ਮਹਿੰਗਾਈ ਦੇ ਮੁੱਦੇ ’ਤੇ ਕੈਨੇਡੀਅਨ ਸੰਸਦ ਵਿਚ ਹੰਗਾਮਾ
ਔਟਵਾ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਦੇ ਮਸਲੇ ’ਤੇ ਕੈਨੇਡੀਅਨ ਸੰਸਦ ਵਿਚ ਹੰਗਾਮਾ ਹੋ ਗਿਆ ਅਤੇ ਸਪੀਕਰ ਨੂੰ ਉਠ ਕੇ ਦਖਲ ਦੇਣਾ ਪਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਵਾਲਾਂ ਦੇ ਜਵਾਬ ਦੇ ਰਹੇ ਸਨ ਜਦੋਂ ਵਿਰੋਧੀ ਧਿਰ ਨੇ ਲਗਾਤਾਰ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਅਤੇ ਸੰਖੇਪ ਤੌਰ ’ਤੇ ਸਦਨ ਦੀ ਕਾਰਵਾਈ ਰੁਕ ਗਈ। ਦੱਸ ਦੇਈਏ […]
By : Hamdard Tv Admin
ਔਟਵਾ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਦੇ ਮਸਲੇ ’ਤੇ ਕੈਨੇਡੀਅਨ ਸੰਸਦ ਵਿਚ ਹੰਗਾਮਾ ਹੋ ਗਿਆ ਅਤੇ ਸਪੀਕਰ ਨੂੰ ਉਠ ਕੇ ਦਖਲ ਦੇਣਾ ਪਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਵਾਲਾਂ ਦੇ ਜਵਾਬ ਦੇ ਰਹੇ ਸਨ ਜਦੋਂ ਵਿਰੋਧੀ ਧਿਰ ਨੇ ਲਗਾਤਾਰ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਅਤੇ ਸੰਖੇਪ ਤੌਰ ’ਤੇ ਸਦਨ ਦੀ ਕਾਰਵਾਈ ਰੁਕ ਗਈ।
ਦੱਸ ਦੇਈਏ ਕਿ ਕੈਨੇਡਾ ਵਿਚ ਮਹਿੰਗਾਈ ਦਰ ਵਧ ਕੇ 4 ਫ਼ੀ ਸਦੀ ਹੋ ਚੁੱਕੀ ਹੈ ਅਤੇ ਵਿਰੋਧੀ ਧਿਰ ਸਾਰਾ ਦੋਸ਼ ਟਰੂਡੋ ਸਰਕਾਰ ਦੀਆਂ ਨਿਕੰਮੀਆਂ ਨੀਤੀਆਂ ਸਿਰ ਮੜ੍ਹ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਕਿਹਾ ਕਿ ਮਹਿੰਗਾਈ ਸਿਰਫ ਵਧ ਨਹੀਂ ਰਹੀ ਸਗੋਂ ਗੋਲੀ ਦੀ ਰਫ਼ਤਾਰ ਨਾਲ ਉਪਰ ਵੱਲ ਜਾ ਰਹੀ ਹੈ। ਜਸਟਿਨ ਟਰੂਡੋ ਸਰਕਾਰ ਦੇ ਅੱਠ ਸਾਲ ਬਾਅਦ ਮਹਿੰਗਾਈ ਦੀ ਮਾਰ ਹਰ ਪਾਸੇ ਪੈ ਰਹੀ ਹੈ। ਚਾਹੇ ਉਤਪਾਦ ਹੋਣ ਜਾਂ ਸੇਵਾਵਾਂ ਹਰ ਪਾਸੇ ਮਹਿੰਗਾਈ ਨਜ਼ਰ ਆਉਂਦੀ ਹੈ।
ਖੁਰਾਕੀ ਵਸਤਾਂ ਅਤੇ ਗੈਸ ਨੂੰ ਭਾਵੇਂ ਸ਼ਾਮਲ ਕਰ ਲਓ ਜਾਂ ਬਾਹਰ ਕੱਢ ਦਿਉ, ਮਹਿੰਗਾਈ ਦੁੱਗਣੀ ਤੋਂ ਉਪਰ ਜਾ ਚੁੱਕੀ ਹੈ। ਟੋਰੀ ਆਗੂ ਨੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਜੁਲਾਈ ਵਿਚ ਉਹ ਆਪਣੀ ਪਿੱਠ ਥਾਪੜਨ ਦੀ ਗੱਲ ਕਰ ਰਹੇ ਸਨ ਪਰ ਦੋ ਮਹੀਨੇ ਬਾਅਦ ਅੰਕੜੇ ਵੱਖਰੀ ਕਹਾਣੀ ਬਿਆਨ ਕਰ ਰਹੇ ਹਨ।
ਇਸੇ ਦੌਰਾਨ ਜਸਟਿਨ ਟਰੂਡੋ ਨੇ ਕਿਹਾ ਕਿ ਅਫੌਰਡੇਬੀਲਿਟੀ ਸੰਕਟ ਨਾਲ ਨਜਿੱਠਣ ਲਈ ਹਾਲ ਹੀ ਵਿਚ ਕਈ ਕਦਮ ਉਠਾਏ ਗਏ ਜਿਨ੍ਹਾਂ ਵਿਚ ਰੈਂਟਲ ਅਪਾਰਟਮੈਂਟਸ ਦੀ ਉਸਾਰੀ ਤੋਂ ਜੀ.ਐਸ.ਟੀ. ਹਟਾਉਣ ਅਤੇ ਗਰੌਸਰੀ ਸਟੋਰ ਚੇਨਜ਼ ਦੇ ਮੁਖੀਆਂ ਨੂੰ ਕੀਮਤਾਂ ਸਥਿਰ ਰੱਖਣ ਦੀ ਹਦਾਇਤ ਦੇਣਾ ਪ੍ਰਮੁੱਖ ਹਨ। ਟਰੂਡੋ ਨੇ ਕਿਹਾ ਕਿ ਕੈਨੇਡਾ ਵਾਸੀਆਂ ਦੀ ਮਦਦ ਲਈ ਅਸੀ ਹਮੇਸ਼ਾ ਇਥੇ ਮੌਜੂਦ ਹਾਂ ਅਤੇ ਇਸ ਦੇ ਨਾਲ ਹੀ ਵਿੱਤੀ ਜ਼ਿੰਮੇਵਾਰੀਆਂ ਨੂੰ ਸੁਚੱਜੇ ਢੰਗ ਨਾਲ ਸੰਭਾਲਣਾ ਲਾਜ਼ਮੀ ਹੈ।
ਪਿਅਰੇ ਪੌਇਲੀਐਵ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਕੈਨੇਡਾ ਵਾਸੀਆਂ ਅਤੇ ਕੈਨੇਡੀਅਨ ਆਰਥਿਕਤਾ ਦੀ ਗੱਲ ਕਰ ਰਹੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੇੜਾ ਗਰਕ ਹੋ ਗਿਆ ਪਰ ਅਸਲੀਅਤ ਇਹ ਹੈ ਕਿ ਅਸੀਂ ਮੁਸ਼ਕਲ ਸਮੇਂ ਦੌਰਾਨ ਕੈਨੇਡੀਅਨ ਦੀ ਮਦਦ ਕਰ ਰਹੇ ਹਾਂ। ਗੈਸ ਕੀਮਤਾਂ ਵਿਚ ਵਾਧੇ ਨੂੰ ਮਹਿੰਗਾਈ ਦਰ ਵਧਣ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਪਰ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਵੀ ਤਸੱਲੀਬਖਸ਼ ਕਮੀ ਦੇਖਣ ਨੂੰ ਨਹੀਂ ਮਿਲ ਰਹੀ।
ਸਾਲਾਨਾ ਆਧਾਰ ’ਤੇ ਤਾਜ਼ੇ ਫਲ, ਚਿਕਨ ਅਤੇ ਅਨਾਜ ’ਤੇ ਆਧਾਰਤ ਉਤਪਾਦ 6.9 ਫ਼ੀ ਸਦੀ ਮਹਿੰਗੇ ਹੋਏ ਜਦਕਿ ਬੀਫ, ਕੌਫੀ ਅਤੇ ਅਤੇ ਚਾਹਪੱਤੀ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵਧੀਆਂ। ਉਧਰ ਫੈਡਰਲ ਸਰਕਾਰ ਨਾਲ ਮੁਲਾਕਾਤ ਦੌਰਾਨ ਗਰੌਸਰੀ ਸਟੋਰ ਚੇਨਜ਼ ਦੇ ਮੁਖੀਆਂ ਵੱਲੋਂ ਭਵਿੱਖ ਵਿਚ ਮਹਿੰਗਾਈ ਕੰਟਰੋਲ ਕਰਨ ਵਾਸਤੇ ਕੋਈ ਵੱਡਾ ਵਾਅਦਾ ਨਹੀਂ ਕੀਤਾ ਗਿਆ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗਰੌਸਰੀ ਸਟੋਰ ਚੇਨਜ਼ ਉਪਰ ਭਾਰੀ ਟੈਕਸ ਲਾਉਣ ਦੀ ਚਿਤਾਵਨੀ ਦੇ ਚੁੱਕੇ ਹਨ। ਦੂਜੇ ਪਾਸੇ ਮਹਿੰਗਾਈ ਦਰ ਵਿਚ ਵਾਧੇ ਮਗਰੋਂ ਵਿਆਜ ਦਰਾਂ ਵਿਚ ਮੁੜ ਵਾਧਾ ਤੈਅ ਮੰਨਿਆ ਜਾ ਰਿਹਾ ਹੈ ਅਤੇ ਇਸ ਨਾਲ ਮੰਦੀ ਦਾ ਅਸਰ ਹੋਰ ਵਧ ਸਕਦਾ ਹੈ। ਬੈਂਕ ਆਫ ਕੈਨੇਡਾ ਵੱਲੋਂ ਸਤੰਬਰ ਦੇ ਸ਼ੁਰੂ ਵਿਚ ਹੋਈ ਸਮੀਖਿਆ ਮੀਟਿੰਗ ਦੌਰਾਨ ਵਿਆਜ ਦਰਾਂ ਸਥਿਰ ਰੱਖਣ ਦਾ ਫੈਸਲਾ ਲਿਆ ਗਿਆ ਪਰ ਨਾਲ ਹੀ ਕਿਹਾ ਸੀ ਕਿ ਮਹਿੰਗਾਈ ਵਧੀ ਤਾਂ ਵਿਆਜ ਦਰਾਂ ਵਿਚ ਮੁੜ ਵਾਧਾ ਕੀਤਾ ਜਾ ਸਕਦਾ ਹੈ।
ਬੈਂਕ ਆਫ਼ ਮੌਂਟਰੀਅਲ ਦੇ ਚੀਫ਼ ਇਕੌਨੋਮਿਸਟ ਡਗ ਪੋਰਟਰ ਨੇ ਕਿਹਾ ਕਿ ਵਿਆਜ ਦਰਾਂ ਵਧਾਉਣ ਤੋਂ ਪਹਿਲਾਂ ਨਵੇਂ ਅੰਕੜੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ।