ਡਿਕਸੀ ਗੁਰੂ ਘਰ 'ਚ ਲੱਗੇ ਗੁਰਮਤਿ ਕੈਂਪ ਦੀ ਸਮਾਪਤੀ ਤੇ ਬੱਚਿਆਂ ਨੂੰ ਵੰਡੇ ਇਨਾਮ
By : Sandeep Kaur
ਮਿਸੀਸਾਗਾ ਦੇ ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ 'ਚ ਪਿਛਲੇ 10 ਦਿਨਾਂ ਤੋਂ ਗੁਰਮਤਿ ਕੈਂਪ ਚੱਲ ਰਿਹਾ ਸੀ ਅਤੇ ਹੁਣ ਕੈਂਪ ਸਫਲਤਾਪੂਰਨ ਸਮਾਪਤ ਹੋਇਆ। 10 ਦਿਨ ਦੇ ਇਸ ਕੈਂਪ 'ਚ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਕਈ ਉਪਰਾਲੇ ਕੀਤੇ ਗਏ। ਬੱਚਿਆਂ ਲਈ ਗੁਰਮਤਿ ਕਲਾਸਿਸ ਲਗਾਈਆਂ ਗਈਆਂ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਖਾਣਾ ਖਾਣ ਤੋਂ ਪਹਿਲਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਗਿਆ ਅਤੇ ਕੈਂਪ 'ਚ ਬੱਚਿਆਂ ਨੂੰ ਆਊਟਡੋਰ ਐਕਟੀਵਿਟਿਸ ਵੀ ਕਰਵਾਈਆਂ ਗਈਆਂ। ਕੈਂਪ ਦੌਰਾਨ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਨਾਲ-ਨਾਲ ਲਿਖਣੀ ਵੀ ਸਿਖਾਈ ਗਈ, ਇਸ ਲਈ ਪੰਜਾਬੀ ਕੈਲੀਗ੍ਰਾਫੀ ਕਲਾਸਿਸ ਲਗਾਈਆਂ ਗਈਆਂ। ਬੱਚਿਆਂ ਨੂੰ ਕੈਂਪ 'ਚ ਪੂਰਾ ਸਿੱਖੀ ਪਹਿਰਾਵਾ ਪਾ ਕੇ ਆਉਣ ਲਈ ਕਿਹਾ ਜਾਂਦਾ ਸੀ। ਬੱਚਿਆਂ ਦੇ ਪੈਰੇਂਟਸ ਨੇ ਵੀ ਖੁਸ਼ੀ-ਖੁਸ਼ੀ ਆਪਣੇ ਬੱਚਿਆਂ ਨੂੰ ਇਸ ਕੈਂਪ 'ਚ ਭੇਜਿਆ ਕਿਉਂਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਸਨ। ਕੈਂਪ ਦੇ ਅਖੀਰਲੇ ਦਿਨ ਕਾਫੀ ਪੈਰੈਂਟਸ ਵੀ ਪਹੁੰਚੇ ਅਤੇ ਇਸ ਮੌਕੇ ਕੈਂਪ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਪਰੇਸੀਏਸ਼ਨ ਐਵਾਰਡਸ ਦਿੱਤੇ ਗਏ ਅਤੇ ਬੱਚਿਆਂ ਨੂੰ ਇਸੇ ਤਰ੍ਹਾਂ ਸਿੱਖੀ ਨਾਲ ਜੁੜੇ ਰਹਿਣ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਜੀ ਨੇ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸੇ ਤਰ੍ਹਾਂ ਬੱਚਿਆਂ ਨੂੰ ਕੈਂਪ 'ਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ ਅਤੇ ਸਿੱਖੀ ਨਾਲ ਜੁੜੇ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਜਦੋਂ ਐਵਾਰਡ ਦਿੱਤੇ ਜਾ ਰਹੇ ਸਨ ਤਾਂ ਉਸ ਮੌਕੇ 'ਤੇ ਕਾਫੀ ਅਧਿਆਪਕ ਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਕੈਂਪ ਦੌਰਾਨ ਬੱਚਿਆਂ ਨੂੰ ਸਿਖਲਾਈ ਦਿੱਤੀ ਗਈ ਹੈ। ਅਧਿਆਪਕਾਂ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਰੂਬਰੂ ਕਰਵਾਉਣ ਦਾ ਇਹ ਬਹੁਤ ਮੌਕਾ ਹੈ।