਤਰਾਂ ਵਿੱਚ ਆਪਸੀ ਸਬੰਧ ਹੋਰ ਮਜ਼ਬੂਤ ਕਰਨਗੇ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 27 ਫ਼ਰਵਰੀ ਨੂੰ ਭਾਰਤ ਪੁੱਜੇ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ।

ਪ੍ਰਧਾਨ ਮੰਤਰੀ ਵਜੋਂ ਮਾਰਕ ਕਾਰਨੀ ਦਾ ਇਹ ਪਹਿਲਾ ਸਰਕਾਰੀ ਦੌਰਾ ਹੈ, ਜੋ 27 ਫ਼ਰਵਰੀ ਨੂੰ ਉਨ੍ਹਾਂ ਦੀ ਮੁੰਬਈ ਆਮਦ ਨਾਲ਼ ਸ਼ੁਰੂ ਹੋਇਆ ਸੀ। ਦਿੱਲੀ 'ਚ ਸਾਰੇ ਰੁਝੇਵੇਂ ਨਿਪਟਾ ਕੇ ਉਹ ਭਾਰਤ ਤੋਂ ਰਵਾਨਾ ਹੋ ਗਏ।

ਇਸ ਤੋਂ ਪਹਿਲਾਂ ਅੱਜ ਹੀ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀ ਮਾਰਕ ਕਾਰਨੀ ਨਾਲ਼ ਗੱਲਬਾਤ ਕੀਤੀ। ਉਨ੍ਹਾਂ ਦੋਵੇਂ ਦੇਸ਼ਾਂ ਵਿਚਾਲ਼ੇ ਆਪਸੀ ਭਾਈਵਾਲ਼ੀ ਨੂੰ ਹੋਰ ਅਗਾਂਹ ਵਧਾਉਣ ਦੇ ਕਾਰਨੀ ਦੇ ਜਤਨਾਂ ਦੀ ਸ਼ਲਾਘਾ ਕੀਤੀ। 'ਐਕਸ' ਉਤੇ ਐਸ. ਜੈਸ਼ੰਕਰ ਨੇ ਆਖਿਆ ਕਿ ਉਨ੍ਹਾਂ ਨੂੰ PM ਮਾਰਕ ਕਾਰਨੀ ਨਾਲ਼ ਗੱਲਬਾਤ ਕਰ ਕੇ ਡਾਢੀ ਖ਼ੁਸ਼ੀ ਹੋਈ ਹੈ।

Next Story
ਤਾਜ਼ਾ ਖਬਰਾਂ
Share it