ਸੀਐਮ ਦੇ ਐਲਾਨ ਤੋਂ ਨਾਰਾਜ਼ ਹੋਇਆ ਮਸੀਹ ਭਾਈਚਾਰਾ
ਗੁਰਦਾਸਪੁਰ, 18 ਨਵੰਬਰ (ਭੋਪਾਲ ਸਿੰਘ) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਸੰਬਰ ਮਹੀਨੇ ਨੂੰ ਸ਼ੋਕ ਮਹੀਨੇ ਦੇ ਤੌਰ ’ਤੇ ਮਨਾਉਣ ਦੇ ਐਲਾਨ ਤੋਂ ਬਾਅਦ ਕ੍ਰਿਸ਼ਚਿਅਨ ਭਾਈਚਾਰੇ ਵਿੱਚ ਲਗਾਤਾਰ ਰੋਸ ਫੈਲ ਰਿਹਾ ਹੈ ਕਿਉਂਕਿ ਇਸ ਮਹੀਨੇ ਕ੍ਰਿਸਮਿਸ ਦਾ ਤਿਉਹਾਰ ਵੀ ਆਉਂਦਾ ਹੈ ਅਤੇ ਮਸੀਹ ਭਾਈਚਾਰਾ ਇਸ ਨੂੰ ਬੜੀ ਧੂਮਧਾਮ ਨਾਲ ਮਨਾਉਂਦਾ ਹੈ। ਮੁੱਖ ਮੰਤਰੀ ਦੇ […]
By : Hamdard Tv Admin
ਗੁਰਦਾਸਪੁਰ, 18 ਨਵੰਬਰ (ਭੋਪਾਲ ਸਿੰਘ) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਸੰਬਰ ਮਹੀਨੇ ਨੂੰ ਸ਼ੋਕ ਮਹੀਨੇ ਦੇ ਤੌਰ ’ਤੇ ਮਨਾਉਣ ਦੇ ਐਲਾਨ ਤੋਂ ਬਾਅਦ ਕ੍ਰਿਸ਼ਚਿਅਨ ਭਾਈਚਾਰੇ ਵਿੱਚ ਲਗਾਤਾਰ ਰੋਸ ਫੈਲ ਰਿਹਾ ਹੈ ਕਿਉਂਕਿ ਇਸ ਮਹੀਨੇ ਕ੍ਰਿਸਮਿਸ ਦਾ ਤਿਉਹਾਰ ਵੀ ਆਉਂਦਾ ਹੈ ਅਤੇ ਮਸੀਹ ਭਾਈਚਾਰਾ ਇਸ ਨੂੰ ਬੜੀ ਧੂਮਧਾਮ ਨਾਲ ਮਨਾਉਂਦਾ ਹੈ। ਮੁੱਖ ਮੰਤਰੀ ਦੇ ਐਲਾਨ ਦਾ ਮਸੀਹ ਭਾਈਚਾਰੇ ’ਤੇ ਇੰਨਾ ਅਸਰ ਹੋਇਆ ਹੈ ਕਿ ਮਸੀਹ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਸਮੂਹ ਰਾਜਨੀਤਿਕ ਪਾਰਟੀਆਂ ਦਾ ਹੀ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ।
ਦਸੰਬਰ ਮਹੀਨੇ ਆ ਰਹੇ ਕ੍ਰਿਸਮਿਸ ਦੇ ਪਵਿੱਤਰ ਤਿਉਹਾਰ ਮਨਾਉਣ ਸਬੰਧੀ ਸੰਤਰੀ ਤਰੇਜਾ ਕੈਥੋਲਿਕ ਚਰਚ ਸੋਹਲ ਵਿਖੇ ਮਸੀਹ ਭਾਈਚਾਰੇ ਦੇ ਵੱਖ ਵੱਖ ਮਿਸ਼ਨਰੀਆਂ ਅਤੇ ਸੰਗਠਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੈਥੋਲਿਕ ਚਰਚ ਦੇ ਡੀਨ ਫਾਦਰ ਜੋਸ਼ ਪਡੀਆਟੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸੇਸ਼ ਤੌਰ ’ਤੇ ਸੀਐਨਆਈ ਚਰਚ, ਸਾਲਵੇਸ਼ਨ ਆਰਮੀ, ਪੇਂਟੀ ਕੋਸਟਲ ਚਰਚ, ਮੈਥੋਡਿਸਟ ਚਰਚ ਦੇ ਪ੍ਰਮੁੱਖ ਆਗੂਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਦਸੰਬਰ ਮਹੀਨੇ ਨੂੰ ਸ਼ੋਕ ਮਹੀਨੇ ਵੱਜੋਂ ਮਨਾਉਣ ਸਬੰਧੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ। ਸਾਰੇ ਮਸੀਹ ਸੰਗਠਨਾਂ ਨੇ ਮਿਲ ਕੇ ਕ੍ਰਿਸਮਿਸ ਦਾ ਤਿਉਹਾਰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਨਾਲ ਹੀ ਕ੍ਰਿਸਮਸ ਦੇ ਪ੍ਰੋਗਰਾਮਾਂ ਵਿੱਚ ਤਮਾਮ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਮੁਕੰਮਲ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਕ੍ਰਿਸਮਿਸ ਦਿਹਾੜਾ ਸੂਬਾ ਪੱਧਰ ਤੇ ਅਤੇ ਸਰਕਾਰੀ ਤੌਰ ’ਤੇ ਵੀ ਮਨਾਇਆ ਜਾਂਦਾ ਰਿਹਾ ਹੈ।
ਗੱਲਬਾਤ ਦੌਰਾਨ ਮਸੀਹ ਆਗੂਆਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਮਸੀਹ ਭਾਈਚਾਰੇ ਨੂੰ ਸਿਰਫ ਵੋਟਾਂ ਦੇ ਸਮੇਂ ਹੀ ਇਸਤੇਮਾਲ ਕਰਦੀਆਂ ਹਨ ਅਤੇ ਵੋਟਾਂ ਨਿਕਲਦਿਆਂ ਹੀ ਮਸੀਹ ਭਾਈਚਾਰੇ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਅੱਜ ਦੇ ਸਾਰੇ ਮਸੀਹ ਸੰਗਠਨਾਂ ਨੇ ਫੈਸਲਾ ਲਿਆ ਹੈ ਕਿ 2023 ਦੇ ਕ੍ਰਿਸਮਿਸ ਪ੍ਰੋਗਰਾਮਾਂ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਸੱਦਾ ਨਹੀਂ ਦਿੱਤਾ ਜਾਏਗਾ। ਇਸ ਮੌਕੇ ਤੇ 20 ਦਸੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਦਾ ਵੀ ਐਲਾਨ ਕੀਤਾ ਗਿਆ।