ਰੋਡ ’ਤੇ ਜਾਂਦੇ ਸਮੇਂ ਹੀ ਚਾਰਜ ਹੋਵੇਗੀ ਗੱਡੀ!
ਮਿਸ਼ੀਗਨ, 10 ਫਰਵਰੀ : ਤੁਸੀਂ ਵਾਇਰਲੈੱਸ ਮੋਬਾਇਲ ਚਾਰਜਿੰਗ ਦੀ ਵਰਤੋਂ ਤਾਂ ਬਹੁਤ ਵਾਰ ਕੀਤੀ ਹੋਵੇਗੀ ਪਰ ਕੀ ਤੁਸੀਂ ਕਿਸੇ ਗੱਡੀ ਦੀ ਬੈਟਰੀ ਨੂੰ ਵਾਇਰਲੈੱਸ ਰਾਹੀਂ ਚਾਰਜ ਹੁੰਦੇ ਦੇਖਿਆ ਏ,, ਉਹ ਵੀ ਬਿਨਾਂ ਕਿਤੇ ਖੜ੍ਹੇ ਸੜਕ ’ਤੇ ਜਾਂਦੇ ਸਮੇਂ? ਕਾਰਨਾਮਾ ਹੈਰਾਨੀਜਨਕ ਐ ਪਰ ਵਿਗਿਆਨ ਦੇ ਲਈ ਕੁੱਝ ਵੀ ਅਸੰਭਵ ਨਹੀਂ। ਇਹ ਬੇਹੱਦ ਆਧੁਨਿਕ ਤਕਨੀਕ ਡਿਟ੍ਰੋਇਟ ਦੇ […]
By : Makhan Shah
ਮਿਸ਼ੀਗਨ, 10 ਫਰਵਰੀ : ਤੁਸੀਂ ਵਾਇਰਲੈੱਸ ਮੋਬਾਇਲ ਚਾਰਜਿੰਗ ਦੀ ਵਰਤੋਂ ਤਾਂ ਬਹੁਤ ਵਾਰ ਕੀਤੀ ਹੋਵੇਗੀ ਪਰ ਕੀ ਤੁਸੀਂ ਕਿਸੇ ਗੱਡੀ ਦੀ ਬੈਟਰੀ ਨੂੰ ਵਾਇਰਲੈੱਸ ਰਾਹੀਂ ਚਾਰਜ ਹੁੰਦੇ ਦੇਖਿਆ ਏ,, ਉਹ ਵੀ ਬਿਨਾਂ ਕਿਤੇ ਖੜ੍ਹੇ ਸੜਕ ’ਤੇ ਜਾਂਦੇ ਸਮੇਂ? ਕਾਰਨਾਮਾ ਹੈਰਾਨੀਜਨਕ ਐ ਪਰ ਵਿਗਿਆਨ ਦੇ ਲਈ ਕੁੱਝ ਵੀ ਅਸੰਭਵ ਨਹੀਂ। ਇਹ ਬੇਹੱਦ ਆਧੁਨਿਕ ਤਕਨੀਕ ਡਿਟ੍ਰੋਇਟ ਦੇ ਮਿਸ਼ੀਗਨ ਸ਼ਹਿਰ ਦੀ 14 ਸਟ੍ਰੀਟ ’ਤੇ ਅਪਣਾਈ ਗਈ ਐ ਜੋ ਅਮਰੀਕਾ ਦੀ ਪਹਿਲੀ ਅਜਿਹੀ ਸੜਕ ਐ, ਜਿੱਥੇ ਚਲਦੇ ਸਮੇਂ ਇਲੈਕਟ੍ਰਿਕ ਗੱਡੀਆਂ ਦੀ ਬੈਟਰੀ ਘੱਟਦੀ ਨਹੀਂ ਬਲਕਿ ਹੋਰ ਚਾਰਜ ਹੋ ਜਾਂਦੀ ਐ।
ਮੌਜੂਦਾ ਸਮੇਂ ਪਟਰੌਲ ਡੀਜ਼ਲ ਗੱਡੀਆਂ ਦੀ ਥਾਂ ਇਲੈਕਟ੍ਰਿਕ ਗੱਡੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਏ, ਜਿਸ ਦੇ ਲਈ ਦੁਨੀਆ ਵਿਚ ਵੱਖ ਵੱਖ ਤਰ੍ਹਾਂ ਦੀਆਂ ਤਕਨੀਕਾਂ ਇਜ਼ਾਦ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਇਲੈਕਟ੍ਰਿਕ ਗੱਡੀਆਂ ਖ਼ਰੀਦਣ ਵਾਲਿਆਂ ਲਈ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ। ਅਮਰੀਕਾ ਵਿਚ ਡਿਟ੍ਰੋਇਟ ਦੇ ਮਿਸ਼ੀਗਨ ਸ਼ਹਿਰ ਦੀ ਸਟਰੀਟ ਨੰਬਰ 14 ਅਜਿਹੀ ਸੜਕ ਐ, ਜਿੱਥੇ ਤੁਸੀਂ ਕਿੰਨਾ ਹੀ ਇਲੈਕਟ੍ਰਿਕ ਗੱਡੀਆਂ ਚਲਾ ਲਓ, ਉਨ੍ਹਾਂ ਦੀ ਕਦੇ ਬੈਟਰੀ ਖ਼ਤਮ ਨਹੀਂ ਹੋਵੇਗੀ,, ਬਲਕਿ ਹੋਰ ਚਾਰਜ ਹੋ ਜਾਵੇਗੀ। ਦਰਅਸਲ ਇੱਥੋਂ ਦੀ 400 ਮੀਟਰ ਸੜਕ ਅਜਿਹੀ ਤਕਨੀਕ ਨਾਲ ਬਣਾਈ ਗਈ ਐ, ਜਿਸ ਵਿਚ ਵਾਇਰਲੈੱਸ ਚਾਰਜਿੰਗ ਤਕਨੀਕ ਫਿੱਟ ਕੀਤੀ ਗਈ ਐ। ਜਿਵੇਂ ਹੀ ਕੋਈ ਇਲੈਕਟ੍ਰਿਕ ਗੱਡੀ ਇਸ ਸੜਕ ਉਪਰੋਂ ਲੰਘਦੀ ਐ ਤਾਂ ਉਹ ਆਪਣੇ ਆਪ ਚਾਰਜ ਹੋਣੀ ਸ਼ੁਰੂ ਹੋ ਜਾਂਦੀ ਐ।
ਦਰਅਸਲ ਇਸ ਸੜਕ ਦੇ ਹੇਠਾਂ ਇਲੈਕਟਰੋ ਮੈਗਨੈਟਿਕ ਕੋਇਲਜ਼ ਵਿਛਾਈਆਂ ਗਈਆਂ ਨੇ ਜੋ ਸ਼ਹਿਰ ਦੇ ਪਾਵਰ ਗਰਿੱਡ ਨਾਲ ਜੁੜੀਆਂ ਹੋਈਆਂ ਨੇ। ਇਸ ਨਾਲ ਸੜਕ ਦੇ ਬਿਲਕੁਲ ਉਪਰ ਇੱਕ ਇਲੈਕਟਰੋ ਮੈਗਨੈਟਿਕ ਫੀਲਡ ਤਿਆਰ ਕੀਤਾ ਜਾਂਦਾ ਏ ਜੋ ਗੱਡੀਆਂ ਦੀ ਬੈਟਰੀ ਨਾਲ ਜੁੜੇ ਰਿਸੀਵਰ ਨੂੰ ਊਰਜਾ ਪ੍ਰਦਾਨ ਕਰਦਾ ਏ। ਇਸ ਤਕਨੀਕ ਨੂੰ ‘ਇੰਡਕਟਿਵ ਚਾਰਜਿੰਗ’ ਕਿਹਾ ਜਾਂਦਾ ਏ। ਇਹ ਬਿਲਕੁਲ ਓਵੇਂ ਹੀ ਐ, ਜਿਵੇਂ ਮੋਬਾਇਲ ਨੂੰ ਚਾਰਜ ਕਰਨ ਲਈ ਵਰਤੇ ਜਾਂਦੀ ਵਾਇਰਲੈੱਸ ਤਕਨੀਕ ਹੁੰਦੀ ਐ। ਇਸ ਤਕਨੀਕ ਨੂੰ ਇਸ ਕਰਕੇ ਹੋਂਦ ਵਿਚ ਲਿਆਂਦਾ ਜਾ ਰਿਹਾ ਏ ਤਾਂ ਜੋ ਲੋਕਾਂ ਲਈ ਇਲੈਕਟ੍ਰਿਕ ਗੱਡੀਆਂ ਦੀ ਵਰਤੋਂ ਦੌਰਾਨ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ ਕਿਉਂਕਿ ਲੋਕ ਅਕਸਰ ਇਸ ਡਰੋਂ ਇਲੈਕਟ੍ਰਿਕ ਗੱਡੀਆਂ ਨਹੀਂ ਖ਼ਰੀਦਦੇ ਕਿ ਉਹ ਇਨ੍ਹਾਂ ਗੱਡੀਆਂ ’ਤੇ ਦੂਰ ਦੂਰਾਡੇ ਨਹੀਂ ਜਾ ਸਕਦੇ ਪਰ ਜੇਕਰ ਸਾਰੇ ਪਾਸੇ ਅਜਿਹੀਆਂ ਸੜਕਾਂ ਬਣ ਜਾਣ ਤਾਂ ਲੋਕਾਂ ਨੂੰ ਇਲੈਕਟ੍ਰਿਕ ਗੱਡੀਆਂ ਖ਼ਰੀਦਣ ਵਿਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਇਲੈਕਟ੍ਰੋਨ ਵਾਇਰਲੈੱਸ ਚਾਰਜਿੰਗ ਤਕਨੀਕ ਦੇ ਪਾਇਲਟ ਪ੍ਰੋਜੈਕਟ ਯੂਰਪ, ਏਸ਼ੀਆ, ਅਮਰੀਕਾ ਦੀਆਂ ਚੋਣਵੀਆਂ ਥਾਵਾਂ ’ਤੇ ਸ਼ੁਰੂ ਕੀਤੇ ਜਾ ਰਹੇ ਨੇ। ਡਿਟਰੋਇਟ ਵਿਚ ਇਹ ਤਕਨੀਕ ਨਵੰਬਰ ਮਹੀਨੇ ਸ਼ੁਰੂ ਕੀਤੀ ਗਈ ਸੀ ਪਰ ਜਲਦ ਹੀ ਸਮਾਰਟ ਰੋਡ ਨੂੰ ਵਧਾ ਕੇ ਇਕ ਮੀਲ ਤੱਕ ਕੀਤਾ ਜਾਵੇਗਾ। ਮਿਸ਼ਗਿਨ ਦੇ ਚੀਫ਼ ਮੋਬਿਲਿਟੀ ਅਫ਼ਸਰ ਜਸਟੀਨ ਜੋਹਨਸਨ ਦਾ ਕਹਿਣਾ ਏ ਕਿ ਇਹ ਮਿਸ਼ੀਗਨ ਦੇ ਗਵਰਨਰ ਗ੍ਰੇਚਨ ਵਹਿਟਮਰ ਦੇ ਸੂਬੇ ਦੇ ਆਵਾਜਾਈ ਢਾਂਚੇ ਨੂੰ 2030 ਤੱਕ ‘ਕਾਰਬਨ ਨਿਊਟਰਲ’ ਬਣਾਉਣ ਦੇ ਟੀਚੇ ਦਾ ਹਿੱਸਾ ਐ, ਜਿਸ ਵਿਚ ਸਾਲ 2030 ਤੱਕ ਇਲੈਕਟ੍ਰਿਕ ਗੱਡੀਆਂ ਚਾਰਜ ਕਰਨ ਲਈ ਲੋੜੀਂਦਾ ਢਾਂਚਾ, ਵਾਇਰਲੈੱਸ ਚਾਰਜਿੰਗ ਰੋਡਜ਼ ’ਤੇ ਧਿਆਨ ਦੇਣ ਅਤੇ ਇੱਕ ਮਿਲੀਅਨ ਇਲੈਕਟ੍ਰਿਕ ਵਾਹਨਾਂ ਦੇ ਲਈ ਇਕ ਲੱਖ ਚਾਰਜਰ ਮੁਹੱਈਆ ਕਰਵਾਉਣਾ ਵੀ ਸ਼ਾਮਲ ਐ। ਡਿਟਰੋਇਟ ਸ਼ਹਿਰ ਨੂੰ ‘ਮੋਟਰ ਸਿਟੀ’ ਵਜੋਂ ਜਾਣਿਆਂ ਜਾਂਦਾ ਏ ਅਤੇ ਅਜਿਹੀ ਆਧੁਨਿਕ ਤਕਨੀਕ ਦੀ ਵਰਤੋਂ ਲਈ ਇਸ ਤੋਂ ਢੁਕਵੀਂ ਥਾਂ ਹੋਰ ਕੋਈ ਨਹੀਂ ਹੋ ਸਕਦੀ।
ਇਕ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਇਸ ਤਕਨੀਕ ਨੂੰ ਲਗਾਉਣ ਦਾ ਪ੍ਰਤੀ ਮੀਲ ਖ਼ਰਚਾ 2 ਮਿਲੀਅਨ ਡਾਲਰ ਦੇ ਕਰੀਬ ਦੱਸਿਆ ਜਾ ਰਿਹਾ ਏ, ਜਿਸ ਕਰਕੇ ਕੁੱਝ ਮਾਹਿਰਾਂ ਵੱਲੋਂ ਸਵਾਲ ਉਠਾਏ ਜਾ ਰਹੇ ਨੇ ਕਿ ਇੰਨੀ ਮਹਿੰਗੀ ਤਕਨੀਕ ਨੂੰ ਵੱਡੇ ਪੱਧਰ ’ਤੇ ਕਿਵੇਂ ਲਾਗੂ ਕੀਤਾ ਜਾਵੇਗਾ? ਇਸੇ ਤਰ੍ਹਾਂ ਹਾਰਵਰਡ ਲਾਅ ਸਕੂਲ ਵਿਚ ਬਿਹੇਵੀਅਰਲ ਇਕੋਨੋਮਿਕਸ ਦਾ ਅਧਿਐਨ ਕਰਨ ਵਾਲੇ ਐਸ਼ਲੇ ਨੁਨਸ ਦਾ ਕਹਿਣਾ ਏ ਕਿ ਵਾਇਰਲੈੱਸ ਚਾਰਜਿੰਗ ਕਾਗਜ਼ਾਂ ਵਿਚ ਹੀ ਚੰਗੀ ਲਗਦੀ ਐ, ਇੰਨੀ ਮਹਿੰਗੀ ਤਕਨੀਕ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਮੁਸ਼ਕਲ ਐ,ਪਰ ਇਲੈਕਟਰੀਓਨ ਕੰਪਨੀ ’ਚ ਬਿਜਨੈੱਸ ਡਿਵੈਲਪਮੈਂਟ ਦੇ ਮੀਤ ਪ੍ਰਧਾਨ ਸਟੀਫ਼ਨ ਟੋਂਗੁਰ ਦਾ ਕਹਿਣਾ ਏ ਕਿ ਇਸ ਤਕਨੀਕ ਦੀ ਕੀਮਤ ਹੌਲੀ ਹੌਲੀ ਘੱਟਣੀ ਸ਼ੁਰੂ ਹੋ ਜਾਵੇਗੀ ਅਤੇ ਰਿਸੀਵਰ ਦਾ ਮੁੱਲ ਵੀ ਘੱਟ ਕੇ ਇਕ ਹਜ਼ਾਰ ਡਾਲਰ ਹੋ ਜਾਵੇਗਾ। ਉਨ੍ਹਾਂ ਮੁਤਾਬਕ ਬੇਸ਼ੱਕ ਇਹ ਤਕਨੀਕ ਹਰ ਸੜਕ ਦੇ ਥੱਲੇ ਨਹੀਂ ਲਗਾਈ ਜਾ ਸਕਦੀ ਪਰ ਕੰਪਨੀ ਸ਼ੁਰੂਆਤ ਵਿਚ ਟਰਾਂਸਿਟ ਕੋਰੀਡੋਰ ’ਤੇ ਧਿਆਨ ਦੇ ਰਹੀ ਐ, ਜਿੱਥੇ ਵਪਾਰਕ ਗੱਡੀਆਂ ਜਿਵੇਂ ਬੱਸ ਅਤੇ ਟਰੱਕ ਮਿੱਥੇ ਸਮੇਂ ’ਤੇ ਆਉਂਦੇ ਨੇ, ਇਨ੍ਹਾਂ ਵਾਹਨਾਂ ਨੂੰ ਰੋਕਣ ਦੀ ਥਾਂ ਸੜਕ ’ਤੇ ਚਲਦਿਆਂ ਹੀ ਚਾਰਜ ਕਰਨ ਦੇ ਫਾਇਦੇ ਹੋਣਗੇ।
ਜਿੱਥੇ ਫਰਾਂਸ ਵੱਲੋਂ ਸਾਲ 2035 ਤੱਕ ਯੂਰਪ ਵਿਚ 8,850 ਕਿਲੋਮੀਟਰ ਅਜਿਹੇ ਇਲੈਕਟਰੀਫਾਈਡ ਰੋਡਜ਼ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਐ, ਉੱਥੇ ਹੀ ਜਰਮਨੀ 4000 ਕਿਲੋਮੀਟਰ ਸੜਕ ’ਤੇ ਅਜਿਹੀ ਤਕਨੀਕ ਨੂੰ ਵਰਤੋਂ ਵਿਚ ਲਿਆਉਣ ਦੀ ਤਿਆਰੀ ਚੱਲ ਰਹੀ ਐ। ਜੇਕਰ ਸਵੀਡਨ ਦੀ ਗੱਲ ਕਰੀਏ ਤਾਂ ਉਹ ਵੀ 2000 ਕਿਲੋਮੀਟਰ ਸੜਕ ’ਤੇ ਇਸ ਤਕਨੀਕ ਨੂੰ ਲਗਾਉਣ ਲਈ 3.8 ਬਿਲੀਅਨ ਡਾਲਰ ਦਾ ਖਰਚਾ ਜਾ ਰਿਹਾ ਏ। ਇਸ ਤੋਂ ਇਲਾਵਾ ਟੋਯੋਟਾ, ਬੀਐਮਡਬਲਯੂ, ਫੋਰਡ ਅਤੇ ਟੈਸਲਾ ਵਰਗੀਆਂ ਵੱਡੀਆਂ ਮੋਟਰ ਕੰਪਨੀਆਂ ਵੀ ਅਜਿਹੀ ਤਕਨੀਕ ’ਤੇ ਕੰਮ ਕਰ ਰਹੀਆਂ ਨੇ। ਉਂਝ ਭਾਰਤ ਵੱਲੋਂ ਇਸ ਮਾਮਲੇ ਵਿਚ ਕਾਫ਼ੀ ਕੁੱਝ ਕੀਤਾ ਜਾ ਰਿਹਾ ਏ। ਸੋ ਇਨ੍ਹਾਂ ਤਿਆਰੀਆਂ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਏ ਕਿ ਆਉਣ ਵਾਲੇ ਕੁੱਝ ਸਾਲਾਂ ਵਿਚ ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿਚ ਵੱਡੀ ਕ੍ਰਾਂਤੀ ਆਉਣ ਵਾਲੀ ਐ।
ਸੋ ਤੁਹਾਡਾ ਇਸ ਮਾਮਲੇ ਨੂੰ ਲੈਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ