ਕੈਨੇਡਾ ਅਤੇ ਅਮਰੀਕਾ ਦੇ ਕਈ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ
ਅਮਰੀਕਾ ਅਤੇ ਕੈਨੇਡਾ ਦੇ ਕਈ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਕਾਰਨ ਆਮ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ।
By : Upjit Singh
ਨਿਊ ਯਾਰਕ : ਅਮਰੀਕਾ ਅਤੇ ਕੈਨੇਡਾ ਦੇ ਕਈ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਕਾਰਨ ਆਮ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਉਨਟਾਰੀਓ ਦੇ ਮਸਕੋਕਾ ਰੀਜਨ ਵਿਚ ਸਾਢੇ ਚਾਰ ਫੁੱਟ ਤੱਕ ਬਰਫ਼ ਡਿੱਗੀ ਜਦਕਿ ਨਿਊ ਯਾਰਕ ਦੇ ਕਈ ਇਲਾਕਿਆਂ ਵਿਚ ਚਾਰ ਫੁੱਟ ਤੱਕ ਬਰਫ਼ਬਾਰੀ ਹੋਣ ਦੀ ਰਿਪੋਰਟ ਹੈ। ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋਣ ਦੀ ਰਿਪੋਰਟ ਹੈ ਅਤੇ ਗੱਡੀਆਂ ਵਿਚ ਫਸੇ ਦਰਜਨਾਂ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਮਸਕੋਕਾ ਰੀਜਨ ਦੇ ਗ੍ਰੇਵਨਹਰਸਟ ਕਸਬੇ ਵਿਚ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਅਤੇ ਕਾਰਾਂ ਵਿਚ ਫਸੇ ਲੋਕ ਟਾਊਨ ਹਾਲ ਵਿਚ ਲਿਜਾਏ ਗਏ ਜਿਥੇ ਜੈਨਰੇਟਰ ਲੱਗੇ ਹੋਏ ਹਨ। ਕਸਬੇ ਦੇ ਮੇਅਰ ਹਾਈਡੀ ਲੌਰੈਨਜ਼ ਨੇ ਕਿਹਾ ਕਿ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਅਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦਾ ਸੁਝਾਅ ਦਿਤਾ ਗਿਆ ਹੈ।
ਹਜ਼ਾਰਾਂ ਘਰਾਂ ਦੀ ਬਿਜਲੀ ਹੋਈ ਗੁੱਲ, ਲੋਕ ਸੜਕਾਂ ’ਤੇ ਫਸੇ
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਐਤਵਾਰ ਦੇਰ ਰਾਤ ਟਵੀਟ ਕਰਦਿਆਂ ਕਿਹਾ ਕਿ ਬਰਫ਼ੀਲੇ ਤੂਫਾਨ ਨਾਲ ਪ੍ਰਭਾਵਤ ਇਲਾਕਿਆਂ ਦੀ ਹਰ ਸੰਭਵ ਮਦਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਹਾਈਡਰੋ ਵੰਨ ਮੁਤਾਬਕ ਐਤਵਾਰ ਸਵੇਰ ਤੱਕ 60 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਸੀ। ਭਾਰੀ ਬਰਫ਼ਬਾਰੀ ਕਾਰਨ ਦਰੱਖਤਾਂ ਦੇ ਵੱਡੇ ਟਾਹਣੇ ਬਿਜਲੀ ਦੀਆਂ ਤਾਰਾਂ ’ਤੇ ਡਿੱਗਣ ਕਾਰਨ ਸਪਲਾਈ ਪ੍ਰਭਾਵਤ ਹੋਈ। ਬਿਜਲੀ ਕਾਮੇ ਮੁਰੰਮਤ ਦੇ ਯਤਨ ਕਰ ਰਹੇ ਹਨ ਪਰ ਹਾਲਾਤ ਵੱਡੀਆਂ ਚੁਣੌਤੀਆਂ ਪੈਦਾ ਕਰ ਰਹੇ ਹਨ। ਉਧਰ ਅਮਰੀਕਾ ਵਾਲੇ ਪਾਸੇ ਬਰਫ਼ੀਲੇ ਤੂਫਾਨ ਕਾਰਨ ਪ੍ਰਭਾਵਤ ਲੋਕਾਂ ਦੀ ਗਿਣਤੀ 20 ਲੱਖ ਤੋਂ ਉਤੇ ਦੱਸੀ ਜਾ ਰਹੀ ਹੈ।
ਕਾਰਾਂ ਵਿਚ ਫਸੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਨਿਊ ਯਾਰਕ ਦੀਆਂ 11 ਕਾਊਂਟੀਆਂ ਵਿਚ ਐਮਰਜੰਸੀ ਦਾ ਐਲਾਨ ਕੀਤਾ ਜਾ ਚੁੱਕਾ ਹੈ। ਤੂਫ਼ਾਨ ਕਾਰਨ ਪ੍ਰਭਵਾਤ ਇਲਾਕਿਆਂ ਦਾ ਤਾਪਮਾਨ ਮਨਫ਼ੀ 32 ਡਿਗਰੀ ਤੱਕ ਹੇਠਾਂ ਦਰਜ ਕੀਤਾ ਗਿਆ। ਪੱਛਮੀ ਨਿਊ ਯਾਰਕ, ਉਤਰ ਪੂਰਬੀ ਓਹਾਇਓ ਅਤੇ ਉਤਰ ਪੱਛਮੀ ਪੈਨਸਿਲਵੇਨੀਆ ਵਿਚ ਮੰਗਲਵਾਰ ਨੂੰ ਵੀ ਬਰਫ਼ੀਲੇ ਹਾਲਾਤ ਕਾਇਮ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ।