ਚੰਡੀਗੜ੍ਹ ’ਚੋਂ ਰੋਜ਼ਾਨਾ ਲਾਪਤਾ ਹੋ ਰਹੀਆਂ 4 ਕੁੜੀਆਂ!
ਚੰਡੀਗੜ੍ਹ, 6 ਸਤੰਬਰ (ਸ਼ਾਹ) : ਦੇਸ਼ ’ਚ ਮਨੁੱਖੀ ਤਸਕਰੀ ਖ਼ਾਸ ਕਰਕੇ ਕੁੜੀਆਂ ਅਤੇ ਔਰਤਾਂ ਦੇ ਲਾਪਤਾ ਹੋਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਹੁਣ ਕੁੜੀਆਂ ਲਾਪਤਾ ਹੋਣ ਦੇ ਮਾਮਲੇ ਵਿਚ ਚੰਡੀਗੜ੍ਹ ਦਾ ਨਾਮ ਸਭ ਤੋਂ ਉਪਰ ਆ ਚੁੱਕਿਆ ਏ। ਜੀ ਹਾਂ, ਇਹ ਸਨਸਨੀਖੇਜ਼ ਖ਼ੁਲਾਸਾ ਦੇਸ਼ ਭਰ ਲਾਪਤਾ ਲੜਕੀਆਂ ਸਬੰਧੀ ਇਕ ਰਿਪੋਰਟ ਵਿਚ ਹੋਇਆ ਏ, […]
By : Hamdard Tv Admin
ਚੰਡੀਗੜ੍ਹ, 6 ਸਤੰਬਰ (ਸ਼ਾਹ) : ਦੇਸ਼ ’ਚ ਮਨੁੱਖੀ ਤਸਕਰੀ ਖ਼ਾਸ ਕਰਕੇ ਕੁੜੀਆਂ ਅਤੇ ਔਰਤਾਂ ਦੇ ਲਾਪਤਾ ਹੋਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਹੁਣ ਕੁੜੀਆਂ ਲਾਪਤਾ ਹੋਣ ਦੇ ਮਾਮਲੇ ਵਿਚ ਚੰਡੀਗੜ੍ਹ ਦਾ ਨਾਮ ਸਭ ਤੋਂ ਉਪਰ ਆ ਚੁੱਕਿਆ ਏ। ਜੀ ਹਾਂ, ਇਹ ਸਨਸਨੀਖੇਜ਼ ਖ਼ੁਲਾਸਾ ਦੇਸ਼ ਭਰ ਲਾਪਤਾ ਲੜਕੀਆਂ ਸਬੰਧੀ ਇਕ ਰਿਪੋਰਟ ਵਿਚ ਹੋਇਆ ਏ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ।
ਭਾਵੇਂ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਦੇਸ਼ ਭਰ ਵਿਚ ਹੀ ਲਗਾਤਾਰ ਵਧਦੇ ਜਾ ਰਹੇ ਨੇ ਪਰ ਕੁੜੀਆਂ ਦੇ ਗਾਇਬ ਹੋਣ ਦੇ ਮਾਮਲੇ ਵਿਚ ਚੰਡੀਗੜ੍ਹ ਦਾ ਨਾਮ ਸਭ ਤੋਂ ਅੱਗੇ ਆ ਚੁੱਕਿਆ ਏ, ਜਿੱਥੇ ਰੋਜ਼ਾਨਾ ਤਿੰਨ ਤੋਂ ਚਾਰ ਕੁੜੀਆਂ ਅਤੇ ਔਰਤਾਂ ਗਾਇਬ ਹੋ ਰਹੀਆਂ ਨੇ।
ਇਹ ਖ਼ੁਲਾਸਾ ਬੀਤੇ ਦਿਨੀਂ ਰਾਜ ਸਭਾ ਵਿਚ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਵੱਲੋਂ ਪੇਸ਼ ਕੀਤੀ ਗਈ ਇਕ ਰਿਪੋਰਟ ਵਿਚ ਹੋਇਆ। ਰਿਪੋਰਟ ਮੁਤਾਬਕ ਸਾਹਮਣੇ ਆ ਰਹੇ ਅੰਕੜੇ ਬੇਹੱਦ ਚਿੰਤਾਜਨਕ ਨੇ, ਜਿਸ ਨੂੰ ਲੈ ਕੇ ਚੰਡੀਗੜ੍ਹ ਵਾਸੀਆਂ ਵਿਚ ਵੀ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ।
ਰਾਜ ਸਭਾ ਵਿਚ ਪੇਸ਼ ਕੀਤੀ ਗਈ ਰਿਪੋਰਟ 18 ਸਾਲ ਤੋਂ ਘੱਟ ਅਤੇ 18 ਸਾਲ ਤੋਂ ਵੱਧ ਉਮਰ ਦੇ ਹਿਸਾਬ ਨਾਲ ਸ਼੍ਰੇਣੀ ਮੁਤਾਬਕ ਤਿਆਰ ਕੀਤੀ ਗਈ ਐ। ਜੇਕਰ ਸਾਲ 2019 ਤੋਂ 2021 ਤੱਕ ਦੀ ਰਿਪੋਰਟ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਇਨ੍ਹਾਂ ਤਿੰਨ ਸਾਲਾਂ ਦੌਰਾਨ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਲਾਪਤਾ ਹੋਣ ਦੇ 921 ਮਾਮਲੇ ਸਾਹਮਣੇ ਆਏ, ਜਦਕਿ ਇਨ੍ਹਾਂ ਸਾਲਾਂ ਦੌਰਾਨ ਹੀ 18 ਸਾਲ ਤੋਂ ਵੱਧ ਉਮਰ ਦੀਆਂ 3669 ਔਰਤਾਂ ਚੰਡੀਗੜ੍ਹ ਤੋਂ ਲਾਪਤਾ ਹੋਈਆਂ।
ਯਾਨੀ ਜੇਕਰ ਦੋਵੇਂ ਅੰਕੜਿਆਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਤਿੰਨ ਸਾਲਾਂ ਵਿਚ ਔਸਤਨ ਰੋਜ਼ਾਨਾ 4 ਲੜਕੀਆਂ ਜਾਂ ਔਰਤਾਂ ਚੰਡੀਗੜ੍ਹ ਤੋਂ ਲਾਪਤਾ ਹੋ ਰਹੀਆਂ ਨੇ ਜੋ ਬੇਹੱਦ ਹੀ ਗੰਭੀਰ ਚਿੰਤਾ ਦਾ ਵਿਸ਼ਾ ਏ।
ਰਿਪੋਰਟ ਮੁਤਾਬਕ ਯੂਟੀ ਸ਼ਹਿਰਾਂ ਵਿਚ ਦਿੱਲੀ, ਜੰਮੂ ਅਤੇ ਕਸ਼ਮੀਰ ਤੋਂ ਬਾਅਦ ਤੀਜਾ ਕੇਂਦਰ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਹੀ ਐ, ਜਿੱਥੇ ਸਭ ਤੋਂ ਵੱਧ ਔਰਤਾਂ ਜਾਂ ਲੜਕੀਆਂ ਲਾਪਤਾ ਹੋ ਰਹੀਆਂ ਨੇ। ਜੇਕਰ 2019 ਤੋਂ 2021 ਤੱਕ ਦੇ ਦਿੱਲੀ ਵਿਚਲੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਇਨ੍ਹਾਂ ਹੀ ਤਿੰਨ ਸਾਲਾਂ ਦੌਰਾਨ ਦਿੱਲੀ ਵਿਚੋਂ 18 ਸਾਲ ਤੋਂ ਘੱਟ ਉਮਰ ਦੀਆਂ 22919 ਲੜਕੀਆਂ ਅਤੇ 18 ਸਾਲ ਤੋਂ ਵੱਧ ਉਮਰ ਦੀਆਂ 61050 ਔਰਤਾਂ ਲਾਪਤਾ ਹੋਈਆਂ।
ਇਸੇ ਤਰ੍ਹਾਂ ਜੰਮੂ ਕਸ਼ਮੀਰ ਵਿਚ ਇਨ੍ਹਾਂ ਤਿੰਨ ਸਾਲਾਂ ਦੌਰਾਨ 18 ਸਾਲ ਤੋਂ ਘੱਟ ਉਮਰ ਦੀਆਂ 1148 ਲੜਕੀਆਂ ਗਾਇਬ ਹੋਈਆਂ ਜਦਕਿ 18 ਸਾਲਾਂ ਤੋਂ ਵੱਧ ਉਮਰ ਦੀਆਂ 8617 ਔਰਤਾਂ ਲਾਪਤਾ ਹੋਈਆਂ। ਇਸ ਰਿਪੋਰਟ ਮੁਤਾਬਕ ਔਰਤਾਂ ਅਤੇ ਲੜਕੀਆਂ ਲਾਪਤਾ ਹੋਣ ਦੇ ਮਾਮਲੇ ਪੰਜਾਬ ਨਾਲੋਂ ਹਰਿਆਣਾ ਵਿਚ ਜ਼ਿਆਦਾ ਨੇ, ਜਦਕਿ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਦੋਵਾਂ ਤੋਂ ਅੱਗੇ ਐ ਪਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇਸ ਮਾਮਲੇ ਵਿਚ ਤੀਜੇ ਨੰਬਰ ’ਤੇ ਆ ਚੁੱਕੀ ਐ।
ਦੱਸ ਦਈਏ ਕਿ ਸਰਕਾਰਾਂ ਵੱਲੋਂ ਭਾਵੇਂ ਮਨੁੱਖੀ ਤਸਕਰੀ ਨੂੰ ਰੋਕਣ ਅਤੇ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਦਾਅਵੇ ਵਾਅਦੇ ਕੀਤੇ ਜਾਂਦੇ ਨੇ ਪਰ ਮੌਜੂਦਾ ਰਿਪੋਰਟ ਨੇ ਸਰਕਾਰਾਂ ਦੇ ਸਾਰੇ ਦਾਅਵਿਆਂ ਨੂੰ ਠੁੱਸ ਕਰਕੇ ਰੱਖ ਦਿੱਤਾ ਏ।
ਹਾਲਾਂਕਿ ਲਾਪਤਾ ਹੋਈਆਂ ਲੜਕੀਆਂ ਜਾਂ ਔਰਤਾਂ ਵਿਚੋਂ ਕੁੱਝ ਮਿਲ ਵੀ ਜਾਂਦੀਆਂ ਨੇ ਪਰ ਬਹੁਤ ਸਾਰੀਆਂ ਅਜਿਹੀਆਂ ਨੇ ਜੋ ਹਮੇਸ਼ਾਂ ਲਈ ਗੁੰਮਸ਼ੁਦਾ ਹੋ ਕੇ ਰਹਿ ਜਾਂਦੀਆਂ ਨੇ ਅਤੇ ਉਨ੍ਹਾਂ ਦਾ ਕੋਈ ਪਤਾ ਟਿਕਾਣਾ ਨਹੀਂ ਲਗਦਾ। ਇਸ ਖ਼ਤਰਨਾਕ ਅਪਰਾਧ ਨੂੰ ਤੇਜ਼ੀ ਨਾਲ ਨੱਥ ਪਾਉਣ ਦੀ ਲੋੜ ਐ, ਨਹੀਂ ਤਾਂ ਇਸੇ ਤਰ੍ਹਾਂ ਲੜਕੀਆਂ ਮਨੁੱਖੀ ਤਸਕਰੀ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ।