ਕੈਨੇਡਾ ’ਚ ਖਾਲਸਾ ਸਾਜਨਾ ਦਿਹਾੜੇ ਮੌਕੇ ਸਜਾਇਆ ਅਲੌਕਿਕ ਨਗਰ ਕੀਰਤਨ
ਉਨਟਾਰੀਓ ਗੁਰਦਵਾਰਾਜ਼ ਕਮੇਟੀ ਵੱਲੋਂ 326ਵੇਂ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ ਨੂੰ ਸਜਾਇਆ ਗਿਆ।

By : Upjit Singh
ਮਿਸੀਸਾਗਾ : ਉਨਟਾਰੀਓ ਗੁਰਦਵਾਰਾਜ਼ ਕਮੇਟੀ ਵੱਲੋਂ 326ਵੇਂ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ ਨੂੰ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਮਾਲਟਨ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਰੈਕਸਡੇਲ ਦੇ ਗੁਰਦਵਾਰਾ ਸਾਹਿਬ ਤੱਕ ਸਜਾਏ ਗਏ ਨਗਰ ਕੀਰਤਨ ਵਿਚ ਇਕ ਲੱਖ ਤੋਂ ਵੱਧ ਸੰਗਤ ਨੇ ਹਾਜ਼ਰੀ ਭਰੀ ਅਤੇ ਪੂਰਾ ਇਲਾਕਾ ਖਾਲਸਾਈ ਰੰਗ ਵਿਚ ਰੰਗਿਆ ਗਿਆ। ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ, ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਅਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਸਣੇ ਪ੍ਰਮੁੱਖ ਸ਼ਖਸੀਅਤਾਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦਿਆਂ ਸਿੱਖ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਕ ਲੱਖ ਤੋਂ ਵੱਧ ਸੰਗਤ ਨੇ ਭਰੀ ਹਾਜ਼ਰੀ
ਇਟੋਬੀਕੋ ਦੇ ਸਿੱਖ ਸਪਿਰਚੁਅਲ ਸੈਂਟਰ ਪੁੱਜੇ ਪ੍ਰੀਮੀਅਰ ਡਗ ਫੋਰਡ ਨੇ ਖਾਲਸਾ ਸਾਜਨਾ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਨਗਰ ਕੀਰਤਨ ਵਿਚ ਸ਼ਾਮਲ ਹੁੰਦਿਆਂ ਉਹ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਇਸੇ ਦੌਰਾਨ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਮਾਲਟਨ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪੁੱਜੇ। ਉਨ੍ਹਾਂ ਕਿਹਾ ਕਿ ਖਾਲਸਾ ਸਾਜਨਾ ਦਿਹਾੜੇ ਦੇ ਸਮਾਗਮਾਂ ਵਿਚ ਸ਼ਾਮਲ ਹੁੰਦਿਆਂ ਬੇਹੱਣ ਮਾਣ ਮਹਿਸੂਸ ਹੋ ਰਿਹਾ ਹੈ।
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਹੋਏ ਸ਼ਾਮਲ
ਇਥੇ ਦਸਣਾ ਬਣਦਾ ਹੈ ਕਿ ਐਤਵਾਰ ਸਵੇਰੇ ਮਾਲਟਨ ਦੇ ਗੁਰਦਵਾਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਅਤੇ ਇਸ ਮਗਰੋਂ ਨਗਰ ਕੀਰਤਨ ਮੌਰਨਿੰਗਸਟਾਰ ਤੋਂ ਹੁੰਦਿਆਂ ਹੰਬਰਵੁੱਡ, ਹੰਬਰਲਾਈਨ, ਫਿੰਚ ਐਵੇਨਿਊ, ਵੁੱਡਬਾਈਨ ਡਾਊਨਜ਼ ਬੁਲੇਵਾਰਡ ਅਤੇ ਕੈਰੀਅਰ ਡਰਾਈਵਰ ਦੇ ਰਸਤੇ ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ ਗੁਰਦਵਾਰਾ ਸਾਹਿਬ ਵਿਖੇ ਪੁੱਜਾ। ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ, ਬਰÇਲੰਗਟਨ, ਓਕਵਿਲ ਅਤੇ ਮਿਸੀਸਾਗਾ ਦੇ ਗੁਰਦਵਾਰਾ ਸਾਹਿਬਾਨ ਤੋਂ ਸੰਗਤ ਨੂੰ ਲਿਜਾਣ ’ਤੇ ਲਿਆਉਣ ਬੱਸਾਂ ਦਾ ਖਾਸ ਤੌਰ ’ਤੇ ਪ੍ਰਬੰਧ ਕੀਤਾ ਗਿਆ।


