ਕਿਤੇ ਮਹਿੰਗੇ ਨਾ ਪੈ ਜਾਣ ਦਲ ਬਦਲੂ!
ਚੰਡੀਗੜ੍ਹ (SHAH) : ਲੋਕ ਸਭਾ ਚੋਣਾਂ ਨੂੰ ਲੈ ਕੇ ਮੌਜੂਦਾ ਸਮੇਂ ਭਾਵੇਂ ਸਾਰੇ ਦੇਸ਼ ਵਿਚ ਹੀ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਏ ਪਰ ਜੋ ਸਿਆਸੀ ਖੇਡ ਪੰਜਾਬ ਵਿਚ ਦੇਖਣ ਨੂੰ ਮਿਲ ਰਿਹਾ ਏ, ਅਜਿਹਾ ਪੰਜਾਬ ਵਾਸੀਆਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ। ਚੋਣਾਂ ਦਾ ਐਲਾਨ ਕਾਹਦਾ ਹੋਇਆ,, ਲੀਡਰਾਂ ਨੇ ਇੰਝ ਛੜੱਪੇ ਮਾਰਨੇ ਸ਼ੁਰੂ ਕਰ […]
By : Makhan Shah
ਚੰਡੀਗੜ੍ਹ (SHAH) : ਲੋਕ ਸਭਾ ਚੋਣਾਂ ਨੂੰ ਲੈ ਕੇ ਮੌਜੂਦਾ ਸਮੇਂ ਭਾਵੇਂ ਸਾਰੇ ਦੇਸ਼ ਵਿਚ ਹੀ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਏ ਪਰ ਜੋ ਸਿਆਸੀ ਖੇਡ ਪੰਜਾਬ ਵਿਚ ਦੇਖਣ ਨੂੰ ਮਿਲ ਰਿਹਾ ਏ, ਅਜਿਹਾ ਪੰਜਾਬ ਵਾਸੀਆਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ। ਚੋਣਾਂ ਦਾ ਐਲਾਨ ਕਾਹਦਾ ਹੋਇਆ,, ਲੀਡਰਾਂ ਨੇ ਇੰਝ ਛੜੱਪੇ ਮਾਰਨੇ ਸ਼ੁਰੂ ਕਰ ਦਿੱਤੇ, ਜਿਵੇਂ ਬਾਰਿਸ਼ ’ਚ ਡੱਡੂ ਮਾਰਦੇ ਨੇ।
ਸਭ ਤੋਂ ਵੱਡੀ ਅਤੇ ਖ਼ਾਸ ਗੱਲ ਜੋ ਹੋ ਰਹੀ ਹੈ, ਉਹ ਐ ਪਾਰਟੀਆਂ ਦਾ ਆਪਣਿਆਂ ਨੂੰ ਛੱਡ ਕੇ ਦਲ ਬਦਲੂਆਂ ’ਤੇ ਭਰੋਸਾ ਕਰਨਾ। ਭਾਵੇਂ ਕਿ ਭਾਜਪਾ ਇਸ ਮਾਮਲੇ ਵਿਚ ਸਭ ਤੋਂ ਅੱਗੇ ਐ, ਪਰ ਕਾਂਗਰਸ ਅਤੇ ਆਪ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਰਹੀਆਂ,,,ਵੱਡਾ ਸਵਾਲ ਇਹ ਐ ਕੀ ਇਹ ਦਲ ਬਦਲੂ ਲੀਡਰ ਇਨ੍ਹਾਂ ਪਾਰਟੀਆਂ ਦੀ ਬੇੜੀ ਬੰਨੇ ਲਾ ਸਕਣਗੇ।
ਜਦੋਂ ਤੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ ਏ, ਉਦੋਂ ਤੋਂ ਪੰਜਾਬ ਵਿਚ ਦਲ ਬਦਲੂਆਂ ਦਾ ਹੜ੍ਹ ਜਿਹਾ ਆਇਆ ਹੋਇਆ ਏ। ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਦੀ ਹੀ ਗੱਲ ਕਰ ਲੈਨੇ ਆਂ, ਜਿਸ ਵੱਲੋਂ ਹੁਣੇ ਹੁਣੇ ਪੰਜਾਬ ਤੋਂ ਆਪਣੇ 6 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਐ, ਜਿਸ ਵਿਚ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਤੋਂ ਆਏ ਤਿੰਨ ਸੰਸਦ ਮੈਂਬਰਾਂ ’ਤੇ ਭਰੋਸਾ ਜਤਾਇਆ ਜਾ ਰਿਹਾ ਏ।
ਇਸ ਨਾਲ ਲੰਮੇ ਸਮੇਂ ਤੋਂ ਟਿਕਟ ਦੀ ਲਾਈਨ ਵਿਚ ਲੱਗੇ ਕਈ ਉਨ੍ਹਾਂ ਭਾਜਪਾ ਨੇਤਾਵਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਏ ਜੋ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਉਹ ਵਿਚਾਰੇ ਦਰੀਆਂ ਵਿਛਾਉਂਦੇ ਹੀ ਰਹਿ ਗਏ, ਪਤਾ ਨਹੀਂ ਉਨ੍ਹਾਂ ਦੀ ਵਾਰੀ ਕਦੇ ਆਵੇਗੀ ਜਾਂ ਨਹੀਂ। ਬਹੁਤ ਸਾਰਿਆਂ ਨੂੰ ਨਾ ਚਾਹੁੰਦੇ ਹੋਏ ਵੀ ਹਾਈਕਮਾਨ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੇ ਨਾਲ ਮਿਲ ਕੇ ਚੱਲਣਾ ਪਵੇਗਾ।
ਹੈਰਾਨੀ ਦੀ ਗੱਲ ਐ ਕਿ ਪਾਰਟੀ ਨੇ ਕਾਂਗਰਸ ਤੋਂ ਆਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਪਰਨੀਤ ਕੌਰ ਅਤੇ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਭਾਜਪਾ ਦੀ ਮੈਂਬਰਸ਼ਿਪ ਲੈਣ ਦੇ ਚੰਦ ਦਿਨਾਂ ਵਿਚ ਹੀ ਟਿਕਟਾਂ ਦੇ ਕੇ ਚੋਣ ਮੈਦਾਨ ਵਿਚ ਉਤਾਰ ਦਿੱਤਾ, ਜਦਕਿ ਪੁਰਾਣੇ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਜੋ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਆ ਰਹੇ ਨੇ। ਇਹ ਤਾਂ ਉਹ ਗੱਲ ਹੋ ਗਈ ਕਿ ਮੱਝ ਨੁਆਵੇ ਧੁਆਵੇ ਤੇ ਖੁਆਵੇ ਕੋਈ, ਪਰ ਦੁੱਧ ਕੋਈ ਹੋਰ ਪੀ ਜਾਵੇ।
ਪਟਿਆਲਾ ਤੋਂ 4 ਵਾਰ ਕਾਂਗਰਸ ਦੀ ਸੰਸਦ ਮੈਂਬਰ ਰਹੀ ਮਹਾਰਾਣੀ ਪਰਨੀਤ ਕੌਰ ਨੇ 14 ਮਾਰਚ ਨੂੰ ਭਾਜਪਾ ਜੁਆਇਨਿੰਗ ਕੀਤੀ, ਜਿਨ੍ਹਾਂ ਨੂੰ 17ਵੇਂ ਦਿਨ ਮਤਲਬ 30 ਮਾਰਚ ਨੂੰ ਪਾਰਟੀ ਨੇ ਪਟਿਆਲਾ ਤੋਂ ਆਪਣਾ ਉਮੀਦਵਾਰ ਵੀ ਐਲਾਨ ਕਰ ਦਿੱਤਾ। ਪਰਨੀਤ ਕੌਰ ਨੂੰ ਕਾਂਗਰਸ ਨੇ ਫਰਵਰੀ ਵਿਚ ਸਸਪੈਂਡ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਸੀ। ਇਸੇ ਤਰ੍ਹਾਂ ਕਾਂਗਰਸ ਤੋਂ 3 ਵਾਰ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ 26 ਮਾਰਚ ਨੂੰ ਭਾਜਪਾ ਵਿਚ ਐਂਟਰੀ ਮਾਰੀ ਸੀ ਪਰ ਭਾਜਪਾ ਨੇ ਚੌਥੇ ਦਿਨ ਹੀ ਬਿੱਟੂ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨ ਦਿੱਤਾ।
ਦੂਜੀ ਵਾਰ ਪਾਰਟੀ ਬਦਲਣ ਵਾਲੇ ‘ਆਪ’ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ 27 ਮਾਰਚ ਨੂੰ ਭਾਜਪਾ ਜੁਆਇੰਨ ਕੀਤੀ ਸੀ, ਜਿਸ ਨੂੰ ਭਾਜਪਾ ਹਾਈਕਮਾਨ ਨੇ ਤੀਜੇ ਦਿਨ ਹੀ ਜਲੰਧਰ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉਥੇ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ 19 ਮਾਰਚ ਨੂੰ ਭਾਜਪਾ ਜੁਆਇਨ ਕੀਤੀ ਸੀ, ਜਿਨ੍ਹਾਂ ਨੂੰ ਕੁੱਝ ਦਿਨਾਂ ਬਾਅਦ ਹੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਟਿਕਟ ਦੇ ਦਿੱਤੀ ਗਈ, ਜਦਕਿ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸਥਾਨਕ ਨੇਤਾ ਵਿਚਾਰੇ ਨਾਅਰੇ ਲਾਉਣ ਜੋਗੇ ਰਹਿ ਗਏ।
ਉਂਝ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ, ਜਦੋਂ ਬਸੀ ਪਠਾਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਲ ਹੋਏ ਤਾਂ ਉਸ ਦੇ ਕੁੱਝ ਦਿਨਾਂ ਮਗਰੋਂ ਹੀ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿਚ ਗੁਰਪ੍ਰੀਤ ਸਿੰਘ ਜੀਪੀ ਨੂੰ ਫਤਿਹਗੜ੍ਹ ਸਾਹਿਬ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ।
ਪਹਿਲਾਂ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਵਿਚ ਵੀ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਤੋਂ ਆਏ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਗਈ ਸੀ, ਜਿਸ ਨੂੰ ਜਿੱਤ ਵੀ ਹਾਸਲ ਹੋਈ ਸੀ ਪਰ ਇਸ ਵਾਰ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਨਾਲ ਅਜਿਹੀ ਮਾੜੀ ਕੀਤੀ ਜੋ ਸ਼ਾਇਦ ਕਿਸੇ ਨੇ ਨਾ ਕੀਤੀ ਹੋਵੇ,,, ਆਪ ਨੇ ਰਿੰਕੂ ਨੂੰ ਆਪਣੀ ਪਹਿਲੀ ਸੂਚੀ ਵਿਚ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਸੀ ਪਰ ਇਸ ਦੇ ਬਾਵਜੂਦ ਸੁਸ਼ੀਲ ਰਿੰਕੂ ਨੇ ਆਪ ਨੂੰ ਛੱਡ ਕੇ ਭਾਜਪਾ ਵਿਚ ਛਾਲ ਮਾਰ ਦਿੱਤੀ ਅਤੇ ਜਲੰਧਰ ਵਿਚ ਆਮ ਆਦਮੀ ਪਾਰਟੀ ਦਾ ਸ਼ਰੀਕ ਬਣ ਕੇ ਬਹਿ ਗਿਆ।
ਇਸ ਤੋਂ ਇਲਾਵਾ ਡਾ. ਰਾਜ ਕੁਮਾਰ ਚੱਬੇਵਾਲ ਵੀ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਲ ਹੋ ਚੁੱਕੇ ਨੇ, ਜਿਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ।
ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਡਾ. ਧਰਮਵੀਰ ਗਾਂਧੀ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਏ, ਜਿਨ੍ਹਾਂ ਨੇ ਕਿਸੇ ਸਮੇਂ ਆਪ ਵਿਚ ਰਹਿੰਦਿਆਂ ਕਾਂਗਰਸ ਦੀ ਮਹਾਰਾਣੀ ਪ੍ਰਨੀਤ ਕੌਰ ਨੂੰ ਕਰਾਰੀ ਹਾਰ ਦਿੱਤੀ ਸੀ। ਹੁਣ ਖ਼ਬਰਾਂ ਇਹ ਆ ਰਹੀਆਂ ਨੇ ਕਿ ਕਾਂਗਰਸ ਵੱਲੋਂ ਮਹਾਰਾਣੀ ਦੇ ਮੁਕਾਬਲੇ ਡਾ. ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਯੋਜਨਾ ਬਣਾਈ ਜਾ ਰਹੀ ਐ।
ਇੱਥੇ ਇਕ ਗੱਲ ਜ਼ਰੂਰ ਦੱਸਣੀ ਬਣਦੀ ਐ ਕਿ ਡਾ. ਧਰਮਵੀਰ ਗਾਂਧੀ ਨੇ ਆਪ ਨੂੰ ਛੱਡਣ ਤੋਂ ਬਾਅਦ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਸੀ ਪਰ ਉਨ੍ਹਾਂ ਵੱਲੋਂ ਆਪਣਾ ਪੰਜਾਬ ਨਾਂਅ ਦਾ ਹੀ ਇਕ ਫਰੰਟ ਬਣਾਇਆ ਗਿਆ ਸੀ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕੀਤੀ ਜਾਵੇ ਤਾਂ ਉਸ ਵੱਲੋਂ ਵੀ ਪਾਰਟੀ ਛੱਡ ਕੇ ਗਏ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਢੀਂਡਸਾ ਅਤੇ ਬੀਬੀ ਜਗੀਰ ਕੌਰ ਨੂੰ ਫਿਰ ਤੋਂ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਏ। ਸੁਖਦੇਵ ਸਿੰਘ ਢੀਂਡਸਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਂਅ ਦੀ ਪਾਰਟੀ ਬਣਾਈ ਹੋਈ ਸੀ, ਜਿਸ ਦਾ ਰਲੇਵਾਂ ਹੁਣ ਅਕਾਲੀ ਦਲ ਵਿਚ ਹੋ ਚੁੱਕਿਆ ਏ।
ਉਂਝ ਇਨ੍ਹਾਂ ਆਗੂਆਂ ਨੂੰ ਦਲ ਬਦਲੂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਆਗੂ ਕਿਸੇ ਦੂਜੀ ਪਾਰਟੀ ਵਿਚ ਸ਼ਾਮਲ ਨਹੀਂ ਹੋਏ,,,, ਹਾਂ,, ਇਕ ਗੱਲ ਜ਼ਰੂਰ ਐ ਕਿ ਮੌਕਾ ਦੇਖ ਕੇ ਇਨ੍ਹਾਂ ਨੇ ਫਿਰ ਤੋਂ ਅਕਾਲੀ ਦਲ ਵਿਚ ਵਾਪਸੀ ਕਰ ਲਈ ਐ।
ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਭਾਜਪਾ ਵਿਚ 28 ਸਾਲ ਬਾਅਦ ਇਕੱਲੇ ਲੋਕ ਸਭਾ ਚੋਣ ਵਿਚ ਉਤਰ ਰਹੀ ਐ। ਦਰਅਸਲ ਭਾਜਪਾ ਨੂੰ ਸ਼ਹਿਰੀ ਵੋਟ ’ਤੇ ਤਾਂ ਲਗਭਗ ਪੂਰਾ ਭਰੋਸਾ ਐ ਪਰ ਪਿੰਡਾਂ ਦੀ ਵੋਟ ਹਾਸਲ ਕਰਨ ਲਈ ਭਾਜਪਾ ਵੱਲੋਂ ਅਜਿਹੇ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਰਿਹਾ ਏ, ਜਿਨ੍ਹਾਂ ਦੀ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿਚ ਵੀ ਪਕੜ ਮਜ਼ਬੂਤ ਹੋਵੇ ਤਾਂ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।
ਭਾਵੇਂ ਕਿ ਭਾਜਪਾ ਸਮੇਤ ਹੋਰ ਕਈ ਪਾਰਟੀਆਂ ਵੱਲੋਂ ਦਲ ਬਦਲੂਆਂ ’ਤੇ ਵੱਡਾ ਦਾਅ ਖੇਡਿਆ ਜਾ ਰਿਹਾ ਏ ਪਰ ਸਿਆਸੀ ਪਾਰਟੀਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਦਲ ਬਦਲੂਆਂ ਕਾਰਨ ਪਾਰਟੀਆਂ ਦਾ ਅੰਦਰੂਨੀ ਸੰਤੁਲਨ ਵੀ ਵਿਗੜ ਸਕਦਾ ਏ ਕਿਉਂਕਿ ਇਨ੍ਹਾਂ ਕਾਰਨ ਪਾਰਟੀ ਦੇ ਨਿਸ਼ਕਾਮ ਵਰਕਰ ਅਤੇ ਨੇਤਾਵਾਂ ਦਾ ਹੱਕ ਮਾਰਿਆ ਜਾਂਦਾ ਏ।
ਕੁੱਝ ਸਿਆਸੀ ਮਾਹਿਰਾਂ ਦਾ ਮੰਨਣਾ ਏ ਕਿ ਦਲ ਬਦਲੂਆਂ ਦੀ ਰਾਜਨੀਤੀ ਪਾਰਟੀਆਂ ਨੂੰ ਭਾਰੀ ਵੀ ਪੈ ਸਕਦੀ ਐ ਕਿਉਂਕਿ ਦਲ ਬਦਲੂਆਂ ਨੂੰ ਲੈਕੇ ਲੋਕਾਂ ਦਾ ਮੂਡ ਕੁੱਝ ਠੀਕ ਨਹੀਂ ਜਾਪ ਰਿਹਾ। ਖ਼ੈਰ,,, ਕਿਸ ਨੂੰ ਜਿੱਤ ਦਿਵਾਉਣੀ ਐ ਅਤੇ ਕਿਸ ਨੂੰ ਹਾਰ,,, ਸਾਰਾ ਫ਼ੈਸਲਾ ਜਨਤਾ ਜਨਾਰਦਨ ਦੇ ਹੱਥ ਵਿਚ ਐ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ