Canada ਦਾ passport ਹੋਇਆ ਮਹਿੰਗਾ
ਕੈਨੇਡਾ ਵਾਲਿਆਂ ਨੂੰ ਹੁਣ ਪਾਸਪੋਰਟ ਲਈ ਵੱਧ ਕੀਮਤ ਅਦਾ ਕਰਨੀ ਪਵੇਗੀ

By : Upjit Singh
ਟੋਰਾਂਟੋ : ਕੈਨੇਡਾ ਵਾਲਿਆਂ ਨੂੰ ਹੁਣ ਪਾਸਪੋਰਟ ਲਈ ਵੱਧ ਕੀਮਤ ਅਦਾ ਕਰਨੀ ਪਵੇਗੀ। ਜੀ ਹਾਂ, ਫੈਡਰਲ ਸਰਕਾਰ ਵੱਲੋਂ ਪਾਸਪੋਰਟ ਫ਼ੀਸ ਨੂੰ ਮਹਿੰਗਾਈ ਨਾਲ ਜੋੜਿਆ ਜਾ ਰਿਹਾ ਹੈ ਅਤੇ 31 ਮਾਰਚ ਤੋਂ ਕੈਨੇਡੀਅਨ ਪਾਸਪੋਰਟ ਦਾ ਖਰਚਾ 2.7 ਫ਼ੀ ਸਦੀ ਵਧ ਜਾਵੇਗਾ। ਮਿਸਾਲ ਵਜੋਂ ਕੈਨੇਡਾ ਵਿਚ ਮੌਜੂਦਗੀ ਦੌਰਾਨ ਪੰਜ ਸਾਲ ਮਿਆਦ ਵਾਲਾ ਪਾਸਪੋਰਟ ਅਪਲਾਈ ਕਰਨ ਦੀ ਫ਼ੀਸ 125 ਡਾਲਰ ਤੱਕ ਜਾ ਸਕਦੀ ਹੈ ਜਦਕਿ 10 ਸਾਲ ਮਿਆਦ ਵਾਲਾ ਪਾਸਪੋਰਟ ਬਣਾਉਣ ਲਈ 165 ਡਾਲਰ ਦੇਣੇ ਹੋਣਗੇ। ਵਿਦੇਸ਼ੀ ਧਰਤੀ ਤੋਂ ਪਾਸਪੋਰਟ ਬਣਾਉਣ ਦੇ ਇੱਛਕ ਬਿਨੈਕਾਰਾਂ ਨੂੰ 10 ਸਾਲ ਵਾਲੇ ਪਾਸਪੋਰਟ ਵਾਸਤੇ 267 ਡਾਲਰ ਅਦਾ ਕਰਨੇ ਹੋਣਗੇ।
10 ਸਾਲ ਦੇ ਪਾਸਪੋਰਟ ਲਈ ਦੇਣੇ ਹੋਣਗੇ 165 ਡਾਲਰ
ਇੰਮੀਗ੍ਰੇਸ਼ਨ, ਰਫ਼ਿਊਜੀ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦਾ ਕਹਿਣਾ ਹੈ ਕਿ ਬੁਨਿਆਦੀ ਫ਼ੀਸ ਨਾਲ ਖ਼ਰਚੇ ਪੂਰੇ ਨਹੀਂ ਹੋ ਰਹੇ ਜਿਸ ਦੇ ਮੱਦੇਨਜ਼ਰ ਫ਼ੀਸ ਵਿਚ ਵਾਧਾ ਲਾਜ਼ਮੀ ਹੋ ਗਿਆ। ਪਾਸਪੋਰਟ ਫ਼ੀਸ ਵਿਚ ਆਖਰੀ ਵਾਧਾ ਕੀਤੇ ਜਾਣ ਮਗਰੋਂ ਕੰਜ਼ਿਊਮਰ ਪ੍ਰਾਈਸ ਇੰਡੈਕਸ 14.5 ਫ਼ੀ ਸਦੀ ਵਧ ਗਿਆ ਹੈ ਅਤੇ 2024-25 ਦੇ ਵਿੱਤੀ ਵਰ੍ਹੇ ਦੌਰਾਨ ਆਮਦਨ ਦੇ ਮੁਕਾਬਲੇ ਖਰਚਾ 121 ਮਿਲੀਅਨ ਡਾਲਰ ਵਧ ਰਿਹਾ। ਵਿਭਾਗ ਦਾ ਕਹਿਣਾ ਹੈ ਕਿ ਕਈ ਖਰਚਿਆਂ ਨੂੰ ਮੌਜੂਦਾ ਪਾਸਪੋਰਟ ਫੀਸ ਵਿਚ ਨਹੀਂ ਜੋੜਿਆ ਗਿਆ ਜਿਨ੍ਹਾਂ ਵਿਚ ਮੁਲਾਜ਼ਮਾਂ ਦੀ ਤਨਖਾਹ, ਘਰੇਲੂ ਪੱਧਰ ’ਤੇ ਪਾਸਪੋਰਟਸ ਦੀ ਡਿਲਿਵਰੀ ਦਾ ਪ੍ਰੋਸੈਸਿੰਗ ਖ਼ਰਚਾ ਅਤੇ ਇਨਫ਼ਰਮੇਸ਼ਨ ਟੈਕਨਾਲੋਜੀ ਦੇ ਖਰਚੇ ਸ਼ਾਮਲ ਹਨ। ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਸਾਰੇ ਖਰਚੇ ਸ਼ਾਮਲ ਕੀਤੇ ਜਾਣ ਮਗਰੋਂ ਪਾਸਪੋਰਟ ਤਿਆਰ ਕਰਨ ਦੀ ਫ਼ੀਸ ਕਿੰਨੀ ਬਣਦੀ ਹੈ। ਦੂਜੇ ਪਾਸੇ ਐਨ.ਡੀ.ਪੀ. ਵੱਲੋਂ ਇੰਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਜੈਨੀ ਕਵੈਨ ਨੇ ਫ਼ੀਸ ਵਾਧੇ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵੈਨਕੂਵਰ ਈਸਟ ਰਾਈਡਿੰਗ ਵਿਚ ਪਹਿਲਾਂ ਹੀ ਕੁਝ ਲੋਕਾਂ ਨੂੰ ਆਪਣੀ ਸ਼ਨਾਖ਼ਤ ਦਾ ਅਹਿਮ ਸਬੂਤ ਹਾਸਲ ਕਰਨ ਵਾਸਤੇ ਫ਼ੀਸ ਅਦਾ ਕਰਨੀ ਔਖੀ ਹੋ ਰਹੀ ਹੈ ਅਤੇ ਲਿਬਰਲ ਸਰਕਾਰ ਵੱਲੋਂ ਨਵਾਂ ਵਾਧਾ ਕਰ ਦਿਤਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਵੱਲੋਂ ਇੰਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਦਾ ਕਹਿਣਾ ਸੀ ਕਿ ਮੁਲਕ ਦੇ ਲੋਕ ਪਾਸਪੋਰਟ ਦੀ ਪ੍ਰੋਸੈਸਿੰਗ ਵਿਚ ਲੱਗਣ ਵਾਲੇ ਸਮੇਂ ਤੋਂ ਪਹਿਲਾਂ ਹੀ ਤੰਗ ਹਨ ਅਤੇ ਐਨੀ ਮਾੜੀ ਸੇਵਾ ਲਈ ਵਾਧੂ ਫ਼ੀਸ ਦੀ ਕੋਈ ਤੁਕ ਨਹੀਂ ਬਣਦੀ।
ਵਿਦੇਸ਼ੀ ਧਰਤੀ ਤੋਂ ਪਾਸਪੋਰਟ ਫ਼ੀਸ 267 ਡਾਲਰ ਹੋਵੇਗੀ
ਦੱਸ ਦੇਈਏ ਕਿ ਜਨਵਰੀ 2025 ਤੋਂ ਨਵੰਬਰ 2025 ਦਰਮਿਆਨ ਕੈਨੇਡਾ ਸਰਕਾਰ ਕੋਲ ਪਾਸਪੋਰਟ ਦੀਆਂ 41 ਲੱਖ 90 ਹਜ਼ਾਰ ਅਰਜ਼ੀਆਂ ਪੁੱਜੀਆਂ ਅਤੇ 40 ਲੱਖ 20 ਹਜ਼ਾਰ ਪਾਸਪੋਰਟ ਜਾਂ ਹੋਰ ਯਾਤਰਾ ਦਸਤਾਵੇਜ਼ ਜਾਰੀ ਕੀਤੇ ਗਏ। ਕੋਰੋਨਾ ਮਹਾਂਮਾਰੀ ਤੋਂ ਬਾਅਦ ਕੌਮਾਂਤਰੀ ਆਵਾਜਾਈ ਬੰਦਿਸ਼ਾਂ ਖ਼ਤਮ ਹੋਈਆਂ ਤਾਂ ਪਾਸਪੋਰਟ ਰੀਨਿਊ ਕਰਵਾਉਣ ਜਾਂ ਨਵੇਂ ਪਾਸਪੋਰਟ ਬਣਾਉਣ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ। ਭਾਵੇਂ ਪ੍ਰੋਸੈਸਿੰਗ ਸਮੇਂ ਵਿਚ 2022 ਦੇ ਮੁਕਾਬਲੇ ਵੱਡਾ ਸੁਧਾਰ ਹੋਇਆ ਹੈ ਪਰ 31 ਜਨਵਰੀ 2023 ਤੋਂ 31 ਮਾਰਚ 2025 ਦਰਮਿਆਨ ਕੈਨੇਡਾ ਸਰਕਾਰ ਨੂੰ 40 ਮਿਲੀਅਨ ਡਾਲਰ ਫ਼ੀਸ ਉਨ੍ਹਾਂ ਬਿਨੈਕਾਰਾਂ ਨੂੰ ਰੀਫ਼ੰਡ ਕਰਨੀ ਪਈ ਜਿਨ੍ਹਾਂ ਦੇ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ ਸਮੇਂ ਸਿਰ ਮੁਹੱਈਆ ਨਾ ਕਰਵਾਏ ਜਾ ਸਕੇ। ਮਾਰਚ 2025 ਦੌਰਾਨ ਕੈਨੇਡਾ ਸਰਕਾਰ ਨੇ 30 ਦਿਨ ਦੇ ਅੰਦਰ ਪਾਸਪੋਰਟ ਜਾਂ ਫ਼ੀਸ ਮੁਆਫ਼ ਕਰਨ ਦਾ ਐਲਾਨ ਤਾਂ ਕਰ ਦਿਤਾ ਪਰ ਇਹ ਯੋਜਨਾ ਹੁਣ ਤੱਕ ਮੁਕੰਮਲ ਤੌਰ ’ਤੇ ਲਾਗੂ ਨਹੀਂ ਕੀਤੀ ਜਾ ਸਕੀ। ਸਰਕਾਰੀ ਅੰਕੜਿਆਂ ਮੁਤਾਬਕ 31 ਮਾਰਚ 2025 ਤੋਂ 30 ਨਵੰਬਰ 2025 ਦਰਮਿਆਨ 3 ਲੱਖ 15 ਹਜ਼ਾਰ ਡਾਲਰ ਦੀ ਰਕਮ ਬਿਨੈਕਾਰਾਂ ਨੂੰ ਵਾਪਸ ਕੀਤੀ ਗਈ ਅਤੇ 22 ਹਜ਼ਾਰ ਪਾਸਪੋਰਟ 30 ਦਿਨ ਦੇ ਤੈਅਸ਼ੁਦਾ ਸਮੇਂ ਅੰਦਰ ਨਾ ਬਣ ਸਕੇ। 30 ਦਿਨ ਵਾਲੀ ਸ਼ਰਤ ਪਾਸਪੋਰਟ ਦੀਆਂ ਆਨਲਾਈਨ ਅਰਜ਼ੀਆਂ, ਡਾਕ ਰਾਹੀਂ ਭੇਜੀਆਂ ਅਰਜ਼ੀਆਂ ਜਾਂ ਸਰਵਿਸ ਕੈਨੇਡਾ ਦੇ ਦਫ਼ਤਰ ਵਿਚ ਜਾ ਕੇ ਦਾਖਲ ਕੀਤੀਆਂ ਅਰਜ਼ੀਆਂ ’ਤੇ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਂਦੀ 1 ਅਪ੍ਰੈਲ ਤੋਂ ਵਾਅਦਾ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ।


