ਕੈਨੇਡਾ ਵਿਚ ਝੁੱਗੀਆਂ ਨੇ ਲਗਵਾਈ ਐਮਰਜੰਸੀ
ਕੈਨੇਡੀਅਨ ਸ਼ਹਿਰਾਂ ਵਿਚ ਝੁੱਗੀਆਂ ਦੀ ਲਗਾਤਾਰ ਵਧਦੀ ਗਿਣਤੀ ਤੋਂ ਲੋਕ ਤੰਗ ਆ ਚੁੱਕੇ ਹਨ ਅਤੇ ਬੈਰੀ ਸ਼ਹਿਰ ਦੇ ਮੇਅਰ ਨੇ ਇਸ ਨਾਮੁਰਾਦ ਸਮੱਸਿਆ ਦੇ ਮੱਦੇਨਜ਼ਰ ਐਮਰਜੰਸੀ ਦਾ ਐਲਾਨ ਕਰ ਦਿਤਾ ਹੈ

By : Upjit Singh
ਟੋਰਾਂਟੋ : ਕੈਨੇਡੀਅਨ ਸ਼ਹਿਰਾਂ ਵਿਚ ਝੁੱਗੀਆਂ ਦੀ ਲਗਾਤਾਰ ਵਧਦੀ ਗਿਣਤੀ ਤੋਂ ਲੋਕ ਤੰਗ ਆ ਚੁੱਕੇ ਹਨ ਅਤੇ ਬੈਰੀ ਸ਼ਹਿਰ ਦੇ ਮੇਅਰ ਨੇ ਇਸ ਨਾਮੁਰਾਦ ਸਮੱਸਿਆ ਦੇ ਮੱਦੇਨਜ਼ਰ ਐਮਰਜੰਸੀ ਦਾ ਐਲਾਨ ਕਰ ਦਿਤਾ ਹੈ। ਮੇਅਰ ਐਲੈਕਸ ਨਟਲ ਨੇ ਕਿਹਾ ਕਿ ਬੈਰੀ ਵਾਸੀਆਂ ਦੇ ਬਰਦਾਸ਼ਤ ਦਾ ਬੰਨ੍ਹ ਟੁੱਟ ਚੁੱਕਾ ਹੈ। ਥਾਂ-ਥਾਂ ’ਤੇ ਨਜ਼ਰ ਆਉਂਦੀਆਂ ਝੁੱਗੀਆ ਜਿਥੇ ਸੁਰੱਖਿਆ ਚਿੰਤਾਵਾਂ ਵਧਾ ਰਹੀਆਂ ਹਨ, ਉਥੇ ਹੀ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਸੰਕਟ ਮੰਡਰਾਅ ਰਿਹਾ ਹੈ। ਸਰਕਾਰੀ ਥਾਵਾਂ ’ਤੇ ਲੱਗੇ ਤੰਬੂ ਨਾ ਸਿਰਫ਼ ਗੰਦ ਪੈਣ ਕਾਰਨ ਬਣ ਰਹੇ ਹਨ ਸਗੋਂ ਜਲ ਸਰੋਤਾਂ ਵਿਚ ਖਤਰਨਾਕ ਈ-ਕੋਲਾਈ ਬੈਕਟੀਰੀਆ ਮਿਲਣ ਦੀਆਂ ਰਿਪੋਰਟ ਸਾਹਮਣੇ ਆ ਰਹੀਆਂ ਹਨ।
ਨਸ਼ੇੜੀਆਂ ਨੇ ਮੱਲ ਲਿਆ ਸੀ ਪੂਰਾ ਬੈਰੀ ਸ਼ਹਿਰ
ਮੇਅਰ ਵੱਲੋਂ ਦੂਹਰੇ ਕਤਲਕਾਂਡ ਦਾ ਜ਼ਿਕਰ ਵੀ ਕੀਤਾ ਗਿਆ ਜਿਸ ਮਗਰੋਂ ਵੱਡੀ ਗਿਣਤੀ ਵਿਚ ਝੁੱਗੀਆਂ ਜ਼ਬਰਦਸਤੀ ਚੁਕਵਾਉਣੀਆਂ ਪਈਆਂ ਅਤੇ ਸਾਫ਼ ਸਫ਼ਾਈ ’ਤੇ ਲੱਖਾਂ ਡਾਲਰ ਖਰਚ ਹੋਏ। ਝੁੱਗੀਆਂ ਵਿਚ ਲੱਗਣ ਵਾਲੀ ਅੱਗ ਇਕ ਵੱਖਰੀ ਮੁਸੀਬਤ ਬਣੀ ਹੋਈ ਹੈ ਜੋ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਵਾਸਤੇ ਖਤਰਾ ਪੈਦਾ ਕਰਦੀ ਹੈ। ਮੇਅਰ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਉਹ ਕਹਿੰਦੇ ਆ ਰਹੇ ਹਨ ਕਿ ਬੈਰੀ ਸ਼ਹਿਰ ਵਿਚ ਥਾਂ-ਥਾਂ ’ਤੇ ਤੰਬੂ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜਿਹੜੇ ਲੋਕਾਂ ਨੂੰ ਮਦਦ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿਤੀ ਜਾਵੇਗੀ ਪਰ ਇਨ੍ਹਾਂ ਝੁੱਗੀਆਂ ਨੂੰ ਹਟਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਬੈਰੀ ਸ਼ਹਿਰ ਦੇ ਲੋਕਾਂ ਦੀ ਹਿਫ਼ਾਜ਼ਤ ਮਿਊਂਸਪੈਲਿਟੀ ਦੀ ਪਹਿਲੀ ਤਰਜੀਹ ਹੈ ਜਿਸ ਨੂੰ ਵੇਖਦਿਆਂ ਤੰਬੂਆਂ ਵਿਚ ਰਹਿ ਰਹੇ ਲੋਕ ਆਪਣਾ ਪ੍ਰਬੰਧ ਕਰ ਲੈਣ। ਦੱਸ ਦੇਈਏ ਕਿ ਐਮਰਜੰਸੀ ਦੇ ਐਲਾਨ ਮਗਰੋਂ ਸਿਟੀ ਸਟਾਫ਼ ਨੂੰ ਜ਼ੋਰ-ਜ਼ਬਰਦਸਤੀ ਕਰਦਿਆਂ ਤੰਬੂ ਹਟਾਉਣ ਦਾ ਅਖਤਿਆਰ ਮਿਲ ਗਿਆ ਹੈ। ਦੂਜੇ ਪਾਸੇ ਮਿਊਂਸਪਲ ਕਾਨੂੰਨ ਦੇ ਮਾਹਰ ਅਜੇ ਗਜਾਰੀਆ ਨੇ ਕਿਹਾ ਕਿ ਮੇਅਰ ਵੱਲੋਂ ਐਮਰਜੰਸੀ ਦਾ ਐਲਾਨ ਇਕ ਸਿਆਸੀ ਪੈਂਤੜੇ ਤੋਂ ਵੱਧ ਕੁਝ ਨਹੀਂ। ਇਲਾਕੇ ਦੇ ਐਮ.ਪੀ. ਡਗ ਸ਼ਿਪਲੀ ਨੇ ਮੇਅਰ ਦੀ ਹਮਾਇਤ ਕਰਦਿਆਂ ਕਿਹਾ ਕਿ ਸਮੱਸਿਆ ਨਾਲ ਨਜਿੱਠਣ ਲਈ ਐਲੈਕਸ ਨਟਲ ਦਾ ਸਾਥ ਦੇਣਾ ਹੀ ਹੋਵੇਗਾ।
ਮੇਅਰ ਵੱਲੋਂ ਸਖ਼ਤ ਕਾਰਵਾਈ ਕਰਨ ਦੇ ਹੁਕਮ
ਮੇਅਰ ਦੇ ਐਲਾਨ ਵਿਚ ਇਕ ਟਾਸਕ ਫੋਰਸ ਗਠਤ ਕਰਨ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਸ ਰਾਹੀਂ ਤੰਬੂਆਂ ਵਿਚ ਨਸ਼ਿਆਂ ਦੀ ਵਰਤੋਂ ਨੂੰ ਠੱਲ੍ਹ ਪਾਈ ਜਾ ਸਕੇਗੀ। ਮੇਅਰ ਵੱਲੋਂ ਸਿਮਕੋਅ ਕਾਊਂਟੀ ਨੂੰ ਅਪੀਲ ਕੀਤੀ ਗਈ ਹੈ ਕਿ ਰੈਣ ਬਸੇਰਿਆਂ ਦਾ ਘੇਰਾ ਵਧਾਇਆ ਜਾਵੇ ਅਤੇ ਫੈਡਰਲ ਤੇ ਸੂਬਾ ਸਰਕਾਰ ਤੋਂ ਵੀ ਵਧੇਰੇ ਫੰਡਜ਼ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਉਨਟਾਰੀਓ ਦੇ ਮਿਊਂਸਪਲ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਬੈਰੀ ਸਣੇ ਹਰ ਸ਼ਹਿਰ ਨੂੰ ਤੰਬੂ ਹਟਾਉਣ, ਪਬਲਿਕ ਪਾਰਕਸ ਦੀ ਸਫ਼ਾਈ ਅਤੇ ਬੇਘਰਾਂ ਲਈ ਯੋਜਨਾਵਾਂ ਦਾ ਘੇਰਾ ਵਧਾਉਣ ਲਈ ਹਰ ਤਰ੍ਹਾਂ ਦੀ ਮਦਦ ਦਿਤੀ ਜਾ ਰਹੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਬੈਰੀ ਸ਼ਹਿਰ ਵਿਚੋਂ ਝੁੱਗੀਆਂ ਚੁਕਵਾਉਣ ਦੀ ਕਾਰਵਾਈ ਕਦੋਂ ਆਰੰਭੀ ਜਾ ਰਹੀ ਹੈ।


