ਹਰਦੀਪ ਸਿੰਘ ਨਿੱਜਰ ਬਾਰੇ ਟਿੱਪਣੀ ਲਿਬਰਲ ਉਮੀਦਵਾਰ ਨੂੰ ਪਈ ਮਹਿੰਗੀ
ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਜਾਇਜ਼ ਠਹਿਰਾਉਣ ਵਾਲੇ ਲਿਬਰਲ ਉਮੀਦਵਾਰ ਵਿਰੇਸ਼ ਬਾਂਸਲ ਨੂੰ ਆਖਰਕਾਰ ਹਟਾ ਦਿਤਾ ਗਿਆ ਹੈ।

ਔਸ਼ਵਾ : ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਜਾਇਜ਼ ਠਹਿਰਾਉਣ ਵਾਲੇ ਲਿਬਰਲ ਉਮੀਦਵਾਰ ਵਿਰੇਸ਼ ਬਾਂਸਲ ਨੂੰ ਆਖਰਕਾਰ ਹਟਾ ਦਿਤਾ ਗਿਆ ਹੈ। ਉਨਟਾਰੀਓ ਲਿਬਰਲ ਪਾਰਟੀ ਨੇ ਔਸ਼ਵਾ ਵਿਧਾਨ ਸਭਾ ਹਲਕੇ ਤੋਂ ਵਿਰੇਸ਼ ਬਾਂਸਲ ਦੀ ਉਮੀਦਵਾਰੀ ਰੱਦ ਕੀਤੇ ਜਾਣ ਦੀ ਤਸਦੀਕ ਕਰ ਦਿਤੀ ਹੈ। ਉਨਟਾਰੀਓ ਵਿਧਾਨ ਸਭਾ ਚੋਣਾਂ ਵਿਚ ਲਿਬਰਲ ਪਾਰਟੀ ਵੱਲੋਂ ਮੈਦਾਨ ਵਿਚ ਉਤਾਰੇ ਕਈ ਸਿੱਖ ਉਮੀਦਵਾਰਾਂ ਵੱਲੋਂ ਵਿਰੇਸ਼ ਬਾਂਸਲ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ ਜਿਨ੍ਹਾਂ ਵਿਚ ਸੌਲਟ ਸੈਂਟ ਮੈਰੀ ਤੋਂ ਗੁਰਵਿੰਦਰ ਸਿੰਘ ਦੁਸਾਂਝ ਅਤੇ ਬਰੈਂਪਟਨ ਈਸਟ ਤੋਂ ਵਿੱਕੀ ਢਿੱਲੋਂ ਸ਼ਾਮਲ ਸਨ। ਮਿਸੀਸਾਗਾ-ਮਾਲਟਨ ਤੋਂ ਲਿਬਰਲ ਉਮੀਦਵਾਰ ਜਵਾਦ ਹਾਰੂਨ ਵੱਲੋਂ ਵੀ ਵਿਰੇਸ਼ ਬਾਂਸਲ ਨੂੰ ਹਟਾਏ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਗਈ।
ਵਿਰੇਸ਼ ਬਾਂਸਲ ਦੀ ਔਸ਼ਵਾ ਤੋਂ ਉਮੀਦਵਾਰੀ ਹੋਈ ਰੱਦ
ਦੂਜੇ ਪਾਸੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਵੀ ਸੂਬਾਈ ਲਿਬਰਲ ਆਗੂ ਬੌਨੀ ਕਰੌਂਬੀ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਔਸ਼ਵਾ ਤੋਂ ਵਿਰੇਸ਼ ਬਾਂਸਲ ਦੀ ਉਮੀਦਵਾਰੀ ਰੱਦ ਕਰ ਦਿਤੀ ਜਾਵੇ। ਦੱਸ ਦੇਈਏ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਵਿਰੇਸ਼ ਬਾਂਸਲ ਨੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਰਾਹੀਂ ਕੀਤੀ ਟਿੱਪਣੀ ਦੇ ਜਵਾਬ ਵਿਚ ਕਿਹਾ ਸੀ, ‘‘ਤੁਹਾਨੂੰ ਭਾਰਤ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਜੋ ਕੂੜਾ ਸਾਫ਼ ਕਰ ਰਿਹਾ ਹੈ। ਆਪਣੇ ਗੇਅ ਦੋਸਤ ਜਸਟਿਨ ਟਰੂਡੋ ਨੂੰ ਆਖੋ, ਆਹ ਕੁਝ ਕਰ ਕੇ ਦਿਖਾਵੇ।’’ ਜਗਮੀਤ ਸਿੰਘ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਕਿਹਾ ਸੀ ਕਿ ਇਕ ਕੈਨੇਡੀਅਨ ਨਾਗਰਿਕ ਅਤੇ ਸਿੱਖ ਆਗੂ ਦੀ ਹੱਤਿਆ ਕੀਤੀ ਗਈ ਹੈ ਅਤੇ ਸਾਜ਼ਿਸ਼ ਭਾਰਤ ਸਰਕਾਰ ਦੇ ਏਜੰਟਾਂ ਨਾਲ ਜੁੜਦੀ ਹੈ। ਉਧਰ ਕੰਜ਼ਰਵੇਟਿਵ ਪਾਰਟੀ ਦੇ ਉਪ ਆਗੂ ਟਿਮ ਉਪਲ ਨੇ ਮਾਰਚ 2023 ਵਿਚ ਪੰਜਾਬ ਵਿਚਲੇ ਸਿੱਖ ਕਾਰਕੁੰਨਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ’ਤੇ ਚਿੰਤਾ ਜ਼ਾਹਰ ਕਰਦਿਆਂ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕੀਤੀ ਜਿਸ ਦੇ ਜਵਾਬ ਵਿਚ ਵਿਰੇਸ਼ ਬਾਂਸਲ ਨੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਬਿਹਤਰ ਹੋਵੇਗਾ ਕਿ ਤੁਸੀਂ ਆਪਣੀ ਹੱਦ ਵਿਚ ਰਹੋ।
ਸਿੱਖ ਅਤੇ ਮੁਸਲਮਾਨ ਉਮੀਦਵਾਰਾਂ ਨੇ ਕੀਤੀ ਸੀ ਹਟਾਉਣ ਦੀ ਅਪੀਲ
ਵਿਰੇਸ਼ ਬਾਂਸਲ ਇਥੇ ਹੀ ਨਹੀਂ ਰੁਕੇ ਅਤੇ ਟਿਮ ਉਪਲ ਨੂੰ ਕਿਹਾ, ‘‘ਦੇਖੀਂ ਕਿਤੇ ਤੇਰੇ ਨਾਲ ਵੀ ਕੁੱਤੇ ਖਾਣੀ ਨਾ ਹੋ ਜਾਵੇ।’’ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਦਾਨਿਸ਼ ਸਿੰਘ ਆਖ ਚੁੱਕੇ ਹਨ ਕਿ ਵਿਰੇਸ਼ ਬਾਂਸਲ ਦੀ ਪੋਸਟ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਜਾਇਜ਼ ਠਹਿਰਾਉਂਦੀ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ’ਤੇ ਸਿੱਧਾ ਹਮਲਾ ਵੀ ਹੈ। ਦਾਨਿਸ਼ ਸਿੰਘ ਨੇ ਵਿਰੇਸ਼ ਬਾਂਸਲ ’ਤੇ ਸਿੱਖ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਉਂਦਿਆਂ ਸਿੱਖਾਂ ਬਾਰੇ ਨਫ਼ਰਤ ਫੈਲਾਉਣ ਦਾ ਦੋਸ਼ ਵੀ ਲਾਇਆ। ਮਾਮਲਾ ਭਖਣ ਮਗਰੋਂ ਬੀਤੇ ਮੰਗਲਵਾਰ ਨੂੰ ਉਨਟਾਰੀਓ ਵਿਚ ਲਿਬਰਲ ਪਾਰਟੀ ਦੀ ਆਗੂ ਬੌਨੀ ਕਰੌਂਬੀ ਨੇ ਕਿਹਾ, ‘‘ਲਿਬਰਲ ਪਾਰਟੀ ਵਿਚ ਅਜਿਹੀਆਂ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ।’’ ਇਸੇ ਦੌਰਾਨ ਵਿਰੇਸ਼ ਬਾਂਸਲ ਦਾ ਮੁਆਫ਼ੀਨਾਮਾ ਵੀ ਸਾਹਮਣੇ ਆਇਆ ਪਰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਇਹ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਰਾਹੀਂ ਸਿਰਜਿਆ ਗਿਆ ਦਸਤਾਵੇਜ਼ ਹੈ। ਡਬਲਿਊ.ਐਸ.ਓ. ਨੇ ਦਲੀਲ ਦਿਤੀ ਕਿ ਅਜਿਹੀਆਂ ਟਿੱਪਣੀਆਂ ਕੈਨੇਡਾ ਵਿਚ ਘੱਟ ਗਿਣਤੀਆਂ ਵਿਰੁੱਧ ਹਿੰਸਾਂ ਨੂੰ ਜਾਇਜ਼ ਠਹਿਰਾਉਂਦੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਵਿਧਾਨ ਸਭਾ ਚੋਣਾਂਵਿਚ 2 ਉਮੀਦਵਾਰਾਂ ਨੂੰ ਵਿਵਾਦਤ ਟਿੱਪਣੀਆਂ ਕਾਰਨ ਹਟਾਇਆ ਗਿਆ ਹੈ। ਵਿਰੇਸ਼ ਬਾਂਸਲ ਤੋਂ ਪਹਿਲਾਂ ਐਨ.ਡੀ.ਪੀ. ਦੀ ਮਹਿਲਾ ਉਮੀਦਵਾਰ ਨੂੰ ਅਫ਼ਰੀਕੀ ਮੂਲ ਦੇ ਲੋਕਾਂ ਬਾਰੇ ਕੀਤੀ ਟਿੱਪਣੀ ਕਾਰਨ ਚੋਣ ਮੈਦਾਨ ਵਿਚੋਂ ਹਟਣਾ ਪਿਆ।