Canada ਵਿਚ Indian ਦੁਕਾਨਦਾਰ ਉਤੇ ਹਮਲਾ
ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿਚ ਲੁੱਟ ਦੀ ਵਾਰਦਾਤ ਦੌਰਾਨ ਭਾਰਤੀ ਦੁਕਾਨਦਾਰ ਉਤੇ ਹਮਲਾ ਹੋਣ ਦੀ ਰਿਪੋਰਟ ਹੈ

By : Upjit Singh
ਨੋਵਾ ਸਕੋਸ਼ੀਆ : ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿਚ ਲੁੱਟ ਦੀ ਵਾਰਦਾਤ ਦੌਰਾਨ ਭਾਰਤੀ ਦੁਕਾਨਦਾਰ ਉਤੇ ਹਮਲਾ ਹੋਣ ਦੀ ਰਿਪੋਰਟ ਹੈ। ਡਾਰਟਮਥ ਸ਼ਹਿਰ ਵਿਚ ਵੁਡਲੌਨ ਕਨਵੀਨੀਐਂਸ ਸਟੋਰ ਦੇ ਮਾਲਕ ਕਰਨ ਕੁਮਾਰ ਪਟੇਲ ਨੇ ਦੱਸਿਆ ਕਿ ਜ਼ਿਆਦਾ ਗਾਹਕ ਨਾ ਹੋਣ ਕਰ ਕੇ ਉਹ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ ਕਿ ਇਕ ਸ਼ਖਸ ਅ ਾਇਆ ਅਤੇ ਅੱਖਾਂ ਵਿਚ ਪੈਪਰ ਸਪ੍ਰੇਅ ਛਿੜਕਣ ਲੱਗਾ। ਅਚਨਚੇਤ ਵਾਪਰੇ ਘਟਨਾਕ੍ਰਮ ਨੇ ਕਰਨ ਕੁਮਾਰ ਪਟੇਲ ਨੂੰ ਝੰਜੋੜ ਕੇ ਰੱਖ ਦਿਤਾ ਜਿਸ ਨੇ ਕਦੇ ਸੁਪਨੇ ਵਿਚ ਵੀ ਅਜਿਹੀ ਘਟਨਾ ਬਾਰੇ ਨਹੀਂ ਸੀ ਸੋਚਿਆ। ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਇਕ ਲਾਟਰੀ ਟ੍ਰੇਅ ਨਾਲ ਕਈ ਵਾਰ ਹਮਲਾ ਕਰਦਾ ਹੈ।
ਸਟੋਰ ਲੁੱਟਣ ਆਏ ਸ਼ਖਸ ਨੇ ਲਾਟਰੀ ਟ੍ਰੇਅ ਨਾਲ ਕੀਤੇ ਵਾਰ
ਦਿਲਚਸਪ ਗੱਲ ਇਹ ਹੈ ਕਿ ਹਮਲਾਵਰ ਸਿਰਫ਼ 20 ਡਾਲਰ ਦੀਆਂ ਟਿਕਟਾਂ ਲੈ ਕੇ ਫ਼ਰਾਰ ਹੋ ਗਿਆ ਅਤੇ ਕਰਨ ਕੁਮਾਰ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਜਦਕਿ ਜ਼ਖਮੀ ਹੋਣ ਤੋਂ ਵੀ ਬਚਾਅ ਰਿਹਾ। ਭਾਰਤੀ ਮੂਲ ਦੇ ਦੁਕਾਨਦਾਰ ਨੇ ਅੱਗੇ ਕਿਹਾ ਕਿ ਅਜਿਹੀਆਂ ਘਟਨਾਵਾਂ ਕਿਸੇ ਨੂੰ ਵੀ ਡਰਾ ਸਕਦੀਆਂ ਹਨ ਅਤੇ ਕੁਝ ਸਾਲ ਪਹਿਲਾਂ ਤੱਕ ਕੈਨੇਡਾ ਵਿਚ ਅਜਿਹੀ ਕੋਈ ਵਾਰਦਾਤ ਨਹੀਂ ਸੀ ਵਾਪਰਦੀ ਪਰ ਹੁਣ ਹਾਲਾਤ ਵਿਗੜਦੇ ਜਾ ਰਹੇ ਹਨ। ਵਾਰਦਾਤ ਮਗਰੋਂ ਕਰਨ ਕੁਮਾਰ ਨੇ ਦਿਨ ਛਿਪਦਿਆਂ ਹੀ ਸਟੋਰ ਦਾ ਦਰਵਾਜ਼ਾ ਲੌਕ ਕਰਨਾ ਸ਼ੁਰੂ ਕਰ ਦਿਤਾ ਹੈ। ਬਿਗ ਬੌਕਸ ਸਟੋਰਜ਼ ’ਤੇ ਵੀ ਸ਼ੌਪਲਿਫ਼ਟਿੰਗ ਤੋਂ ਬਚਣ ਲਈ ਅਜਿਹੇ ਉਪਾਅ ਕੀਤੇ ਜਾਂਦੇ ਹਨ।
ਪੈਪਰ ਸਪ੍ਰੇਅ ਵੀ ਕੀਤਾ, ਪੁਲਿਸ ਕਰ ਰਹੀ ਪੜਤਾਲ
ਰਿਟੇਲ ਸੈਕਟਰ ਦੇ ਮਾਹਰ ਬਰੂਸ ਵਿੰਡਰ ਦਾ ਕਹਿਣਾ ਹੈ ਕਿ ਜਿੰਦੇ-ਕੁੰਡੇ ਲਾਉਣੇ ਵੀ ਠੀਕ ਨਹੀਂ ਕਿਉਂਕਿ ਇਸ ਨਾਲ ਵਿਕਰੀ ’ਤੇ ਅਸਰ ਪੈਂਦਾ ਹੈ। ਜਦੋਂ ਕੋਈ ਗਾਹਕ ਆਉਂਦਾ ਹੈ ਤਾਂ ਲੌਕ ਖੋਲ੍ਹਣ ਵਾਸਤੇ ਇਕ ਬੰਦਾ ਵੱਖਰਾ ਚਾਹੀਦਾ ਹੈ ਅਤੇ ਕੈਸ਼ ਦੀ ਨਿਗਰਾਨੀ ਵੱਖਰੇ ਤੌਰ ’ਤੇ ਕਰਨੀ ਪੈਂਦੀ ਹੈ। ਵਿੰਡਰ ਨੇ ਕਿਹਾ ਕਿ ਆਰਥਿਕ ਔਕੜਾਂ ਦੇ ਚਲਦਿਆਂ ਸ਼ੌਪਲਿਫ਼ਟਿੰਗ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਦੱਸ ਦੇਈਏ ਕਿ ਹੈਲੀਫ਼ੈਕਸ ਰੀਜਨਲ ਮਿਊਂਸਪੈਲਿਟੀ ਵਿਚ ਲੁੱਟ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਕਿਉਂਕਿ ਕਿਸੇ ਵੀ ਸਟੋਰ ਵਿਚ ਜਾ ਕੇ ਕੋਈ ਸਮਾਨ ਚੁੱਕਣ ਮਗਰੋਂ ਬਗੈਰ ਅਦਾਇਗੀ ਕੀਤਿਆਂ ਜਾ ਸਕਦਾ ਹੈ ਅਤੇ ਉਸ ਰੋਕਣ ਵਾਲਾ ਕੋਈ ਨਹੀਂ ਹੁੰਦਾ ਪਰ ਕਰਨ ਕੁਮਾਰ ਦੇ ਮਾਮਲੇ ਵਿਚ ਲੁਟੇਰੇ ਨੇ ਹਮਲਾ ਵੀ ਕਰ ਦਿਤਾ।


