Canada ਵਿਚ School bus ਖਾ ਗਈ ਲੋਟਣੀਆਂ, 15 ਜ਼ਖਮੀ
ਕੈਨੇਡਾ ਵਿਚ ਇਕ ਸਕੂਲ ਬੱਸ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ 14 ਵਿਦਿਆਰਥੀ ਅਤੇ ਡਰਾਈਵਰ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਚਾਰ ਜਣਿਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੈਲੀਕਾਪਟਰ ਰਾਹੀਂ ਵਿੰਨੀਪੈਗ ਦੇ ਹਸਪਤਾਲ ਲਿਜਾਇਆ ਗਿਆ

By : Upjit Singh
ਵਿੰਨੀਪੈਗ : ਕੈਨੇਡਾ ਵਿਚ ਇਕ ਸਕੂਲ ਬੱਸ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ 14 ਵਿਦਿਆਰਥੀ ਅਤੇ ਡਰਾਈਵਰ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਚਾਰ ਜਣਿਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੈਲੀਕਾਪਟਰ ਰਾਹੀਂ ਵਿੰਨੀਪੈਗ ਦੇ ਹਸਪਤਾਲ ਲਿਜਾਇਆ ਗਿਆ। ਮੈਨੀਟੋਬਾ ਸੂਬੇ ਦੇ ਹਾਈਵੇਅ ’ਤੇ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਕੂਲ ਬੱਸ ਦੇ ਡਰਾਈਵਰ ਨੇ ਇਕ ਹੋਰ ਬੱਸ ਨੂੰ ਓਵਰਟੇਕ ਕਰਨ ਦਾ ਯਤਨ ਕੀਤਾ ਪਰ ਰਫ਼ਤਾਰ ਜ਼ਿਆਦਾ ਹੋਣ ਕਰ ਕੇ ਇਹ ਬੇਕਾਬੂ ਹੋ ਗਈ ਅਤੇ ਖਤਾਨਾਂ ਵਿਚ ਪਲਟ ਗਈ। ਸਵੈਨ ਰਿਵਰ ਡਿਟੈਚਮੈਂਟ ਦੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਕਈ ਬੱਚਿਆਂ ਦੀ ਹੱਡੀਆਂ ਟੁੱਟ ਗਈਆਂ ਅਤੇ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪੁੱਜਾ।
ਮੈਨੀਟੋਬਾ ਸੂਬੇ ਦੇ ਹਾਈਵੇਅ 10 ’ਤੇ ਵਾਪਰਿਆ ਹਾਦਸਾ
ਪੁਲਿਸ ਮੁਤਾਬਕ ਮੈਫ਼ੇਕਿੰਗ ਕਸਬੇ ਤੋਂ 13 ਕਿਲੋਮੀਟਰ ਦੱਖਣ ਵੱਲ ਹਾਈਵੇਅ 10 ’ਤੇ ਹਾਦਸਾ ਵਾਪਰਿਆ ਜਦੋਂ ਬੱਸ ਵਿਚ ਸਵਾਰ ਬੱਚੇ ਸਕੂਲ ਜਾ ਰਹੇ ਸਨ। ਉਧਰ ਸਵੈਨ ਵੈਲੀ ਸਕੂਲ ਡਵੀਜ਼ਨ ਨੇ ਦੱਸਿਆ ਕਿ ਹਾਦਸੇ ਵੇਲੇ ਬੱਸ ਵਿਚ 16 ਸਾਲ ਤੋਂ 18 ਸਾਲ ਉਮਰ ਦੇ 14 ਵਿਦਿਆਰਥੀ ਅਤੇ ਡਰਾਈਵਰ ਸਵਾਰ ਸੀ। ਮੂਲ ਬਾਸ਼ਿੰਦਿਆਂ ਦੇ ਕਬੀਲੇ ਸਪੋਟਾਵੇਯਕ ਕ੍ਰੀ ਦੇ ਮੁੁਖੀ ਨੈਲਸਨ ਜੀਨੇਲ ਮੁਤਾਬਕ ਬੱਸ ਨੇ ਬੇਕਾਬੂ ਹੋਣ ਮਗਰੋਂ ਕਈ ਪਲਟੀਆਂ ਖਾਧੀਆਂ ਅਤੇ ਖਰਾਬ ਮੌਸਮ ਵੀ ਹਾਦਸੇ ਦਾ ਕਾਰਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਟੈਂਪਰੇਚਰ ਪਲੱਸ 9 ਦਰਜ ਕੀਤਾ ਗਿਆ ਅਤੇ ਮੀਂਹ ਪੈ ਰਿਹਾ ਸੀ ਪਰ ਮੰਗਲਵਾਰ ਨੂੰ ਤਾਪਮਾਨ ਮਾਇਨਸ 9 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਅਤੇ ਬਰਫ਼ੀਲੀਆਂ ਹਵਾਵਾਂ ਚੱਲ ਰਹੀਆਂ ਸਨ।
ਗੰਭੀਰ ਜ਼ਖਮੀ ਵਿੰਨੀਪੈਗ ਦੇ ਹਸਪਤਾਲ ਵਿਚ ਦਾਖ਼ਲ
ਇਸੇ ਦੌਰਾਨ ਸਿਹਤ ਵਿਭਾਗ ਨੇ ਦੱਸਿਆ ਕਿ 15 ਜ਼ਖਮੀਆਂ ਨੂੰ ਸਵੈਨ ਵੈਲੀ ਹੈਲਥ ਸੈਂਟਰ ਭੇਜਿਆ ਗਿਆ ਅਤੇ ਇਨ੍ਹਾਂ ਵਿਚੋਂ ਚਾਰ ਜਣਿਆਂ ਨੂੰ ਏਅਰਲਿਫ਼ਟ ਕਰਦਿਆਂ ਵਿੰਨੀਪੈਗ ਦੇ ਚਿਲਡ੍ਰਨਜ਼ ਹੌਸਪੀਟਲ ਅਤੇ ਐਡਲਟ ਐਮਰਜੰਸੀ ਵਿਚ ਦਾਖਲ ਕਰਵਾਇਆ। ਕਈ ਵਿਦਿਆਰਥੀਆਂ ਦੇ ਟਾਂਕੇ ਲੱਗੇ ਅਤੇ ਕਈ ਦੇ ਮੋਢੇ ਦੀ ਹੱਡੀ ਟੁੱਟ ਗਈ। ਹਾਦਸੇ ਬਾਰੇ ਪਤਾ ਲਗਦਿਆਂ ਹੀ ਮਾਪਿਆਂ ਵਿਚ ਘਬਰਾਹਟ ਪੈਦਾ ਹੋ ਗਈ ਅਤੇ ਉਹ ਆਪਣੇ ਬੱਚਿਆਂ ਨਾਲ ਮੁਲਾਕਾਤ ਕਰਨ ਪੁੱਜੇ। ਉਧਰ ਨੈਲਸਨ ਨੇ ਕਿਹਾ ਕਿ ਹਾਦਸੇ ਨੂੰ ਵੇਖਦਿਆਂ ਸਕੂਲ ਬੱਸਾਂ ਵਿਚ ਵੀ ਸੀਟ ਬੈਲਟਸ ਲਾਜ਼ਮੀ ਕੀਤੇ ਜਾਣ ਦੀ ਮੰਗ ਉਠ ਰਹੀ ਹੈ। ਦੱਸ ਦੇਈਏ ਕਿ ਮੈਫ਼ੇਕਿੰਗ ਕਸਬਾ ਵਿੰਨੀਪੈਗ ਤੋਂ 541 ਕਿਲੋਮੀਟਰ ਉਤਰ ਪੱਛਮ ਵੱਲ ਹੈ ਅਤੇ ਆਰ.ਸੀ.ਐਮ.ਪੀ. ਦੇ ਫ਼ੌਰੈਂਸਿਕ ਮਾਹਰ ਹਾਦਸੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਨ।


