ਕੈਨੇਡਾ ’ਚ ਮੁੜ ਭਖਿਆ ਹਰਦੀਪ ਸਿੰਘ ਨਿੱਜਰ ਦਾ ਮਸਲਾ
ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਜਾਇਜ਼ ਠਹਿਰਾਉਣ ਵਾਲੇ ਲਿਬਰਲ ਉਮੀਦਵਾਰ ਵਿਰੇਸ਼ ਬਾਂਸਲ ਨੂੰ ਹਟਾਉਣ ਦੀ ਮੰਗ ਜ਼ੋਰ ਫੜ ਰਹੀ ਹੈ।

ਟੋਰਾਂਟੋ : ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਜਾਇਜ਼ ਠਹਿਰਾਉਣ ਵਾਲੇ ਲਿਬਰਲ ਉਮੀਦਵਾਰ ਵਿਰੇਸ਼ ਬਾਂਸਲ ਨੂੰ ਹਟਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਵਿਰੇਸ਼ ਬਾਂਸਲ ਦੀਆਂ ਉਨ੍ਹਾਂ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਸਾਹਮਣੇ ਆਈਆਂ। ਇਨ੍ਹਾਂ ਟਿੱਪਣੀਆਂ ਦੌਰਾਨ ਜਸਟਿਨ ਟਰੂਡੋ ਨੂੰ ਸਮÇਲੰਗੀ ਕਰਾਰ ਦਿਤਾ ਗਿਆ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਉਪ ਆਗੂ ਟਿਮ ਉਪਲ ਨਾਲ ਕੁੱਤੇ ਖਾਣੀ ਕਰਨ ਦੀ ਧਮਕੀ ਦਿਤੀ ਗਈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਸੂਬਾਈ ਲਿਬਰਲ ਆਗੂ ਬੌਨੀ ਕਰੌਂਬੀ ਨੂੰ ਅਪੀਲ ਕੀਤੀ ਗਈ ਹੈ ਕਿ ਔਸ਼ਾਵਾ ਤੋਂ ਵਿਰੇਸ਼ ਬਾਂਸਲ ਦੀ ਉਮੀਦਵਾਰੀ ਰੱਦ ਕਰ ਦਿਤੀ ਜਾਵੇ। ਵਿਰੇਸ਼ ਬਾਂਸਲ ਨੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਰਾਹੀਂ ਕੀਤੀ ਟਿੱਪਣੀ ਦੇ ਜਵਾਬ ਵਿਚ ਕਿਹਾ ਸੀ, ‘‘ਤੁਹਾਨੂੰ ਭਾਰਤ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਜੋ ਕੂੜਾ ਸਾਫ਼ ਕਰ ਰਿਹਾ ਹੈ। ਆਪਣੇ ਗੇਅ ਦੋਸਤ ਜਸਟਿਨ ਟਰੂਡੋ ਨੂੰ ਆਖੋ ਆਹ ਕੁਝ ਕਰ ਕੇ ਦਿਖਾਵੇ।’’ ਦੱਸ ਦੇਈਏ ਕਿ ਜਗਮੀਤ ਸਿੰਘ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਕਿਹਾ ਸੀ ਕਿ ਇਕ ਕੈਨੇਡੀਅਨ ਨਾਗਰਿਕ ਅਤੇ ਸਿੱਖ ਆਗੂ ਦੀ ਹੱਤਿਆ ਕੀਤੀ ਗਈ ਹੈ ਅਤੇ ਸਾਜ਼ਿਸ਼ ਭਾਰਤ ਸਰਕਾਰ ਦੇ ਏਜੰਟਾਂ ਨਾਲ ਜੁੜਦੀ ਹੈ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਉਪ ਆਗੂ ਟਿਮ ਉਪਲ ਨੇ ਮਾਰਚ 2023 ਵਿਚ ਪੰਜਾਬ ਵਿਚਲੇ ਸਿੱਖ ਕਾਰਕੁੰਨਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ’ਤੇ ਚਿੰਤਾ ਜ਼ਾਹਰ ਕਰਦਿਆਂ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕੀਤੀ ਜਿਸ ਦੇ ਜਵਾਬ ਵਿਚ ਵਿਰੇਸ਼ ਬਾਂਸਲ ਨੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਬਿਹਤਰ ਹੋਵੇਗਾ ਕਿ ਤੁਸੀਂ ਆਪਣੀ ਹੱਦ ਵਿਚ ਰਹੋ। ਦੇਖੀਂ ਕਿਤੇ ਤੇਰੇ ਨਾਲ ਵੀ ਕੁੱਤੇ ਖਾਣੀ ਨਾ ਹੋਜੇ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਵਿਰੇਸ਼ ਬਾਂਸਲ ਦੀ ਪੋਸਟ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਜਾਇਜ਼ ਠਹਿਰਾਉਂਦੀ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ’ਤੇ ਸਿੱਧਾ ਹਮਲਾ ਵੀ ਹੈ।
ਲਿਬਰਲ ਉਮੀਦਵਾਰ ਵਿਰੇਸ਼ ਬਾਂਸਲ ਨੂੰ ਹਟਾਉਣ ਦੀ ਮੰਗ
ਹੈਰਾਨੀ ਇਸ ਗੱਲ ਦੀ ਹੈ ਕਿ ਉਨਟਾਰੀਓ ਵਿਚ ਲਿਬਰਲ ਕੈਂਪੇਨ ਵੱਲੋਂ ਇਨ੍ਹਾਂ ਬਰਦਾਸ਼ਤ ਨਾ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਦੀ ਨਿਖੇਧੀ ਨਹੀਂ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡੀਅਨ ਸਿਆਸਤ ਵਿਚ ਅਜਿਹੇ ਉਮੀਦਵਾਰਾਂ ਵਾਸਤੇ ਕੋਈ ਥਾਂ ਨਹੀਂ ਜੋ ਨਫ਼ਰਤ ਭਰੀਆਂ ਟਿੱਪਣੀਆਂ ਕਰਨ ਨੂੰ ਤਰਜੀਹ ਦਿੰਦੇ ਹਨ। ਦਾਨਿਸ਼ ਸਿੰਘ ਨੇ ਵਿਰੇਸ਼ ਬਾਂਸਲ ’ਤੇ ਸਿੱਖ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਉਂਦਿਆਂ ਸਿੱਖ ਬਾਰੇ ਨਫ਼ਰਤ ਫੈਲਾਉਣ ਦਾ ਦੋਸ਼ ਲਾਇਆ। ਅਜਿਹੀਆਂ ਟਿੱਪਣੀਆਂ ਕੈਨੇਡਾ ਵਿਚ ਘੱਟ ਗਿਣਤੀਆਂ ਵਿਰੁੱਧ ਹਿੰਸਾਂ ਨੂੰ ਜਾਇਜ਼ ਠਹਿਰਾਉਂਦੀਆਂ ਹਨ। ਉਧਰ ਥੰਡਰ ਬੇਅ ਤੋਂ ਲਿਬਰਲ ਉਮੀਦਵਾਰ ਵੀ ਵਿਵਾਦਾਂ ਵਿਚ ਘਿਰਦਾ ਨਜ਼ਰ ਆਇਆ ਜਿਸ ਵੱਲੋਂ 2012 ਅਤੇ 2014 ਵਿਚ ਬਿਲ ਕੌਸਬੀ ਦੇ ਹੱਕ ਵਿਚ ਵਿਵਾਦਤ ਟਿੱਪਣੀਆਂ ਕੀਤੀਆਂ ਗਈਆਂ। ਇਸੇ ਦੌਰਾਨ ਉਨਟਾਰੀਓ ਵਿਚ ਲਿਬਰਲ ਆਗੂ ਬੌਨੀ ਕਰੌਂਬੀ ਨੇ ਥੰਡਰ ਬੇਅ ਉਮੀਦਵਾਰ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗ ਚੁੱਕੇ ਹਨ ਅਤੇ ਇਹ ਮਾਮਲਾ ਪੁਰਾਣਾ ਵੀ ਬਹੁਤ ਹੋ ਚੁੱਕਾ ਹੈ। ਔਸ਼ਾਵਾ ਤੋਂ ਉਮੀਦਵਾਰ ਵਿਰੇਸ਼ ਬਾਂਸਲ ਬਾਰੇ ਬੌਨੀ ਕਰੌਂਬੀ ਵੱਲੋਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ।