ਕੈਨੇਡੀਅਨ ਸੰਸਦ ਵਿਚ ਗੂੰਜਿਆ ਖਾਲਿਸਤਾਨੀਆਂ ਦਾ ਮੁੱਦਾ
ਲਿਬਰਲ ਐਮ.ਪੀ. ਚੰਦਰਕਾਂਤ ਆਰਿਆ ਨੇ ਪੱਤਰਕਾਰ ਰਿਸ਼ੀ ਨਾਗਰ ਉਤੇ ਹੋਏ ਹਮਲੇ ਦਾ ਮੁੱਦਾ ਕੈਨੇਡੀਅਨ ਸੰਸਦ ਵਿਚ ਉਠਾਉਂਦਿਆਂ ਚਿਤਾਵਨੀ ਭਰੇ ਲਹਿਜ਼ੇ ਵਿਚ ਆਖਿਆ ਕਿ ਇਸ ਤੋਂ ਪਹਿਲਾਂ ਦੇਰ ਹੋ ਜਾਵੇ, ਖਾਲਿਸਤਾਨ ਹਮਾਇਤੀਆਂ ਦੀਆਂ ਸਰਗਰਮੀਆਂ ਨੂੰ ਲਾਅ ਐਨਫੋਰਸਮੈਂਟ ਏਜੰਸੀਆਂ ਗੰਭੀਰਤਾ ਨਾਲ ਲੈਣ।
By : Upjit Singh
ਔਟਵਾ : ਲਿਬਰਲ ਐਮ.ਪੀ. ਚੰਦਰਕਾਂਤ ਆਰਿਆ ਨੇ ਪੱਤਰਕਾਰ ਰਿਸ਼ੀ ਨਾਗਰ ਉਤੇ ਹੋਏ ਹਮਲੇ ਦਾ ਮੁੱਦਾ ਕੈਨੇਡੀਅਨ ਸੰਸਦ ਵਿਚ ਉਠਾਉਂਦਿਆਂ ਚਿਤਾਵਨੀ ਭਰੇ ਲਹਿਜ਼ੇ ਵਿਚ ਆਖਿਆ ਕਿ ਇਸ ਤੋਂ ਪਹਿਲਾਂ ਦੇਰ ਹੋ ਜਾਵੇ, ਖਾਲਿਸਤਾਨ ਹਮਾਇਤੀਆਂ ਦੀਆਂ ਸਰਗਰਮੀਆਂ ਨੂੰ ਲਾਅ ਐਨਫੋਰਸਮੈਂਟ ਏਜੰਸੀਆਂ ਗੰਭੀਰਤਾ ਨਾਲ ਲੈਣ। ਚੰਦਰਾ ਆਰਿਆ ਨੇ ਭਾਰਤੀ ਮੂਲ ਦੇ ਕਈ ਪੱਤਰਕਾਰਾਂ ’ਤੇ ਅਤੀਤ ਵਿਚ ਹੋਏ ਹਮਲਿਆਂ ਦੀ ਮਿਸਾਲ ਵੀ ਪੇਸ਼ ਕੀਤੀ। ਚੰਦਰਾ ਆਰਿਆ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਹਾਲਾਤ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇ। ਇਥੇ ਦਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਚੰਦਰਾ ਆਰਿਆ ਨੇ ਕਿਹਾ ਸੀ ਕਿ ਕੈਨੇਡਾ ਵਿਚ ਵਸਦੇ ਹਿੰਦੂਆਂ ਵਿਚ ਖੌਫ ਦਾ ਮਾਹੌਲ ਪੈਦਾ ਹੋ ਗਿਆ ਹੈ।
ਚੰਦਰਾ ਆਰਿਆ ਨੇ ਰਿਸ਼ੀ ਨਾਗਰ ਉਤੇ ਹਮਲੇ ਦੀ ਕੀਤੀ ਨਿਖੇਧੀ
ਲਿਬਰਲ ਐਮ.ਪੀ. ਨੇ ਅੱਗੇ ਕਿਹਾ ਕਿ ਮਾਰਚ 2023 ਵਿਚ ਰਿਚਮੰਡ, ਬੀ.ਸੀ ਦੇ ਰੇਡੀਓ ਏ.ਐਮ. 600 ਦੇ ਸਮੀਰ ਕੌਸ਼ਨ ਨੂੰ ਇਸ ਕਰ ਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਖਾਲਿਸਤਾਨੀਆਂ ਦੇ ਰੋਸ ਮੁਜ਼ਾਹਰੇ ਦੀ ਕਵਰੇਜ ਕਰ ਰਿਹਾ ਸੀ। ਸਿਰਫ ਐਨਾ ਹੀ ਨਹੀਂ, ਬਰੈਂਪਟਲ ਦੇ ਰੇਡੀਓ ਹੋਸਟ ਦੀਪਕ ਪੁੰਜ ’ਤੇ ਹਮਲਾ ਹੋਇਆ ਕਿਉਂਕਿ ਉਸ ਵੱਲੋਂ ਖਾਲਿਸਤਾਨ ਨਾਲ ਸਬੰਧਤ ਹਿੰਸਾ ਦੀ ਨਿਖੇਧੀ ਕੀਤੀ ਗਈ। ਚੇਤੇ ਰਹੇ ਕਿ ਚੰਦਰਾ ਆਰਿਆ ਉਹੀ ਸ਼ਖਸ ਨੇ ਜਿਨ੍ਹਾਂ ਵਿਰੁੱਧ ਪਾਰਲੀਮੈਂਟ ਹਿਲ ’ਤੇ ਆਰ.ਐਸ.ਐਸ. ਦਾ ਝੰਡਾ ਝੁਲਾਉਣ ਦੇ ਦੋਸ਼ ਲੱਗੇ ਸਨ।