ਕੈਨੇਡੀਅਨ ਸੰਸਦ ਦੇ ਸਪੀਕਰ ਬਣ ਸਕਦੇ ਨੇ ਐਲਿਜ਼ਾਬੈਥ ਮੇਅ
ਗਰੀਨ ਪਾਰਟੀ ਦੀ ਆਗੂ ਅਤੇ ਇਕੋ-ਇਕ ਐਮ.ਪੀ. ਐਲਿਜ਼ਾਬੈਥ ਮੇਅ ਹਾਊਸ ਆਫ਼ ਕਾਮਨਜ਼ ਦਾ ਸਪੀਕਰ ਬਣਨਾ ਚਾਹੁਦੇ ਹਨ।

By : Upjit Singh
ਔਟਵਾ : ਗਰੀਨ ਪਾਰਟੀ ਦੀ ਆਗੂ ਅਤੇ ਇਕੋ-ਇਕ ਐਮ.ਪੀ. ਐਲਿਜ਼ਾਬੈਥ ਮੇਅ ਹਾਊਸ ਆਫ਼ ਕਾਮਨਜ਼ ਦਾ ਸਪੀਕਰ ਬਣਨਾ ਚਾਹੁਦੇ ਹਨ। ਜੀ ਹਾਂ, ਘੱਟ ਗਿਣਤੀ ਲਿਬਰਲ ਸਰਕਾਰ ਨੂੰ ਸਾਥੀਆਂ ਦੀ ਜ਼ਰੂਰਤ ਹੈ ਅਤੇ ਅਜਿਹੇ ਵਿਚ ਐਲਿਜ਼ਾਬੈਥ ਮੇਅ ਦੀ ਇੱਛਾ ਪੂਰੀ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਨਵੀਂ ਕੈਨੇਡੀਅਨ ਪਾਰਲੀਮੈਂਟ ਦਾ ਇਜਲਾਸ ਸ਼ੁਰੂ ਹੋਣ ’ਤੇ ਸਭ ਤੋਂ ਪਹਿਲਾਂ ਐਮ.ਪੀਜ਼ ਸਹੁ ਚੁੱਕਦੇ ਹਨ ਅਤੇ ਇਸ ਮਗਰੋਂ ਸਪੀਕਰ ਦੀ ਚੋਣ ਕੀਤੀ ਜਾਂਦੀ ਹੈ। ਸਪੀਕਰ ਨਿਰਪੱਖ ਹੋਣਾ ਵੀ ਲਾਜ਼ਮੀ ਹੈ ਜੋ ਹਾਊਸ ਆਫ ਕਾਮਨਜ਼ ਦੀ ਕਾਰਵਾਈ ਬਿਹਰਤ ਤਰੀਕੇ ਨਾਲ ਚਲਾ ਸਕੇ। ਅਜਿਹੇ ਵਿਚ ਐਲਿਜ਼ਾਬੈਥ ਮੇਅ ਇਸ ਅਹੁਦੇ ਲਈ ਪੂਰੀ ਤਰ੍ਹਾਂ ਫਿਟ ਨਜ਼ਰ ਆਉਂਦੇ ਹਨ।
ਘੱਟ ਗਿਣਤੀ ਲਿਬਰਲ ਸਰਕਾਰ ਨੂੰ ਸਾਥੀਆਂ ਦੀ ਜ਼ਰੂਰਤ
ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਗਰੀਨ ਪਾਰਟੀ ਦੀ ਆਗੂ ਨੇ ਕਿਹਾ ਕਿ ਉੁਨ੍ਹਾਂ ਨੂੰ ਸਪੀਕਰ ਦੀ ਜ਼ਿੰਮੇਵਾਰੀ ਨਿਭਾਉਣੀ ਬੇਹੱਦ ਪਸੰਦ ਹੈ। ਇਥੇ ਦਸਣਾ ਬਣਦਾ ਹੈ ਕਿ 44ਵੀਂ ਪਾਰਲੀਮੈਂਟ ਵਿਚ ਗ੍ਰੈਗ ਫਰਗਸ ਸਪੀਕਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ ਅਤੇ ਇਸ ਵਾਰ ਵੀ ਉਹ ਐਮ.ਪੀ. ਚੁਣੇ ਜਾ ਚੁੱਕੇ ਹਨ ਪਰ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਐਲਿਜ਼ਾਬੈਥ ਮੇਅ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ਵਿਚ ਸ਼ਾਮਲ ਹੋਣਾ ਪਸੰਦ ਕਰਨਗੇ ਤਾਂ ਹਾਸੇ ਹਾਸੇ ਵਿਚ ਉਨ੍ਹਾਂ ਆਖ ਦਿਤਾ ਕਿ ਬਿਲਕੁਲ ਪਰ ਨਾਲ ਹੀ ਕਹਿਣ ਲੱਗੇ ਕਿ ਮੰਤਰੀ ਬਣਨਾ ਵਿਹਾਰਕ ਨਹੀਂ। ਐਲਿਜ਼ਾਬੈਥ ਮੇਅ ਨੇ ਅੱਗੇ ਕਿਹਾ ਕਿ ਉਹ ਮੰਤਰੀ ਦੀ ਕੁਰਸੀ ਵਾਸਤੇ ਗਰੀਨ ਪਾਰਟੀ ਦਾ ਝੰਡਾ ਨਹੀਂ ਛੱਡ ਸਕਦੇ।


