ਬੀ.ਸੀ. ਵਿਚ ਪੰਜਾਬੀ ਦੇ ਕਤਲ ਦੀ ਸਾਜ਼ਿਸ਼ : ਦੋਸ਼ੀ ਨੂੰ 6 ਸਾਲ ਕੈਦ
ਪੰਜਾਬੀ ਨੌਜਵਾਨ ਹਰਕੀਰਤ ਝੁਟੀ ਦੀ ਹੱਤਿਆ ਦੇ ਇਰਾਦੇ ਨਾਲ ਬੀ.ਸੀ. ਪੁੱਜੇ ਟੋਰਾਂਟੋ ਦੇ ਨੇਥਨ ਰਸ਼ੌਨ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

By : Upjit Singh
ਵੈਨਕੂਵਰ : ਪੰਜਾਬੀ ਨੌਜਵਾਨ ਹਰਕੀਰਤ ਝੁਟੀ ਦੀ ਹੱਤਿਆ ਦੇ ਇਰਾਦੇ ਨਾਲ ਬੀ.ਸੀ. ਪੁੱਜੇ ਟੋਰਾਂਟੋ ਦੇ ਨੇਥਨ ਰਸ਼ੌਨ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਸਟਿਸ ਮਾਰਥਾ ਡੈਵਲਿਨ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਨੇਥਨ ਰਸ਼ੌਨ ਨੂੰ ਹਥਿਆਰ ਮੁਹੱਈਆ ਕਰਵਾਇਆ ਗਿਆ ਅਤੇ ਇਸ ਦੇ ਨਾਲ ਹੀ ਹਰਕੀਰਤ ਝੁਟੀ ਦੇ ਘਰ ਦਾ ਪਤਾ, ਉਸ ਦੀ ਤਸਵੀਰ, ਉਸ ਦੀ ਗੱਡੀ ਦੀ ਤਸਵੀਰ ਅਤੇ ਝੁਟੀ ਦੇ ਸੰਭਾਵਤ ਟਿਕਾਣਿਆਂ ਬਾਰੇ ਸਭ ਕੁਝ ਦੋਸ਼ੀ ਨੂੰ ਦੱਸਿਆ ਗਿਆ।
ਹਰਕੀਰਤ ਝੁਟੀ ਨੂੰ ਮਾਰਨਾ ਚਾਹੁੰਦਾ ਸੀ ਨੇਥਨ ਰਸ਼ੌਨ
ਨੇਥਨ ਨੂੰ ਲਗਾਤਾਰ ਹਦਾਇਤਾਂ ਮਿਲ ਰਹੀਆਂ ਸਨ ਪਰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਰਾਹਤ ਵਿਚ ਅੜਿੱਕੇ ਪੈਦਾ ਹੋ ਗਏ ਅਤੇ ਇਸੇ ਦੌਰਾਨ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਦੱਸ ਦੇਈਏ ਕਿ 24 ਅਪ੍ਰੈਲ 2023 ਨੂੰ ਭਰੀ ਹੋਈ ਬੰਦੂਕ ਸਣੇ ਕਾਬੂ ਕੀਤੇ ਨੇਥਨ ਨੇ ਪਿਛਲੇ ਹਫ਼ਤੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਦਾ ਨਿਸ਼ਾਨਾ ਸਰੀ ਵਿਖੇ ਆਪਣੇ ਪਰਵਾਰ ਨਾਲ ਰਹਿ ਰਿਹਾ ਹਰਕੀਰਤ ਝੁਟੀ ਸੀ ਪਰ ਉਸ ਵੱਲੋਂ ਵੀ ਸਾਜ਼ਿਸ਼ ਲਈ ਜ਼ਿੰਮੇਵਾਰ ਮਕਸਦ ਬਾਰੇ ਕੋਈ ਜਾਣਕਾਰੀ ਮੁਹੱਈਆ ਨਾ ਕਰਵਾਈ ਗਈ।
ਅਦਾਲਤ ਨੇ ਛੇ ਸਾਲ ਕੈਦ ਦੀ ਸੁਣਾਈ ਸਜ਼ਾ
ਨੇਥਨ ਦੀ ਗ੍ਰਿਫ਼ਤਾਰੀ ਤੋਂ ਤਿੰਨ ਦਿਨ ਪਹਿਲਾਂ ਹਰਕੀਰਤ ਦੇ ਭਰਾ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਕਿ ਇਕ ਸ਼ੱਕੀ ਗੱਡੀ ਉਨ੍ਹਾਂ ਦੇ ਘਰ ਨੇੜੇ ਗੇੜੇ ਲਾ ਰਹੀ ਹੈ। ਅਗਲੇ ਹੀ ਦਿਨ ਹਰਕੀਰਤ ਨੂੰ ਆਪਣੀ ਗੱਡੀ ਵਿਚ ਟ੍ਰੈਕਿੰਗ ਡਿਵਾਇਸ ਲੱਗੀ ਹੋਈ ਮਿਲੀ ਅਤੇ ਇਸ ਬਾਰੇ ਵੀ ਪੁਲਿਸ ਨੂੰ ਇਤਲਾਹ ਦਿਤੀ ਗਈ। ਆਖਰਕਾਰ ਪੁਲਿਸ ਨੇ ਸ਼ੱਕੀ ਦੀ ਪਛਾਣ ਕੀਤੀ ਅਤੇ 20 ਸਾਲ ਦੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਅਦਾਲਤ ਨੇ ਸਜ਼ਾ ਸੁਣਾਉਂਦਿਆਂ ਸ਼ੱਕੀ ਦੇ ਪਿਛੋਕੜ ’ਤੇ ਵੀ ਡੂੰਘਾਈ ਨਾਲ ਝਾਤ ਮਾਰੀ ਅਤੇ 6 ਸਾਲ ਲਈ ਜੇਲ ਭੇਜਣ ਦਾ ਹੁਕਮ ਸੁਣਾਇਆ।


