Accident News: ਚੱਲਦੀ ਬੋਲੈਰੋ ਕਾਰ ਤੇ ਪਲਟ ਗਿਆ ਤੂੜੀ ਨਾਲ ਭਰਿਆ ਟਰੱਕ, ਰੂਹ ਕੰਬਾਉਣ ਵਾਲੀ ਵੀਡਿਓ ਹੋਈ ਵਾਇਰਲ
ਕਮਜ਼ੋਰ ਦਿਲ ਵਾਲੇ ਲੋਕ ਬਿਲਕੁਲ ਨਾ ਦੇਖਣ ਇਹ ਵੀਡੀਓ

By : Annie Khokhar
Rampur Bolero Accident News: ਹਰ ਰੋਜ਼ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਅਤੇ ਆਪਣੇ ਅਜ਼ੀਜ਼ਾਂ ਦੀਆਂ ਜਾਨਾਂ ਗੁਆ ਦਿੰਦੇ ਹਨ। ਪੁਲਿਸ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਦੀ ਲਗਾਤਾਰ ਤਾਕੀਦ ਕਰਦੀ ਰਹਿੰਦੀ ਹੈ। ਇਸ ਦੌਰਾਨ, ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਤੁਹਾਡੀ ਰੂਹ ਕੰਬਾ ਸਕਦਾ ਹੈ। ਇਹ ਬੇਹੱਦ ਭਿਆਨਕ ਹਾਦਸਾ ਉੱਤਰ ਪ੍ਰਦੇਸ਼ ਵਿੱਚ ਵਾਪਰਿਆ ਹੈ, ਜਿਸ ਵਿੱਚ ਇੱਕ ਓਵਰਲੋਡ ਟਰੱਕ ਇੱਕ ਬੋਲੈਰੋ ਗੱਡੀ ਉੱਪਰ ਪਲਟ ਗਿਆ। ਇਸ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡਿਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਹ ਘਟਨਾ ਰਾਮਪੁਰ ਜ਼ਿਲ੍ਹੇ ਦੇ ਗੰਜ ਥਾਣਾ ਖੇਤਰ ਦੇ ਪਹਾੜੀ ਗੇਟ 'ਤੇ ਵਾਪਰੀ। ਆਓ ਜਾਣਦੇ ਹਾਂ ਪੂਰੀ ਘਟਨਾ ਬਾਰੇ ਵਿਸਤਾਰ ਨਾਲ:
ਐਤਵਾਰ ਨੂੰ, ਗੰਜ ਥਾਣਾ ਖੇਤਰ ਦੇ ਪਹਾੜੀ ਗੇਟ ਦੇ ਨੇੜੇ ਇੱਕ ਤੂੜੀ ਨਾਲ ਭਰਿਆ ਟਰੱਕ ਲੰਘ ਰਿਹਾ ਸੀ। ਇਸ ਦਰਮਿਆਨ ਉੱਤਰ ਪ੍ਰਦੇਸ਼ ਸਰਕਾਰ ਦਾ ਲੋਗੋ ਵਾਲੀ ਇੱਕ ਬੋਲੈਰੋ ਗੱਡੀ ਨੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ, ਜਿਸ ਕਾਰਨ ਪਿੱਛੇ ਤੋਂ ਆ ਰਿਹਾ ਇੱਕ ਟਰੱਕ ਬੋਲੈਰੋ ਤੋਂ ਬਚਣ ਦੀ ਥਾਂ ਉਸ ਉੱਤੇ ਹੀ ਪਲਟ ਗਿਆ। ਹਾਦਸੇ ਵਿੱਚ ਬੋਲੈਰੋ ਡਰਾਈਵਰ ਦੀ ਮੌਤ ਹੋ ਗਈ। ਦੇਖੋ ਇਹ ਦਿਲ ਦਹਿਲਾ ਦੇਣ ਵਾਲਾ ਵੀਡਿਓ
ਪੁਲਿਸ ਮੌਕੇ 'ਤੇ ਪਹੁੰਚੀ
ਘਟਨਾ ਦੀ ਜਾਣਕਾਰੀ ਮਿਲਦੇ ਹੀ, ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਇੱਕ ਕਰੇਨ ਅਤੇ ਜੇਸੀਬੀ ਦੀ ਮਦਦ ਨਾਲ ਟਰੱਕ ਨੂੰ ਚੁੱਕਿਆ ਗਿਆ। ਹੇਠਾਂ ਫਸੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਡਰਾਈਵਰ ਦੀ ਪਛਾਣ ਫਿਰਾਸਤ ਵਜੋਂ ਹੋਈ ਹੈ। ਉਸ ਕੋਲੋਂ ਇੱਕ ਮੋਬਾਈਲ ਫ਼ੋਨ ਨੰਬਰ ਮਿਲਿਆ ਹੈ, ਜਿਸ ਰਾਹੀਂ ਪੁਲਿਸ ਉਸਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਬੋਲੈਰੋ ਐਸਡੀਓ ਨਗੇਂਦਰ ਕੁਮਾਰ ਦੀ ਹੈ। ਘਟਨਾ ਸਮੇਂ ਉਹ ਕਾਰ ਵਿੱਚ ਨਹੀਂ ਸੀ।
ਵੀਡੀਓ ਹੋਇਆ ਵਾਇਰਲ
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਵਾਇਰਲ ਵੀਡੀਓ 'ਤੇ ਕਮੈਂਟ ਕਰ ਰਹੇ ਹਨ ਅਤੇ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਹਨ। ਕੁਝ ਟਰੱਕ ਡਰਾਈਵਰ 'ਤੇ ਲਾਪਰਵਾਹੀ ਦਾ ਦੋਸ਼ ਲਗਾ ਰਹੇ ਹਨ, ਜਦੋਂ ਕਿ ਕੁਝ ਬੋਲੈਰੋ ਡਰਾਈਵਰ 'ਤੇ ਦੋਸ਼ ਲਗਾ ਰਹੇ ਹਨ।


