ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਨੂੰ ਮਿਲੀ ਜ਼ਮਾਨਤ
ਕੈਨੇਡਾ ਵਿਚ ਜਾਨਲੇਵਾ ਸੜਕ ਹਾਦਸੇ ਦੇ ਦੋਸ਼ ਹੇਠ ਗ੍ਰਿਫ਼ਤਾਰ ਟਰੱਕ ਡਰਾਈਵਰ ਨਵਜੀਤ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਹੈ

By : Upjit Singh
ਵਿੰਨੀਪੈਗ : ਕੈਨੇਡਾ ਵਿਚ ਜਾਨਲੇਵਾ ਸੜਕ ਹਾਦਸੇ ਦੇ ਦੋਸ਼ ਹੇਠ ਗ੍ਰਿਫ਼ਤਾਰ ਟਰੱਕ ਡਰਾਈਵਰ ਨਵਜੀਤ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਹੈ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨ ਏਅਰਪੋਰਟ ਤੋਂ ਗ੍ਰਿਫ਼ਤਾਰ 26 ਸਾਲਾ ਨਵਜੀਤ ਸਿੰਘ ਦਾ ਪਾਸਪੋਰਟ ਅਤੇ ਡਰਾਈਵਰਜ਼ ਲਾਇਸੰਸ ਸਰੰਡਰ ਕਰਵਾਏ ਗਏ ਹਨ ਜਦਕਿ ਕਿਸੇ ਵੀ ਕਿਸਮ ਦੀ ਗੱਡੀ ਨਾ ਚਲਾਉਣ, ਉਨਟਾਰੀਓ ਦੇ ਤੈਅਸ਼ੁਦਾ ਪਤੇ ਤੋਂ ਇਧਰ-ਉਧਰ ਨਾ ਹੋਣ ਅਤੇ ਹਰ ਹਫ਼ਤੇ ਮੈਨੀਟੋਬਾ ਆ ਕੇ ਪੁਲਿਸ ਕੋਲ ਹਾਜ਼ਰੀ ਲਗਵਾਉਣ ਦੇ ਹੁਕਮ ਦਿਤੇ ਗਏ ਹਨ। ਇਥੇ ਦਸਣਾ ਬਣਦਾ ਹੈ ਕਿ 15 ਨਵੰਬਰ 2024 ਨੂੰ ਵਿੰਨੀਪੈਗ ਤੋਂ 90 ਕਿਲੋਮੀਟਰ ਦੱਖਣ ਪੱਛਮ ਵੱਲ ਐਲਟੋਨਾ ਕਸਬੇ ਨੇੜੇ ਵਾਪਰੇ ਹਾਦਸੇ ਦੌਰਾਨ 35 ਸਾਲ ਦੀ ਸਾਰਾ ਅੰਗਰ ਅਤੇ ਉਸ ਦੀ ਬੇਟੀ ਅਲੈਕਸਾ ਦਮ ਤੋੜ ਗਈਆਂ ਸਨ। ਸਰਕਾਰੀ ਵਕੀਲ ਵੱਲੋਂ ਅਦਾਲਤ ਵਿਚ ਪੇਸ਼ ਦਲੀਲਾਂ ਮੁਤਾਬਕ ਨਵਜੀਤ ਸਿੰਘ ਘੱਟੋ ਘੱਟ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਸਟੌਪ ਸਾਈਨ ’ਤੇ ਰੁਕਣ ਦੀ ਬਜਾਏ ਸਿੱਧਾ ਅੱਗੇ ਵਧ ਗਿਆ।
ਮੈਨੀਟੋਬਾ ਵਿਚ ਹਾਦਸੇ ਦੌਰਾਨ ਮਾਵਾਂ-ਧੀਆਂ ਦੀ ਹੋਈ ਸੀ ਮੌਤ
ਤੇਜ਼ ਰਫ਼ਤਾਰ ਟਰੱਕ ਨੇ ਸਾਰਾ ਅੰਗਰ ਦੀ ਗੱਡੀ ਨੂੰ ਟੱਕਰ ਮਾਰ ਦਿਤੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨਵਜੀਤ ਸਿੰਘ 2020 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ 2022 ਵਿਚ ਉਸ ਨੂੰ ਵਰਕ ਪਰਮਿਟ ਮਿਲ ਗਿਆ। ਉਧਰ ਸਰਕਾਰੀ ਵਕੀਲ ਮਾਈਕਲ ਹਿਮਲਮਨ ਨੇ ਖਦਸ਼ਾ ਜ਼ਾਹਰ ਕੀਤਾ ਕਿ ਨਵਜੀਤ ਸਿੰਘ ਨੂੰ ਜ਼ਮਾਨਤ ਦਿਤੀ ਗਈ ਤਾਂ ਉਹ ਫਰਾਰ ਹੋ ਸਕਦਾ ਹੈ ਪਰ ਨਵਜੀਤ ਦੇ ਵਕੀਲ ਅਭੈ ਗੌਤਮ ਨੇ ਦਾਅਵਾ ਕੀਤਾ ਕਿ ਉਸ ਦਾ ਮੁਵੱਕਲ ਆਪਣੇ ਵਿਰੁੱਧ ਲੱਗੇ ਦੋਸ਼ਾਂ ਦਾ ਜਵਾਬ ਦੇਣ ਹੀ ਕੈਨੇਡਾ ਵਾਪਸ ਆਇਆ ਹੈ। ਮਾਈਕਲ ਹਿਮਲਮਨ ਨੇ ਇਹ ਵੀ ਕਿਹਾ ਕਿ ਹਾਦਸੇ ਵੇਲੇ ਨਵਜੀਤ ਸਿੰਘ ਦੇ ਟਰੱਕ ਦਾ ਬਲੈਕ ਬੌਕਸ ਬੰਦ ਸੀ। ਉਨ੍ਹਾਂ ਦੋਸ਼ ਲਾਇਆ ਕਿ ਤੈਅਸ਼ੁਦਾ ਹੱਦ ਤੋਂ ਜ਼ਿਆਦਾ ਟਰੱਕ ਚਲਾਉਣ ਕਰ ਕੇ ਇਹ ਬੰਦ ਕੀਤਾ ਗਿਆ। ਹਿਮਲਮਨ ਮੁਤਾਬਕ ਹਾਦਸੇ ਦੇ ਕਾਰਨਾਂ ਵਿਚੋਂ ਇਕ ਡਰਾਈਵਰ ਦੀ ਥਕਾਵਟ ਵੀ ਹੋ ਸਕਦੀ ਹੈ।
ਨਵਜੀਤ ਸਿੰਘ ਨੂੰ ਹਰ ਹਫ਼ਤੇ ਥਾਣੇ ਵਿਚ ਲਾਉਣੀ ਪਵੇਗੀ ਹਾਜ਼ਰੀ
ਇਸੇ ਦੌਰਾਨ ਹਾਦਸੇ ਦੇ ਇਕ ਗਵਾਹ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਐਸ.ਯੂ.ਵੀ. ਇਸ ਤਰੀਕੇ ਨਾਲ 53 ਮੀਟਰ ਤੱਕ ਪਲਟੀਆਂ ਖਾਂਦੀ ਗਈ ਜਿਵੇਂ ਕਿਸੇ ਨੇ ਫੁੱਟਬਾਲ ਨੂੰ ਕਿੱਕ ਮਾਰੀ ਹੋਵੇ। ਉਧਰ ਨਵਜੀਤ ਦੇ ਵਕੀਲ ਅਭੈ ਗੌਤਮ ਦਾ ਕਹਿਣਾ ਸੀ ਕਿ ਜਦੋਂ ਉਸ ਦੇ ਮੁਵੱਕਲ ਨੇ ਪੰਜਾਬ ਰਹਿੰਦੇ ਆਪਣੇ ਮਾਪਿਆਂ ਨੂੰ ਹਾਦਸੇ ਬਾਰੇ ਦੱਸਿਆ ਤਾਂ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ ਜਿਸ ਕਰ ਕੇ ਉਸ ਨੂੰ ਕੈਨੇਡਾ ਛੱਡ ਕੇ ਜਾਣਾ ਪਿਆ। ਗੌਤਮ ਨੇ ਅੱਗੇ ਕਿਹਾ ਕਿ ਨਵਜੀਤ ਸਿੰਘ ਦਾ ਪਰਵਾਰ ਉਸ ਵੱਲੋਂ ਭੇਜੇ ਜਾਂਦੇ ਪੈਸਿਆਂ ਨਾਲ ਹੀ ਗੁਜ਼ਾਰਾ ਕਰਦਾ ਹੈ। ਖਾਸ ਤੌਰ ’ਤੇ ਨਵਜੀਤ ਸਿੰਘ ਦੀ ਮਾਤਾ ਦੀਆਂ ਦਵਾਈਆਂ ਦਾ ਖਰਚਾ ਵੀ ਉਹ ਹੀ ਬਰਦਾਸ਼ਤ ਕਰ ਰਿਹਾ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਜੱਜ ਮਾਈਕਲ ਕਲਾਰਕ ਨੇ ਕਿਹਾ ਕਿ ਬਿਨਾਂ ਸ਼ੱਕ ਹਾਦਸਾ ਬੇਹੱਦ ਹੌਲਨਾਕ ਸੀ ਅਤੇ ਦੋਸ਼ੀ ਠਹਿਰਾਏ ਜਾਣ ਦੀ ਸੂਰਤ ਵਿਚ ਨਵਜੀਤ ਸਿੰਘ ਨੂੰ ਲੰਮਾ ਸਮਾਂ ਜੇਲ ਵਿਚ ਰਹਿਣਾ ਪੈ ਸਕਦਾ ਹੈ ਪਰ ਵਾਜਬ ਕਾਰਨਾਂ ਦੇ ਆਧਾਰ ’ਤੇ ਜ਼ਮਾਨਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


