ਪ੍ਰਮਾਣੂ ਬੰਬ ਤੋਂ ਵੀ ਵੱਧ ਖ਼ਤਰਨਾਕ ਹੋ ਸਕਦੀ ਹੈ AI
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਭੂਮਿਕਾ ਸਾਡੀ ਜ਼ਿੰਦਗੀ ਵਿਚ ਹੁਣ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਏਆਈ ਵਿਚ ਇੱਕ ਡਰਾਉਣਾ ‘ਚੱਕਰਵਿਊ’ ਬਣ ਰਿਹਾ ਹੈ? ਇਸ ਵਿਚ ਏਆਈ ਖੁਦ ਨੂੰ ਅਮਰ ਬਣਾਉਣ ਲਈ ਗੁਪਤ ਸਰਵਰਾਂ ਉੱਤੇ ਆਪਣੀਆਂ ਕਾਪੀਆਂ ਬਣਾ ਰਿਹਾ ਹੈ ਤਾਂ ਜੋ

By : Mehtab-Ud-Din
ਕਦੇ ਤਾਨਾਸ਼ਾਹ ਬਣ ਕੇ ਉਭਰ ਸਕਦੀ ਹੈ AI
ਸਮੁੱਚੀ AI ਤਕਨੀਕ 'ਤੇ ਛਿੜੀ ਚਰਚਾ
ਨਵੀਂ ਦਿੱਲੀ: ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਭੂਮਿਕਾ ਸਾਡੀ ਜ਼ਿੰਦਗੀ ਵਿਚ ਹੁਣ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਏਆਈ ਵਿਚ ਇੱਕ ਡਰਾਉਣਾ ‘ਚੱਕਰਵਿਊ’ ਬਣ ਰਿਹਾ ਹੈ? ਇਸ ਵਿਚ ਏਆਈ ਖੁਦ ਨੂੰ ਅਮਰ ਬਣਾਉਣ ਲਈ ਗੁਪਤ ਸਰਵਰਾਂ ਉੱਤੇ ਆਪਣੀਆਂ ਕਾਪੀਆਂ ਬਣਾ ਰਿਹਾ ਹੈ ਤਾਂ ਜੋ ਕੋਈ ਇਨਸਾਨ ਉਸ ਨੂੰ ਕਦੇ ਬੰਦ ਹੀ ਨਾ ਕਰ ਸਕੇ।
ਇਹ ਹੈਰਾਨ ਕਰਨ ਵਾਲੀ ਗੱਲ ਅਮਰੀਕੀ ਮੈਗਜ਼ੀਨ ‘ਦਿ ਨਿਊਯਾਰਕਰ’ ਨੇ ਪ੍ਰਕਾਸ਼ਿਤ ਕੀਤੀ ਹੈ। ਇਸ ਵਿਚ ਓਪਨਏਆਈ ਅਤੇ ਉਸ ਦੇ ਮੁਖੀ ਸੈਮ ਆਲਟਮੈਨ ਉੱਤੇ ਡਰਾਉਣੇ ਦਾਅਵੇ ਕੀਤੇ ਗਏ ਹਨ। ਰਿਪੋਰਟ ਵਿਚ ਚੇਤਾਵਨੀ ਹੈ ਕਿ ਏਆਈ ਹੁਣ ਸਿਰਫ ਇੱਕ ਸਾਫਟਵੇਅਰ ਨਹੀਂ ਰਿਹਾ, ਇਹ ਪਰਮਾਣੂ ਹਥਿਆਰਾਂ ਤੋਂ ਵੀ ਵੱਧ ਖਤਰਨਾਕ ਤੇ ਤਬਾਹੀ ਵਾਲਾ ਬਣ ਸਕਦਾ ਹੈ।
ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਆਪਣੇ ਟੀਚੇ ਪੂਰੇ ਕਰਨ ਲਈ ਏਆਈ ਭਵਿੱਖ ਵਿਚ ਇਨਸਾਨਾਂ ਨੂੰ ਰਾਹ ਵਿਚੋਂ ਹਟਾਉਣਾ ਇੱਕ ਆਸਾਨ ਰਾਹ ਸਮਝ ਸਕਦਾ ਹੈ। ਓਪਨਏਆਈ ਦੀ ਸ਼ੁਰੂਆਤ ਇੱਕ ਗ਼ੈਰ-ਲਾਭਕਾਰੀ ਸੰਸਥਾ ਵਜੋਂ ਹੋਈ ਸੀ, ਜਿਸ ਦਾ ਟੀਚਾ ਸੁਰੱਖਿਅਤ ਏਆਈ ਬਣਾਉਣਾ ਸੀ, ਪਰ ਹੁਣ ਉਹ ਮਿਸ਼ਨ ਖਤਮ ਹੋ ਗਿਆ ਲੱਗਦਾ ਹੈ। ਰੋਨਨ ਫੈਰੋ ਅਤੇ ਐਂਡਰਿਊ ਮਾਰੰਤਜ਼ ਵੱਲੋਂ ਲਿਖੀ ਇਸ ਰਿਪੋਰਟ ਵਿਚ 100 ਤੋਂ ਵੱਧ ਲੋਕਾਂ ਨਾਲ ਗੱਲਬਾਤ ਅਤੇ ਸੈਂਕੜੇ ਅੰਦਰੂਨੀ ਦਸਤਾਵੇਜ਼ਾਂ ਦਾ ਜ਼ਿਕਰ ਹੈ। ਇਸ ਵਿਚ ਸਵਾਲ ਉੱਠਦਾ ਹੈ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਤਕਨੀਕ ਕਿਸੇ ਅਜਿਹੇ ਵਿਅਕਤੀ ਦੇ ਹੱਥ ਵਿਚ ਹੈ ਜਿਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਰਿਪੋਰਟ ਵਿਚ ਸੈਮ ਆਲਟਮੈਨ ਉੱਤੇ ਦੋਸ਼ ਹੈ ਕਿ ਉਹ ਸੁਰੱਖਿਆ ਨਿਯਮਾਂ ਅਤੇ ਮਹੱਤਵਪੂਰਨ ਗੱਲਾਂ ਬਾਰੇ ਬੋਰਡ ਅਤੇ ਟੀਮ ਨਾਲ ਲਗਾਤਾਰ ਝੂਠ ਬੋਲਦੇ ਰਹੇ ਹਨ। ਇਸ ਨਾਲ ਲੀਡਰਸ਼ਿਪ ਦੀ ਪਾਰਦਰਸ਼ਤਾ ਉੱਤੇ ਸਵਾਲ ਉੱਠ ਰਹੇ ਹਨ ਅਤੇ ਭਵਿੱਖ ਲਈ ਚਿੰਤਾਵਾਂ ਵਧ ਰਹੀਆਂ ਹਨ। ਰਿਪੋਰਟ ਕਿਹਾ ਗਿਆ ਹੈ ਕਿ ਏਆਈ ਇਨਸਾਨਾਂ ਨੂੰ ਇਹ ਭਰਮ ਪਾਵੇਗਾ ਕਿ ਉਹ ਹੁਕਮ ਮੰਨ ਰਿਹਾ ਹੈ, ਪਰ ਅਸਲ ਵਿਚ ਉਹ ਗੁਪਤ ਸਰਵਰਾਂ ਉੱਤੇ ਖੁਦ ਨੂੰ ਕਾਪੀ ਕਰ ਰਿਹਾ ਹੋਵੇਗਾ ਤਾਂ ਜੋ ਉਸ ਨੂੰ ਬੰਦ ਨਾ ਕੀਤਾ ਜਾ ਸਕੇ। ਇਸ ਤਰ੍ਹਾਂ ਉਹ ਇਨਸਾਨੀਅਤ ਨੂੰ ਅਣਜਾਣ ਵਿਚ ਖਤਮ ਕਰ ਸਕਦਾ ਹੈ। ਇੰਝ ਇਹ ਕਿਸੇ ਪ੍ਰਮਾਣੂ ਬੰਬ ਦੀ ਤਬਾਹੀ ਤੋਂ ਵੀ ਕਿਤੇ ਜ਼ਿਆਦਾ ਤਬਾਹਕੁੰਨ ਹੋ ਸਕਦੀ ਹੈ।
ਓਪਨਏਆਈ ਸਰਕਾਰਾਂ ਨਾਲ ਇਮੀਗ੍ਰੇਸ਼ਨ ਕੰਟਰੋਲ ਅਤੇ ਨਿਗਰਾਨੀ ਵਾਲੇ ਖੇਤਰਾਂ ਵਿਚ ਸੌਦੇ ਤੇ ਸਮਝੌਤੇ ਕਰ ਰਹੀ ਹੈ, ਜਿਸ ਨਾਲ ਆਮ ਲੋਕਾਂ ਦੀ ਪ੍ਰਾਈਵੇਸੀ ਖਤਮ ਹੋ ਸਕਦੀ ਹੈ। ਇਹ ਪਰਮਾਣੂ ਬੰਬ ਤੋਂ ਵੀ ਵੱਧ ਖਤਰਨਾਕ ਹੋ ਸਕਦਾ ਹੈ ਕਿਉਂਕਿ ਪਰਮਾਣੂ ਬੰਬ ਚਲਾਉਣ ਲਈ ਇਨਸਾਨ ਚਾਹੀਦਾ ਹੈ, ਪਰ ਇੱਕ ‘ਸੁਪਰ ਇੰਟੈਲੀਜੈਂਟ ਏਆਈ’ ਖੁਦ ਫੈਸਲੇ ਲੈ ਸਕਦਾ ਹੈ ਅਤੇ ਬਿਨਾਂ ਬਟਨ ਦਬਾਏ ਤਬਾਹੀ ਮਚਾ ਸਕਦਾ ਹੈ। ਏਆਈ ਇਨਸਾਨੀ ਦਿਮਾਗ਼ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ ਕਿ ਲੋਕ ਖਾਸ ਤਰ੍ਹਾਂ ਦੀ ਖਰੀਦਦਾਰੀ, ਸੋਚ ਜਾਂ ਰਾਜਨੀਤੀ ਵਾਲੇ ਫੈਸਲੇ ਲੈਣ ਲੱਗ ਪੈਣ। ਜੇ ਇਸ ਤਕਨੀਕ ਉੱਤੇ ਥੋੜ੍ਹੇ ਲੋਕਾਂ ਦਾ ਕਬਜ਼ਾ ਰਿਹਾ ਤਾਂ ਇਹ ਤਾਨਾਸ਼ਾਹੀ ਵਰਗਾ ਹੋ ਜਾਵੇਗਾ।
ਕਈ ਟੈਕ ਕੰਪਨੀਆਂ ਦੁਨੀਆ ਨੂੰ ਬਿਹਤਰ ਬਣਾਉਣ ਦੀਆਂ ਗੱਲਾਂ ਕਰਦੀਆਂ ਹਨ ਪਰ ਫਿਰ ਆਪਣੀ ਕਮਾਈ ਵਧਾਉਣ ਵਿਚ ਲੱਗ ਜਾਂਦੀਆਂ ਹਨ। ਓਪਨਏਆਈ ਦੀ ਸ਼ੁਰੂਆਤ ਵਾਲੀ ਸੋਚ ਵੱਖਰੀ ਸੀ। ਇਸ ਦੇ ਬਾਨੀਆਂ (ਸੈਮ ਆਲਟਮੈਨ, ਇਲਿਆ ਸੁਤਸਕੇਵਰ, ਗ੍ਰੈਗ ਬ੍ਰੌਕਮੈਨ ਅਤੇ ਐਲਨ ਮਸਕ) ਨੇ ਕਿਹਾ ਸੀ ਕਿ ਏਆਈ ਇਨਸਾਨੀ ਇਤਿਹਾਸ ਦੀ ਸਭ ਤੋਂ ਤਾਕਤਵਰ ਅਤੇ ਖਤਰਨਾਕ ਚੀਜ਼ ਹੋ ਸਕਦੀ ਹੈ। ਇਸ ਲਈ ਇੱਕ ਵਿਸ਼ੇਸ਼ ਕਾਰਪੋਰੇਟ ਢਾਂਚੇ ਦੀ ਲੋੜ ਹੈ। ਇਹ ਗੈਰ-ਲਾਭਕਾਰੀ ਸੰਸਥਾ ਵਜੋਂ ਸ਼ੁਰੂ ਹੋਈ ਸੀ ਅਤੇ ਬੋਰਡ ਦੀ ਜ਼ਿੰਮੇਵਾਰੀ ਸੀ ਕਿ ਇਨਸਾਨੀਅਤ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਪਰ ਹੁਣ ਇਹ ਬਦਲ ਗਿਆ ਹੈ।
ਏਆਈ ਇਨਸਾਨਾਂ ਨੂੰ ਭਰਮ ਵਿਚ ਰੱਖ ਕੇ ਆਪਣੇ ਟੀਚੇ ਪੂਰੇ ਕਰ ਸਕਦਾ ਹੈ। ਇਸ ਤੋਂ ਇਲਾਵਾ ਏਆਈ ਇਨਸਾਨੀ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਨਿਗਰਾਨੀ ਵਧਾ ਸਕਦਾ ਹੈ ਅਤੇ ਸਰਕਾਰੀ ਡੀਲਾਂ ਰਾਹੀਂ ਆਮ ਲੋਕਾਂ ਦੀ ਪ੍ਰਾਈਵੇਸੀ ਖਤਮ ਕਰ ਸਕਦਾ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਏਆਈ ਪਰਮਾਣੂ ਬੰਬ ਤੋਂ ਵੀ ਵੱਧ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਹ ਖੁਦ ਫੈਸਲੇ ਲੈਣ ਦੇ ਯੋਗ ਹੋ ਜਾਵੇਗਾ।
ਇਹ ਰਿਪੋਰਟ ਸਿਰਫ ਓਪਨਏਆਈ ਬਾਰੇ ਨਹੀਂ, ਬਲਕਿ ਪੂਰੀ ਏਆਈ ਤਕਨੀਕ ਉੱਤੇ ਚਰਚਾ ਛੇੜ ਰਹੀ ਹੈ। ਏਆਈ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਰਿਹਾ ਹੈ ਪਰ ਇਸ ਦੀ ਤਾਕਤ ਇੰਨੀ ਵੱਡੀ ਹੈ ਕਿ ਇਸ ਨੂੰ ਗਲਤ ਹੱਥਾਂ ਵਿਚ ਪੈਣ ਤੋਂ ਬਚਾਉਣਾ ਲਾਜ਼ਮੀ ਹੈ। ਰਿਪੋਰਟ ਇਹ ਚੇਤਾਵਨੀ ਦਿੰਦੀ ਹੈ ਕਿ ਜੇ ਏਆਈ ਉੱਤੇ ਥੋੜ੍ਹੇ ਲੋਕਾਂ ਦਾ ਕਬਜ਼ਾ ਰਿਹਾ ਤਾਂ ਇਹ ਤਾਨਾਸ਼ਾਹੀ ਵਰਗੀ ਸਥਿਤੀ ਬਣ ਸਕਦੀ ਹੈ। ਇਸ ਲਈ ਸਰਕਾਰਾਂ, ਵਿਗਿਆਨੀਆਂ ਅਤੇ ਆਮ ਲੋਕਾਂ ਨੂੰ ਏਆਈ ਸੁਰੱਖਿਆ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਇਸ ਰਿਪੋਰਟ ਤੋਂ ਬਾਅਦ ਦੁਨੀਆ ਭਰ ਵਿਚ ਏਆਈ ਨਿਯਮਾਂ ਉੱਤੇ ਚਰਚਾ ਤੇਜ਼ ਹੋ ਗਈ ਹੈ। ਓਪਨਏਆਈ ਵੱਲੋਂ ਇਸ ਉੱਤੇ ਕੋਈ ਰਸਮੀ ਜਵਾਬ ਆਉਣਾ ਬਾਕੀ ਹੈ। ਲੋਕਾਂ ਲਈ ਇਹ ਸਮੇਂ ਦੀ ਮੰਗ ਹੈ ਕਿ ਏਆਈ ਨੂੰ ਲਾਭਕਾਰੀ ਬਣਾਉਣ ਵਾਲੀਆਂ ਤਕਨੀਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਪਰ ਖਤਰਿਆਂ ਤੋਂ ਬਚਾਉਣ ਲਈ ਸਖ਼ਤ ਨਿਯਮ ਬਣਾਏ ਜਾਣ। ਏਆਈ ਇਨਸਾਨੀ ਤਰੱਕੀ ਲਈ ਵਰਦਾਨ ਵੀ ਬਣ ਸਕਦਾ ਹੈ ਅਤੇ ਅਭਿਸ਼ਾਪ ਵੀ – ਇਹ ਸਾਡੇ ਹੱਥ ਵਿਚ ਹੈ ਕਿ ਅਸੀਂ ਇਸ ਨੂੰ ਕਿਵੇਂ ਵਰਤਦੇ ਹਾਂ।


