ਗੁਰੂ ਰੰਧਾਵਾ ਖਿਲਾਫ਼ ਕ੍ਰਿਮੀਨਲ ਕੰਪਲੇਂਟ ਹੋਈ ਦਰਜ
ਪੰਜਾਬੀ ਪੋਪ ਗਾਇਕ ਗੁਰੂ ਰੰਧਾਵਾ ਇੱਕ ਵਾਰੀ ਫਿਰ ਤੋਂ ਸੁਰਖੀਆਂ ਵਿੱਚ ਹਨ। ਗੁਰੂ ਰੰਧਾਵਾ ਲਈ ਕਾਨੂੰਨੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਜੀ ਹਾਂ ਗੁਰੂ ਰੰਧਾਵਾ ਲਈ ਇਹ ਮੁਸ਼ਕਲਾਂ ਉਸ ਵੱਲੋਂ ਗਾਏ ਇੱਕ ਗੀਤ ਵਿੱਚ ਕੁੱਝ ਇਤਰਾਜ਼ਯੋਗ ਸ਼ਬਦਾਬਲੀ ਇਸਤੇਮਾਲ ਕਰਨ ਨੂੰ ਲੈ ਕੇ ਹੋਈ ਹੈ।

By : Makhan shah
ਸਮਰਾਲਾ – ਸ਼ੇਖਰ ਰਾਏ : ਪੰਜਾਬੀ ਪੋਪ ਗਾਇਕ ਗੁਰੂ ਰੰਧਾਵਾ ਇੱਕ ਵਾਰੀ ਫਿਰ ਤੋਂ ਸੁਰਖੀਆਂ ਵਿੱਚ ਹਨ। ਗੁਰੂ ਰੰਧਾਵਾ ਲਈ ਕਾਨੂੰਨੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਜੀ ਹਾਂ ਗੁਰੂ ਰੰਧਾਵਾ ਲਈ ਇਹ ਮੁਸ਼ਕਲਾਂ ਉਸ ਵੱਲੋਂ ਗਾਏ ਇੱਕ ਗੀਤ ਵਿੱਚ ਕੁੱਝ ਇਤਰਾਜ਼ਯੋਗ ਸ਼ਬਦਾਬਲੀ ਇਸਤੇਮਾਲ ਕਰਨ ਨੂੰ ਲੈ ਕੇ ਹੋਈ ਹੈ। ਦਰਅਸਲ ਸਮਰਾਲਾ ਨੇੜਲੇ ਪਿੰਡ ਬਰਮਾ ਦੇ ਇਕ ਵਿਅਕਤੀ ਦੀ ਸ਼ਿਕਾਇਤ ਦੇ ਅਧਾਰ 'ਤੇ ਸਮਰਾਲਾ ਟ੍ਰਾਇਲ ਕੋਰਟ ਵੱਲੋਂ ਗੁਰੂ ਰੰਧਾਵਾ ਨੂੰ 2 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਰਾਜਦੀਪ ਸਿੰਘ ਮਾਨ ਵਾਸੀ ਪਿੰਡ ਬਰਮਾ ਤਹਿਸੀਲ ਸਮਰਾਲਾ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਗਾਇਕ ਗੁਰੂ ਰੰਧਾਵਾ ਵੱਲੋਂ ਆਪਣੇ ਨਵੇਂ ਗਾਏ ਗੀਤ ‘ਸਿਰਾ’ ਵਿਚ ਇਕ ਇਤਰਾਜ਼ਯੋਗ ਲਾਈਨ ਵਰਤੀ ਗਈ ਹੈ, ਜੋ ਹੈ ‘ਜੰਮਿਆਂ ਨੂੰ ਗੁੜ੍ਹਤੀ ‘ਚ ਮਿਲਦੀ ਅਫੀਮ ਐ’।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮਗਰੋਂ ਸਾਡੇ ਵੱਲੋਂ ਗਾਇਕ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਨ੍ਹਾਂ ਲਾਇਨਾਂ ‘ਤੇ ਇਤਰਾਜ਼ ਜ਼ਾਹਿਰ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਗੁੜ੍ਹਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚ ਵੀ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ। ਇਸ ਲਈ ਜੋ ਤੁਸੀਂ ਗੁੜ੍ਹਤੀ ‘ਚ ਮਿਲਦੀ ਅਫੀਮ ਐ ਵਰਤਿਆ ਹੈ, ਇਸ ਨੂੰ ਹਟਾਇਆ ਜਾਵੇ।
ਇਸ ਮਗਰੋਂ ਗੁਰੂ ਰੰਧਾਵਾ ਵੱਲੋਂ ਜਵਾਬ ਆਇਆ ਕਿ ਅਸੀਂ ਯੂ-ਟਿਊਬ ਨੂੰ ਛੱਡ ਕੇ ਬਾਕੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਗੁੜ੍ਹਤੀ ‘ਚ ਮਿਲਦੀ ਅਫੀਮ ਐ, ਦੀ ਥਾਂ ਗੁੜ੍ਹਤੀ ‘ਚ ਮਿਲਦੀ ਜ਼ਮੀਨ ਕਰ ਦਿੰਦੇ ਹਾਂ। ਐਡਵੋਕੇਟ ਢਿੱਲੋਂ ਨੇ ਅੱਗੇ ਦੱਸਿਆ ਕਿ ਇਸ ਮਗਰੋਂ ਸਾਡੇ ਵੱਲੋਂ ਅਦਾਲਤ ਵਿਚ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਗਈ, ਜਿਸ ਤੋਂ ਬਾਅਦ ਗਾਇਕ ਨੂੰ 2 ਸਤੰਬਰ ਲਈ ਸੰਮਨ ਜਾਰੀ ਕਰ ਦਿੱਤਾ ਗਿਆ ਹੈ।
ਗੁਰੂ ਰੰਧਾਵਾ ਨੂੰ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਟਰੋਲੰਿਗ ਦਾ ਸਾਹਮਣਾ ਵੀ ਕਿਰਨਾ ਪਿਆ ਸੀ ਜਦੋਂ ਉਸ ਨੇ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਦੇ ਚੱਲ ਰਹੇ ਵਿਵਾਦ ਦੌਰਾਨ ਬਿਨ੍ਹਾਂ ਦਿਲਜੀਤ ਦਾ ਨਾਮ ਲਏ ਇੱਕ ਪੋਸਟ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਸੀ। ਜਿਸ ਉੱਪਰ ਦਿਲਜੀਤ ਨੂੰ ਚਾਹੁਣ ਵਾਲਿਆਂ ਨੇ ਗੁਰੂ ਰੰਧਾਵਾ ਦੀ ਇਸ ਪੋਸਟ ਨੂੰ ਲੈ ਉਸ ਨੂੰ ਖਰੀਆਂ ਖਰੀਆਂ ਸੁਨਾੳਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਸਭ ਤੋਂ ਬਾਅਦ ਗੁਰੂ ਰੰਧਾਵਾ ਨੇ ਆਪਣਾ ਸੌਸ਼ਲ ਮੀਡੀਆ ਅਕਾਉਂਟ ਹੀ ਬੰਦ ਕਰ ਦਿੱਤਾ ਸੀ।


