ਟੋਰਾਂਟੋ ਦੇ ਲੋਕਾਂ ਨੂੰ ਰਾਹਤ, ਟ੍ਰਾਂਜ਼ਿਟ ਕਿਰਾਏ ਨਹੀਂ ਵਧਣਗੇ
ਟੋਰਾਂਟੋ ਵਿਚ ਮੌਜੂਦਾ ਵਰ੍ਹੇ ਦੌਰਾਨ ਟ੍ਰਾਂਜ਼ਿਟ ਕਿਰਾਏ ਨਹੀਂ ਵਧਣਗੇ ਅਤੇ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਯਤਨ ਕੀਤੇ ਜਾਣਗੇ।
By : Upjit Singh
ਟੋਰਾਂਟੋ : ਟੋਰਾਂਟੋ ਵਿਚ ਮੌਜੂਦਾ ਵਰ੍ਹੇ ਦੌਰਾਨ ਟ੍ਰਾਂਜ਼ਿਟ ਕਿਰਾਏ ਨਹੀਂ ਵਧਣਗੇ ਅਤੇ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਯਤਨ ਕੀਤੇ ਜਾਣਗੇ। ਸ਼ਹਿਰ ਦੀ ਮੇਅਰ ਓਲੀਵੀਆ ਚੌਅ ਨੇ ਟੀ.ਟੀ.ਸੀ. ਦੇ ਮੁਖੀ ਜਮਾਲ ਮਾਇਰਜ਼ ਅਤੇ ਮੁੱਖ ਕਾਰਜਕਾਰੀ ਅਫ਼ਸਰ ਗ੍ਰੈਗ ਪਰਸੀ ਦੀ ਮੌਜੂਦਗੀ ਵਿਚ ਇਹ ਐਲਾਨ ਵਿਲਸਨ ਸਟੇਸ਼ਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬੱਸ ਅਤੇ ਰੇਲ ਕਿਰਾਏ ਵਿਚ ਕੋਈ ਵਾਧਾ ਨਾ ਹੋਣ ਦਾ ਮਤਲਬ ਹੈ ਕਿ ਬਾਲਗਾਂ ਨੂੰ 3.30 ਡਾਲਰ ਅਦਾ ਕਰਨੇ ਹੋਣਗੇ ਜਦਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਦਾ ਸਵਾ ਦੋ ਡਾਲਰ ਕਿਰਾਇਆ ਬਰਕਰਾਰ ਰਹੇਗਾ।
ਮੇਅਰ ਓਲੀਵੀਆ ਚੌਅ ਨੇ ਵਿਲਸਨ ਸਟੇਸ਼ਨ’ਤੇ ਕੀਤਾ ਐਲਾਨ
ਇਸੇ ਤਰ੍ਹਾਂ 13 ਸਾਲ ਤੋਂ 19 ਸਾਲ ਤੱਕ ਦੀ ਉਮਰ ਵਾਲਿਆਂ ਨੂੰ 2.35 ਡਾਲਰ ਅਦਾ ਕਰਨੇ ਹੋਣਗੇ। ਟੀ.ਟੀ.ਸੀ. ਦੇ ਮੁਸਾਫ਼ਰਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਕਈ ਰੂਟਾਂ ’ਤੇ ਬੱਸਾਂ ਅੱਗੇ ਪਿੱਛੇ ਆ ਜਾਂਦੀਆਂ ਅਤੇ ਫਿਰ ਲੰਮਾਂ ਸਮਾਂ ਕੋਈ ਬੱਸ ਆਉਂਦੀ ਹੀ ਨਹੀਂ। ਬੱਸ ਬੰਚਿੰਗ ਦੀ ਸਮੱਸਿਆ ਹੱਲ ਲਈ ਪਾਇਲਟ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ। ਟੀ.ਟੀ.ਸੀ. ਦੇ ਬਜਟ ਵਿਚ ਛੇ ਮਿੰਟ ਦੇ ਵਕਫ਼ੇ ਦੇ ਸਟ੍ਰੀਟ ਕਾਰਜ਼ ਆਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਭੀੜ ਭਾੜ ਵਾਲੇ ਸਬਵੇਅ ਸਟੇਸ਼ਨਾਂ ’ਤੇ ਇਕ ਸਟੇਸ਼ਨ ਮੈਨੇਜਰ ਤੈਨਾਤ ਕੀਤਾ ਜਾਵੇਗਾ ਅਤੇ ਸਕਾਰਬ੍ਰੋਅ ਟਾਊਨ ਸੈਂਟਰ, ਕੈਨੇਡੀ, ਡੰਡਾਸ, ਫਿੰਚ, ਸਪੈਡੀਨਾ ਅਤੇ ਲੈਂਸਡਾਊਨ ਦੇ ਛੇ ਸਟੇਸ਼ਨਾਂ ’ਤੇ ਸਾਫ਼ ਸਫਾਈ ਵਾਲਾ ਪਾਇਲਟ ਪ੍ਰੋਗਰਾਮ ਆਰੰਭਿਆ ਜਾਵੇਗਾ। 2025 ਦਾ ਸੰਚਾਲਨ ਬਜਟ 2.82 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ ਅਤੇ ਮਹਿਕਮੇ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ 6.5 ਫ਼ੀ ਸਦੀ ਵਾਧੂ ਰਕਮ ਸਿਟੀ ਤੋਂ ਮੰਗੀ ਗਈ ਹੈ।
ਸੇਵਾਵਾਂ ਨੂੰ ਬਿਹਤਰ ਬਣਾਉਣ ’ਤੇ ਦਿਤਾ ਜ਼ੋਰ
ਦੂਜੇ ਪਾਸੇ 2025 ਤੋਂ 2034 ਤੱਕ ਦੇ 10 ਸਾਲਾ ਕੈਪੀਟਲ ਬਜਟ ਵਿਚ 5.12 ਅਰਬ ਡਾਲਰ ਦਾ ਵਾਧਾ ਸ਼ਾਮਲ ਹੈ ਅਤੇ ਇਸ ਰਕਮ ਦਾ ਜ਼ਿਆਦਾਤਰ ਹਿੱਸਾ ਨਵੀਆਂ ਸਬਵੇਅ ਟ੍ਰੇਨਜ਼ ਅਤੇ 700 ਨਵੀਆਂ ਈਬੱਸਾਂ ’ਤੇ ਖਰਚ ਕੀਤੀ ਜਾਵੇਗੀ। ਤਾਜ਼ਾ ਬਜਟ ਤਜਵੀਜ਼ਾਂ ਨੂੰ ਟੀ.ਟੀ.ਸੀ. ਬੋਰਡ ਦੀ 10 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ ਅਤੇ ਇਸ ਮਗਰੋਂ ਸਿਟੀ ਕੌਂਸਲ ਅੱਗੇ ਪੇਸ਼ ਕੀਤੀਆਂ ਜਾਣਗੀਆਂ।