ਕੈਨੇਡਾ ਵਿਚ ਕਸੂਤੇ ਫਸੇ ਪੰਜਾਬੀ ਕਿਸਾਨ
ਕੈਨੇਡਾ ਦੇ ਬੀ.ਸੀ. ਵਿਚ ਫਲਾਂ ਦੀ ਕਾਸ਼ਤ ਕਰ ਰਹੇ ਪੰਜਾਬੀ ਕਿਸਾਨ ਕਸੂਤੇ ਫਸ ਗਏ ਜਦੋਂ 90 ਸਾਲ ਪੁਰਾਣੀ ਸਹਿਕਾਰੀ ਸੰਸਥਾ ਨੂੰ ਅਚਾਨਕ ਭੰਗ ਕਰ ਦਿਤਾ ਗਿਆ। ਲੰਮੇ ਸਮੇਂ ਤੋਂ ਸਹਿਕਾਰੀ ਸੰਸਥਾ ਨਾਲ ਜੁੜੇ ਪਿੰਦਰ ਧਾਲੀਵਾਲ ਨੇ ਕਿਹਾ ਕਿ ਸੇਬ ਦੀ ਫਸਲ ਤਿਆਰ ਖੜ੍ਹੀ ਹੈ
By : Upjit Singh
ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਫਲਾਂ ਦੀ ਕਾਸ਼ਤ ਕਰ ਰਹੇ ਪੰਜਾਬੀ ਕਿਸਾਨ ਕਸੂਤੇ ਫਸ ਗਏ ਜਦੋਂ 90 ਸਾਲ ਪੁਰਾਣੀ ਸਹਿਕਾਰੀ ਸੰਸਥਾ ਨੂੰ ਅਚਾਨਕ ਭੰਗ ਕਰ ਦਿਤਾ ਗਿਆ। ਲੰਮੇ ਸਮੇਂ ਤੋਂ ਸਹਿਕਾਰੀ ਸੰਸਥਾ ਨਾਲ ਜੁੜੇ ਪਿੰਦਰ ਧਾਲੀਵਾਲ ਨੇ ਕਿਹਾ ਕਿ ਸੇਬ ਦੀ ਫਸਲ ਤਿਆਰ ਖੜ੍ਹੀ ਹੈ ਅਤੇ ਐਨ ਮੌਕੇ ’ਤੇ ਸਹਿਕਾਰੀ ਸੰਸਥਾ ਦੇ ਬੰਦ ਹੋਣ ਨਾਲ ਸੇਬਾਂ ਨੂੰ ਡੱਬਾ ਬੰਦ ਕਰਨ ਅਤੇ ਵੇਚਣ ਦੀ ਸਮੱਸਿਆ ਸਾਹਮਣੇ ਆ ਗਈ। ਬੀ.ਸੀ. ਫਰੂਟ ਗ੍ਰੋਅਰਜ਼ ਐਸੋਸੀਏਸ਼ਨ ਦੇ ਸੁਖਦੀਪ ਬਰਾੜ ਦਾ ਕਹਿਣਾ ਸੀ ਕਿ ਸਹਿਕਾਰੀ ਸੰਸਥਾ ਬੰਦ ਕਰਨ ਦੇ ਐਲਾਨ ਮਗਰੋਂ ਕਿਸਾਨਾਂ ਵਿਚ ਹਫੜਾ-ਦਫੜੀ ਮਚੀ ਹੋਈ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਐਨੀ ਛੇਤੀ ਫਲਾਂ ਦੀ ਪੈਕਿੰਗ ਅਤੇ ਹੋਰ ਪ੍ਰਬੰਧ ਕਿਵੇਂ ਕੀਤੇ ਜਾਣ। ਸੁਖਦੀਪ ਬਰਾੜ ਨੇ ਦੱਸਿਆ ਕਿ ਬੀ.ਸੀ. ਵਿਚ ਫਲਾਂ ਦੀ ਪੈਕਿੰਗ ਕਰਨ ਵਾਲੇ ਹੋਰ ਅਦਾਰੇ ਪਹਿਲਾਂ ਹੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ ਅਤੇ ਗੈਰ ਮੈਂਬਰਾਂ ਨੂੰ ਜਗ੍ਹਾ ਮਿਲਣੀ ਬਹੁਤ ਮੁਸ਼ਕਲ ਹੈ।
ਸਹਿਕਾਰੀ ਸਭਾ ਭੰਗ ਹੋਣ ਕਾਰਨ ਫਲਾਂ ਦੀ ਫਸਲ ਸੰਭਾਲਣੀ ਹੋਈ ਮੁਸ਼ਕਲ
ਉਨ੍ਹਾਂ ਕਿਹਾ ਕਿ ਫਲਾਂ ਦੀ ਸਟੋਰੇਜ, ਪੈਕਿੰਗ ਅਤੇ ਵਿਕਰੀ ਸਹੀ ਨਾਲ ਤਰੀਕੇ ਨਾਲ ਨਾ ਹੋਣ ’ਤੇ ਬਾਜ਼ਾਰ ਡਾਵਾਂਡੋਲ ਹੋ ਸਕਦਾ ਹੈ। ਹੁਣ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਵਾਸਤੇ ਪ੍ਰਾਈਵੇਟ ਖਰੀਦਾਰਾਂ ਨਾਲ ਸੌਦੇਬਾਜ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਇਕ ਗੱਲ ਯਕੀਨੀ ਤੌਰ ’ਤੇ ਆਖੀ ਜਾ ਸਕਦੀ ਹੈ ਕਿ ਇਸ ਵਾਰ ਦਰੱਖਤਾਂ ’ਤੇ ਸਾਰੇ ਫਲ ਤੋੜਨੇ ਸੰਭਵ ਨਹੀਂ ਹੋਣਗੇ। ਦੱਸ ਦੇਈਏ ਕਿ ਬੀ.ਸੀ. ਟ੍ਰੀ ਫਰੂਟਸ ਕੋਆਪ੍ਰੇਟਿਕ ਦੀ ਸਥਾਪਨਾ 1936 ਵਿਚ ਕੀਤੀ ਗਈ ਅਤੇ 300 ਮੈਂਬਰਾਂ ਵਾਲੀ ਇਹ ਸਹਿਕਾਰੀ ਸਭਾ ਬੀ.ਸੀ. ਵਿਚ ਫਲਾਂ ਪੈਕਿੰਗ ਅਤੇ ਵਿਕਰੀ ਕਰਨ ਵਾਲੇ ਸਭ ਤੋਂ ਵੱਡੇ ਅਦਾਰਿਆਂ ਵਿਚੋਂ ਇਕ ਸੀ। ਇਸੇ ਦੌਰਾਨ ਕੈਲੋਨਾ ਦੀ ਕਿਸਾਨ ਜੈਨੀਫਰ ਦਿਉਲ ਨੇ ਕਿਹਾ ਕਿ ਸਹਿਕਾਰੀ ਅਦਾਰੇ ਰਾਹੀਂ ਕਿਸਾਨਾਂ ਨੂੰ ਫਸਲ ਦਾ ਵਾਜਬ ਮੁੱਲ ਮਿਲਦਾ ਹੈ ਅਤੇ ਵਿਕਰੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਵੀ ਹੁੰਦੀ ਹੈ। ਹੁਣ ਟ੍ਰੈਂਪਰੇਚਰ ਕੰਟ੍ਰੋਲਡ ਸਟੋਰੇਜ ਨਾ ਹੋਣ ਕਾਰਨ ਕਿਸਾਨਾਂ ਸਾਹਮਣੇ ਫਸਲ ਸਾਂਭਣ ਦੀ ਸਮੱਸਿਆ ਵੀ ਪੈਦਾ ਹੋ ਗਈ ਹੈ। ਉਧਰ ਸੁਖਦੀਪ ਬਰਾੜ ਦਾ ਕਹਿਣਾ ਸੀ ਕਿ ਆਮ ਤੌਰ ’ਤੇ ਕਿਸਾਨਾਂ ਵੱਲੋਂ ਫਸਲ ਦੀ ਕਾਸ਼ਤ ਵਾਸਤੇ ਲੋੜੀਂਦਾ ਸਮਾਨ ਉਧਾਰ ਲਿਆ ਜਾਂਦਾ ਹੈ ਅਤੇ ਫਸਲ ਵੇਚ ਕੇ ਰਕਮ ਅਦਾ ਕਰ ਦਿੰਦੇ ਹਨ ਪਰ ਹੁਣ ਉਧਾਰ ਮਿਲਣ ਦੇ ਆਸਾਰ ਵੀ ਖਤਮ ਹੋ ਚੁੱਕੇ ਹਨ ਅਤੇ ਇਸ ਸਮੱਸਿਆ ਦਾ ਵੱਖਰੇ ਤੌਰ ’ਤੇ ਟਾਕਰਾ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਵਰਿ੍ਹਆਂ ਤੋਂ ਬੀ.ਸੀ. ਦੇ ਕਿਸਾਨਾਂ ਨੂੰ ਕੁਦਰਤੀ ਆਫਤਾਂ ਦਾ ਲਗਾਤਾਰ ਟਾਕਰਾ ਕਰਨਾ ਪੈ ਰਿਹਾ ਹੈ ਪਰ ਇਸ ਵਾਰ ਫਸਲ ਤਿਆਰ ਹੋਣ ਮਗਰੋਂ ਵੱਡਾ ਅੜਿੱਕਾ ਪੈਦਾ ਹੋ ਗਿਆ ਹੈ।