ਦਿੱਲੀ 'ਚ ਕਰਨ ਔਜਲਾ ਦੇ ਸ਼ੋਅ ਲਈ ਭਾਰੀ ਉਤਸ਼ਾਹ, ਵੱਧ ਤੋਂ ਵੱਧ ਕਲਾਕਾਰ ਦਿੱਲੀ 'ਚ ਕਰਨ ਸ਼ੋਅ: CM ਰੇਖਾ ਗੁਪਤਾ
ਅੱਜ ਦਿੱਲੀ 'ਚ ਪੰਜਾਬੀ ਗਾਇਕ ਕਰਨ ਔਜਲਾ ਦਾ ਸ਼ੋਅ ਹੈ। ਇਸ ਦਾ ਨਾਂਅ 'ਪੀ–ਪੌਪ ਕਲਚਰ ਇੰਡੀਆ ਟੂਰ–2026' ਰੱਖਿਆ ਗਿਆ ਹੈ। ਇੱਥੇ 45 ਤੋਂ 50 ਹਜ਼ਾਰ ਦਰਸ਼ਕਾਂ ਦੇ ਪੁੱਜਣ ਦੀ ਆਸ ਹੈ। ਇਸੇ ਲਈ ਦਿੱਲੀ ਦੀ ਟ੍ਰੈਫ਼ਿਕ ਪੁਲਿਸ ਨੇ ਇਸ ਸ਼ੋਅ ਦੇ ਮੱਦੇਨਜ਼ਰ ਬਾਕਾਇਦਾ ਟ੍ਰੈਫ਼ਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ

By : [email protected]
ਦਿੱਲੀ ਪੁਲਿਸ ਵੱਲੋਂ ਟ੍ਰੈਫ਼ਿਕ ਆਵਾਜਾਈ ਜਾਰੀ
ਨਵੀਂ ਦਿੱਲੀ: ਅੱਜ ਦਿੱਲੀ 'ਚ ਪੰਜਾਬੀ ਗਾਇਕ ਕਰਨ ਔਜਲਾ ਦਾ ਸ਼ੋਅ ਹੈ। ਇਸ ਦਾ ਨਾਂਅ 'ਪੀ–ਪੌਪ ਕਲਚਰ ਇੰਡੀਆ ਟੂਰ–2026' ਰੱਖਿਆ ਗਿਆ ਹੈ। ਇੱਥੇ 45 ਤੋਂ 50 ਹਜ਼ਾਰ ਦਰਸ਼ਕਾਂ ਦੇ ਪੁੱਜਣ ਦੀ ਆਸ ਹੈ। ਇਸੇ ਲਈ ਦਿੱਲੀ ਦੀ ਟ੍ਰੈਫ਼ਿਕ ਪੁਲਿਸ ਨੇ ਇਸ ਸ਼ੋਅ ਦੇ ਮੱਦੇਨਜ਼ਰ ਬਾਕਾਇਦਾ ਟ੍ਰੈਫ਼ਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਕਿਉਂਕਿ ਇਸ ਸ਼ੋਅ ਦੌਰਾਨ ਜਵਾਹਰਲਾਲ ਨਹਿਰੂ ਸਟੇਡੀਅਮ ਤੇ ਆਲ਼ੇ–ਦੁਆਲ਼ੇ ਦੇ ਇਲਾਕਿਆਂ ਵਿੱਚ ਥੋੜ੍ਹੇ–ਬਹੁਤ ਜਾਮ ਵੀ ਲੱਗ ਸਕਦੇ ਹਨ। ਇਸ ਸ਼ੋਅ ਦਾ ਸਮਾਂ ਸ਼ਾਮੀਂ ਚਾਰ ਵਜੇ ਤੋਂ ਰਾਤੀਂ 10 ਵਜੇ ਤੱਕ ਦਾ ਹੈ। ਨੌਜਵਾਨਾਂ 'ਚ ਇਸ ਸ਼ੋਅ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਰਨ ਔਜਲਾ ਨਾਲ਼ ਮੁਲਾਕਾਤ ਦੌਰਾਨ ਆਖਿਆ ਕਿ ਉਹ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਕਲਾਕਾਰ ਦੇਸ਼ ਦੀ ਰਾਜਧਾਨੀ 'ਚ ਆ ਕੇ ਆਪਣੇ ਸ਼ੋਅ ਕਰਨ। ਉਨ੍ਹਾਂ ਕਿਹਾ ਕਿ ਹੁਣ ਸਬੰਧਤ ਸਟੇਡੀਅਮ ਤੇ ਅਜਿਹੇ ਈਵੈਂਟਸ ਦੇ ਹੋਰ ਸਥਾਨਾਂ ਉਤੇ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ।
ਇਸ ਈਵੈਂਟ ਦੌਰਾਨ ਆਵਾਜਾਈ ਲਈ ਕਈ ਤਰ੍ਹਾਂ ਦੀਆਂ ਡਾਇਵਰਸ਼ਨਜ਼ ਤੇ ਪਾਬੰਦੀਆਂ ਲਾਗੂ ਰਹਿਣਗੀਆਂ। ਦਿੱਲੀ ਪੁਲਿਸ ਦੀ ਸਲਾਹ ਹੈ ਕਿ ਲੋਧੀ ਮਾਰਗ, ਬੀਪੀ ਮਾਰਗ ਅਤੇ ਸਟੇਡੀਅਮ ਦੇ ਆਲ਼ੇ–ਦੁਆਲ਼ੇ ਦੀਆਂ ਸੜਕਾਂ ਉਤੇ ਬਿਨਾ ਵਜ੍ਹਾ ਸਫ਼ਰ ਕਰਨ ਤੋਂ ਬਚਣ ਅਤੇ ਆਉਣ–ਜਾਣ ਲਈ ਕਿਸੇ ਜਨਤਕ ਸਾਧਨ ਦੀ ਵਰਤੋਂ ਕਰਨ।
ਦਰਸ਼ਕ ਇਸ ਸਟੇਡੀਅਮ 'ਚ ਗੇਟ ਨੰਬਰਾਂ 2, 6, 8, 13, 14 ਤੇ 21 ਰਾਹੀਂ ਦਾਖ਼ਲ ਹੋ ਸਕਣਗੇ। ਇਸ ਤੋਂ ਇਲਾਵਾ VIP ਮਹਿਮਾਨ ਗੇਟ ਨੰਬਰ 13 ਰਾਹੀਂ; ਈਵੈਂਟ ਆਯੋਜਕ, ਕਲਾਕਾਰ ਤੇ ਉਨ੍ਹਾਂ ਦੇ ਹੋਰ ਟੀਮ ਮੈਂਬਰ ਗੇਟ ਨੰਬਰ 6 ਰਾਹੀਂ ਦਾਖ਼ਲ ਹੋ ਸਕਣਗੇ। ਗੇਟ ਨੰਬਰ 1 ਅਤੇ 10 ਹੰਗਾਮੀ ਹਾਲਾਤ ਲਈ ਰਾਖਵੇਂ ਰੱਖੇ ਗਏ ਹਨ।
VIPs ਦੇ ਵਾਹਨਾਂ ਦੀ ਪਾਰਕਿੰਗ ਸਟੇਡੀਅਮ ਦੇ ਅੰਦਰ ਗੇਟ ਨੰਬਰ 1 ਉਤੇ ਵੈਸਟ ਬਲਾੱਕ 'ਚ ਹੋਵੇਗੀ। ਆਮ ਦਰਸ਼ਕ ਆਪਣੇ ਵਾਹਨ ਸੁਨਹਿਰੀ ਪੁੱਲਾ ਬੱਸ ਡੀਪੂ, ਸੇਵਾ ਨਗਰ ਬੱਸ ਡੀਪੂ, SCOPE ਕੰਪਲੈਕਸ, CGO ਕੰਪਲੈਕਸ ਅਤੇ ਸਟੇਡੀਅਮ ਦੇ ਗੇਟ ਨੰਬਰ 7 ਅਤੇ 9 ਦੇ ਵਿਚਕਾਰ ਪਾਰਕ ਕਰ ਸਕਣਗੇ।
ਸ਼ਾਮੀਂ ਚਾਰ ਵਜੇ ਤੋਂ ਰਾਤੀਂ 10 ਵਜੇ ਤੱਕ ਬੀਪੀ ਮਾਰਗ ਤੋਂ ਆਉਂਦੇ ਵਾਹਨਾਂ ਨੂੰ ਜਵਾਹਰਲਾਲ ਨਹਿਰੂ ਰੈੱਡ ਲਾਈਟ ਉਤੇ ਮੇਹਰਚੰਦ ਮਾਰਕਿਟ ਵੱਲੋਂ ਅੱਗੇ ਵਧਾਇਆ ਜਾਵੇਗਾ। ਇੰਝ ਹੀ ਗੁੱਜਰ ਚੌਕ ਅਤੇ ਫ਼ੋਰਥ ਐਵੇਨਿਊ ਵੱਲੋ਼ ਆਉਣ ਵਾਲ਼ੇ ਵਾਹਨ ਸੇਵਾ ਨਗਰ ਬੱਸ ਡੀਪੂ ਰੈੱਡ–ਲਾਈਟ ਉਤੇ ਬਾਰਾਪੁੱਲਾ ਤੇ ਜਵਾਹਰਲਾਲ ਨਹਿਰ ਸਰਵਿਸ ਰੋਡ ਵੱਲ ਨੂੰ ਨਹੀਂ ਜਾ ਸਕਣਗੇ। ਇਸੇ ਤਰ੍ਹਾਂ ਲਾਲਾ ਲਾਜਪਤ ਰਾਏ ਮਾਰਗ ਟੀ-ਪੁਆਇੰਟ, ਡਬਲ ਸਟੋਰੀ ਮਾਰਕੀਟ ਧੋਬੀ ਘਾਟ, ਜੰਗਪੁਰਾ ਮੈਟਰੋ ਸਟੇਸ਼ਨ ਟੀ-ਪੁਆਇੰਟ, ਪ੍ਰਗਤੀ ਵਿਹਾਰ ਰੈੱਡ ਲਾਈਟ ਤੇ ਹੋਰ ਵੀ ਕੁਝ ਸਥਾਨਾਂ ਉਤੇ ਟ੍ਰੈਫ਼ਿਕ ਡਾਇਵਰਸ਼ਨ ਲਾਗੂ ਰਹੇਗੀ।
ਆਵਾਜਾਈ ਦੇ ਜਾਮ ਤੋਂ ਬਚਾਅ ਲਈ ਸਨਿੱਚਰਵਾਰ ਸ਼ਾਮੀਂ ਚਾਰ ਵਜੇ ਤੋਂ ਰਾਤੀਂ 11 ਵਜੇ ਤੱਕ ਲੋਧੀ ਮਾਰਗ ਅਤੇ ਬੀਪੀ ਮਾਰਗ ਉਤੇ ਭਾਰੀ ਵਾਹਨਾਂ ਦੇ ਆਉਣ–ਜਾਣ ਉਤੇ ਮੁਕੰਮਲ ਪਾਬੰਦੀ ਰਹੇਗੀ।


