ਅਮਰੀਕਾ ’ਚ ਭਾਰਤੀ ਵਿਦਿਆਰਥੀ ਕਤਲ ਕੇਸ ’ਚ ਕੋਰਟ ਦੇ ਹੁਕਮ
ਵਾਸ਼ਿੰਗਟਨ, 14 ਸਤੰਬਰ (ਬਿੱਟੂ) : ਅਮਰੀਕਾ ਵਿੱਚ ਪਿਛਲੇ ਸਾਲ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ ਹੋ ਗਿਆ ਸੀ। ਹੱਤਿਆ ਦੇ ਦੋਸ਼ ਇਸ ਵਿਦਿਆਰਥੀ ਦੇ ਰੂਮਮੇਟ ’ਤੇ ਹੀ ਲੱਗੇ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਾਲਾਂਕਿ ਕੋਰਟ ਨੇ ਉਸ ਵੇਲੇ ਕੋਰੀਆਈ ਮੂਲ ਦੇ ਇਸ ਵਿਦਿਆਰਥੀ ਦੀ ਮਾਨਸਿਕ ਸਿਹਤ ਠੀਕ ਨਾ ਹੋਣ ਦਾ ਹਵਾਲਾ […]
By : Editor (BS)
ਵਾਸ਼ਿੰਗਟਨ, 14 ਸਤੰਬਰ (ਬਿੱਟੂ) : ਅਮਰੀਕਾ ਵਿੱਚ ਪਿਛਲੇ ਸਾਲ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ ਹੋ ਗਿਆ ਸੀ। ਹੱਤਿਆ ਦੇ ਦੋਸ਼ ਇਸ ਵਿਦਿਆਰਥੀ ਦੇ ਰੂਮਮੇਟ ’ਤੇ ਹੀ ਲੱਗੇ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਹਾਲਾਂਕਿ ਕੋਰਟ ਨੇ ਉਸ ਵੇਲੇ ਕੋਰੀਆਈ ਮੂਲ ਦੇ ਇਸ ਵਿਦਿਆਰਥੀ ਦੀ ਮਾਨਸਿਕ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਇਸ ਵਿਰੁੱਧ ਕੇਸ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਹੁਣ ਕੋਰਟ ਨੇ ਇਸ ਵਿਦਿਆਰਥੀ ਵਿਰੁੱਧ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਪਿਛਲੇ ਸਾਲ 2022 ਦੇ ਅਕਤੂਬਰ ਮਹੀਨੇ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਦਾ ਹੋਸਟਲ ਵਿੱਚ ਹੀ ਕਤਲ ਹੋ ਗਿਆ ਸੀ। ਮ੍ਰਿਤਕ ਦੀ ਪਛਾਣ 20 ਸਾਲ ਦੇ ਵਰੁਣ ਮਨੀਸ਼ ਛੇਡਾ ਵਜੋਂ ਹੋਈ ਸੀ।
ਮਾਮਲੇ ਵਿੱਚ ਜਾਂਚ ਮਗਰੋਂ ਕਤਲ ਦੇ ਦੋਸ਼ ਇਸ ਵਿਦਿਆਰਥੀ ਦੇ ਰੂਮਮੇਟ ਕੋਰੀਆਈ ਵਿਦਿਆਰਥੀ ’ਤੇ ਲੱਗੇ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਕੋਰੀਆ ਮੂਲ ਦੇ ਵਿਦਿਆਰਥੀ ਜੀ ਮਿਨ ਜਿਮੀ ਸ਼ਾ ਵਜੋਂ ਹੋਈ। ਹਾਲਾਂਕਿ ਬਾਅਦ ਵਿੱਚ ਕਈ ਮਹੀਨੇ ਮਗਰੋਂ ਯਾਨੀ ਅਪ੍ਰੈਲ 2023 ਵਿੱਚ ਟਿੱਪੇਕੇਨੋ ਸਰਕਿਟ ਕੋਰਟ ਦੇ ਜੱਜ ਨੇ ਮੁਲਜ਼ਮ ਵਿਰੁੱਧ ਮੁਕੱਦਮਾ ਚਲਾਉਣ ਤੋਂ ਇਨਕਾਰ ਕਰ ਦਿੱਤਾ।
ਟਿੱਪੇਕੇਨੋ ਸਰਕਿਟ ਕੋਰਟ ਦੇ ਜੱਜ ਸ਼ੌਨ ਐਮ ਪਰਸਿਨ ਨੇ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਜਿਮੀ ਸ਼ਾ ਨੇ ਦੱਸਿਆ ਹੈ ਕਿ ਉਸ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ। ਇਸ ਲਈ ਫਿਲਹਾਲ ਅਦਾਲਤ ਉਸ ਵਿਰੁੱਧ ਕੇਸ ਨਹੀਂ ਚਲਾ ਸਕਦੀ। ਇਸ ਦੇ ਚਲਦਿਆਂ ਉਸ ਵੇਲੇ ਕੋਰਟ ਨੇ ਮੁਕੱਦਮਾ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਹੁਣ ਜਾਰੀ ਕੀਤੇ ਨਵੇਂ ਹੁਕਮ ਵਿੱਚ ਕਿਹਾ ਗਿਆ ਕਿ ਕੋਰੀਆਈ ਮੂਲ ਦੇ ਵਿਦਿਆਰਥਹੀ ਜਿਮੀ ਸ਼ਾ ਦਾ ਕਈ ਮਹੀਨੇ ਤੱਕ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਤੇ ਹੁਣ ਉਹ ਠੀਕ ਹੈ। ਡਾਕਟਰਾਂ ਨੇ ਕਿਹਾ ਕਿ ਜਿਮ ਸ਼ਾ ਦੀ ਮਾਨਸਿਕ ਸਿਹਤ ਬਿਲਕੁਲ ਤੰਦਰੁਸਤ ਹੈ। ਹਸਪਤਾਲ ਦੇ ਮੁਖੀ ਬੇਥਨੀ ਸ਼ੌਨਰਾਈਟ ਨੇ ਜੱਜ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਕਿ ਜਿਮੀ ਦੀ ਦਿਮਾਗੀ ਹਾਲਤ ਹੁਣ ਠੀਕ ਹੈ। ਇਸ ਲਈ ਉਸ ਵਿਰੁੱਧ ਕੇਸ ਚਲਾਇਆ ਜਾ ਸਕਦਾ ਹੈ।
ਇਸ ’ਤੇ ਜੱਜ ਨੇ ਜਿਮ ਸ਼ਾ ਵਿਰੁੱਧ ਮੁਕੱਦਮਾ ਚਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਤੇ ਨਾਲ ਹੀ ਟਿੱਪੇਕੇਨੋ ਕਾਊਂਟੀ ਸ਼ੈਰਿਫ਼ ਦਫ਼ਤਰ ਨੂੰ ਜਿਮ ਸ਼ਾ ਨੂੰ ਵਾਪਸ ਕਾਊਂਟੀ ਜੇਲ੍ਹ ਲੈ ਕੇ ਜਾਣ ਦੀ ਗੱਲ ਆਖੀ। ਜੇਕਰ ਕੋਰੀਆਈ ਮੂਲ ਦਾ ਇਹ ਵਿਦਿਆਰਥੀ ਭਾਰਤੀ ਮੂਲ ਦੇ ਵਿਦਿਆਰਥੀ ਦੇ ਕਤਲ ਕੇਸ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 45 ਤੋਂ 60 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ।
ਵਾਰਦਾਤ ਵਾਲੇ ਦਿਨ ਦੀ ਗੱਲ ਕਰੀਏ ਤਾਂ ਰਿਪੋਰਟਸ ਮੁਤਾਬਕ ਕੋਰੀਆਈ ਵਿਦਿਆਰਥੀ ਜਿਮ ਸ਼ਾ ਨੇ ਲਗਭਗ ਪੌਣੇ 1 ਵਜੇ ਪੁਲਿਸ ਨੂੰ ਖੁਦ ਫੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਆਪਣੇ ਹੋਸਟਲ ਵਿੱਚ ਆਪਣੇ ਰੂਮਮੇਟ ਨੂੰ ਚਾਕੂ ਮਾਰ ਦਿੱਤਾ ਹੈ। ਇਸ ’ਤੇ ਤੁਰੰਤ ਮੌਕੇ ’ਤੇ ਪਹੁੰਚ ਪੁਲਿਸ ਨੇ ਜਾ ਕੇ ਦੇਖਿਆ ਤਾਂ ਉੱਥੇ ਵਰੁਣ ਮਨੀਸ਼ ਛੇਡਾ ਨਾਂ ਦੇ ਭਾਰਤੀ ਮੂਲ ਦੇ ਵਿਦਿਆਰਥੀ ਦੀ ਖੂਨ ਨਾਲ ਲਥਪਥ ਲਾਸ਼ ਪਈ ਹੋਈ ਸੀ। ਉਸ ’ਤੇ ਚਾਕੂ ਨਾਲ ਵਾਰ ਕੀਤੇ ਗਏ ਸੀ।
ਮੌਕੇ ’ਤੇ ਹੀ ਮੌਜੂਦ ਕੋਰੀਆਈ ਮੂਲ ਦੇ ਵਿਦਿਆਰਥੀ ਨੇ ਮੰਨਿਆ ਕਿ ਚਾਕੂ ਉਸ ਦਾ ਹੀ ਹੈ ਤੇ ਉਸ ਨੇ ਹੀ ਆਪਣੇ ਰੂਮਮੇਟ ਦਾ ਕਤਲ ਕੀਤਾ ਹੈ। ਇਸ ਦੇ ਚਲਦਿਆਂ ਪੁਲਿਸ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਹੁਣ ਇਸ ਵਿਦਿਆਰਥੀ ਵਿਰੁੱਧ ਮੁਕੱਦਮਾ ਚੱਲੇਗਾ, ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਸਜ਼ਾ ਮਿਲੇਗੀ।