ਐਡਮਿੰਟਨ ਦੇ ਪਾਰਕਿੰਗ ਲਾਟ ਵਿਚੋਂ ਮਿਲੀ ਬੱਚੇ ਦੀ ਲਾਸ਼
ਐਡਮਿੰਟਨ ਸ਼ਹਿਰ ਦੇ ਇਕ ਸ਼ੌਪਿੰਗ ਕੰਪਲੈਕਸ ਦੇ ਪਾਰਕਿੰਗ ਲੌਟ ਵਿਚੋਂ ਬੱਚੇ ਦੀ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ।
By : Upjit Singh
ਐਡਮਿੰਟਨ/ਟੋਰਾਂਟੋ : ਐਡਮਿੰਟਨ ਸ਼ਹਿਰ ਦੇ ਇਕ ਸ਼ੌਪਿੰਗ ਕੰਪਲੈਕਸ ਦੇ ਪਾਰਕਿੰਗ ਲੌਟ ਵਿਚੋਂ ਬੱਚੇ ਦੀ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ। ਬੱਚੇ ਦੀ ਉਮਰ ਨਹੀਂ ਦੱਸੀ ਗਈ ਜਿਸ ਦਾ ਪੋਸਟਮਾਰਟਮ ਵੀਰਵਾਰ ਨੂੰ ਕੀਤਾ ਜਾਵੇਗਾ। ਉਧਰ ਟੋਰਾਂਟੋ ਦੇ ਈਸਟ ਐਂਡ ਵਿਖੇ ਇਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਪਾਰਸਨਜ਼ ਰੋਡ ਸਾਊਥ ਵੈਸਟ ਅਤੇ ਐਲਰਸਲੀ ਰੋਡ ਸਾਊਥ ਵੈਸਟ ’ਤੇ ਇਕ ਸ਼ੌਪਿੰਗ ਕੰਪਲੈਕਸ ਦੇ ਪਾਰਕਿੰਗ ਲੌਟ ਵਿਚੋਂ ਬੱਚੇ ਦੀ ਅਚਨਚੇਤ ਮੌਤ ਬਾਰੇ ਇਤਲਾਹ ਮਿਲੀ ਸੀ।
ਟੋਰਾਂਟੋ ਵਿਖੇ ਔਰਤ ਦਾ ਗੋਲੀਆਂ ਮਾਰ ਕੇ ਕਤਲ
ਐਡਮਿੰਟਨ ਪੁਲਿਸ ਦੇ ਹੌਮੀਸਾਈਡ ਦਸਤੇ ਵੱਲੋਂ ਪੜਤਾਲ ਆਪਣੇ ਹੱਥਾਂ ਵਿਚ ਲੈਂਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 780 423 4567 ’ਤੇ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਟੋਰਾਂਟੋ ਵਿਖੇ ਕਾਰਜਕਾਰੀ ਡਿਊਟੀ ਇੰਸਪੈਕਟਰ ਟੌਡ ਜੌਕੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਤਵਾਰ ਸ਼ਾਮ ਤਕਰੀਬਨ 7 ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲਣ ’ਤੇ ਪੁਲਿਸ ਅਫਸਰ ਡੈਨਫਰਥ ਅਤੇ ਜੋਨਜ਼ ਐਵੇਨਿਊ ਇਲਾਕੇ ਵਿਚ ਪੁੱਜੇ ਜਿੱਥੇ ਇਕ ਔਰਤ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ।
ਪੁਲਿਸ ਕਰ ਰਹੀ ਦੋਹਾਂ ਮਾਮਲਿਆਂ ਦੀ ਪੜਤਾਲ
ਔਰਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿਤਾ। ਫਿਲਹਾਲ ਔਰਤ ਦੀ ਉਮਰ ਜਾਂ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਪਰ ਟੋਰਾਂਟੋ ਪੁਲਿਸ ਵੱਲੋਂ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਗੋਲੀਬਾਰੀ ਦੀ ਵਾਰਦਾਤ ਲੋਕ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ। ਪੜਤਾਲ ਚੱਲ ਰਹੀ ਹੋਣ ਕਾਰਨ ਫਿਲਹਾਲ ਇਲਾਕੇ ਵਿਚ ਪੁਲਿਸ ਦੀ ਮੌਜੂਦਗੀ ਬਰਕਰਾਰ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਟੋਰਾਂਟੋ ਪੁਲਿਸ ਜਾਂ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰ ਸਕਦਾ ਹੈ।