ਕੈਨੇਡਾ ਵਿਚ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਵੱਲੋਂ ਅਸਤੀਫ਼ੇ ਦਾ ਐਲਾਨ
ਕੈਨੇਡਾ ਵਿਚ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਬਣਨ ਦਾ ਮਾਣ ਹਾਸਲ ਰੰਜ ਪਿਲੇ ਵੱਲੋਂ ਅਸਤੀਫ਼ੇ ਦਾ ਐਲਾਨ ਕਰ ਦਿਤਾ ਗਿਆ ਹੈ।

ਵਾਈਟਹੌਰਸ : ਕੈਨੇਡਾ ਵਿਚ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਬਣਨ ਦਾ ਮਾਣ ਹਾਸਲ ਰੰਜ ਪਿਲੇ ਵੱਲੋਂ ਅਸਤੀਫ਼ੇ ਦਾ ਐਲਾਨ ਕਰ ਦਿਤਾ ਗਿਆ ਹੈ। ਯੂਕੌਨ ਦੇ ਪ੍ਰੀਮੀਅਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਲਿਬਰਲ ਪਾਰਟੀ ਦੇ ਆਗੂ ਦਾ ਅਹੁਦਾ ਛੱਡ ਰਹੇ ਹਨ ਅਤੇ ਵਾਈਟਹੌਰਸ ਵਿਚ ਪੈਂਦੀ ਪੋਰਟਰ ਕ੍ਰੀਕ ਸਾਊਥ ਰਾਈਡਿੰਗ ਤੋਂ ਮੁੜ ਚੋਣ ਨਹੀਂ ਲੜਨਗੇ। ਰੰਜ ਪਿਲੇ ਨੇ ਪਾਰਟੀ ਨੂੰ ਹਦਾਇਤ ਦਿਤੀ ਕਿ ਨਵਾਂ ਆਗੂ ਚੁਣਨ ਦੀ ਪ੍ਰਕਿਰਿਆ ਜਲਦ ਸ਼ੁਰੂ ਕਰ ਦਿਤੀ ਜਾਵੇ ਤਾਂਕਿ ਯੂਕੌਨ ਨੂੰ ਨਵਾਂ ਪ੍ਰੀਮੀਅਰ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਯੂਕੌਨ ਦਾ ਪ੍ਰੀਮੀਅਰ ਬਣਨਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਾਣ ਹੈ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀਆਂ ਪ੍ਰਾਪਤੀਆਂ ’ਤੇ ਵੀ ਉਹ ਫਖਰ ਮਹਿਸੂਸ ਕਰਦੇ ਹਨ।
ਯੂਕੌਨ ਦੇ ਪ੍ਰੀਮੀਅਰ ਦੀ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਚਾਹੁੰਦੇ ਨੇ ਰੰਜ ਪਿਲੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਜ ਪਿਲੇ ਨੇ ਦੱਸਿਆ ਕਿ ਉਹ ਨਵੇਂ ਆਗੂ ਦੀ ਚੋਣ ਦਾ ਐਲਾਨ ਹੋਣ ਤੱਕ ਪ੍ਰੀਮੀਅਰ ਦੇ ਅਹੁਦੇ ’ਤੇ ਬਣੇ ਰਹਿਣਗੇ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਅਮਰੀਕਾ ਵੱਲੋਂ ਪੈਦਾ ਹੋ ਰਹੇ ਟੈਰਿਫਸ ਦੇ ਖਤਰੇ ਨਾਲ ਬਤੌਰ ਆਰਥਿਕ ਵਿਕਾਸ ਮੰਤਰੀ ਨਜਿੱਠਣ ਵਿਚ ਪੂਰੀ ਤਰ੍ਹਾਂ ਸਫ਼ਲ ਰਹਿਣਗੇ। ਰੰਜ ਪਿਲੇ ਨੇ ਹਲਕੇ ਫੁਲਕੇ ਅੰਦਾਜ਼ ਵਿਚ ਕਿਹਾ ਕਿ ਉਹ ਸਿਆਸਤ ਛੱਡਣ ਮਗਰੋਂ ਕੈਨੇਡਾ ਦੀਆਂ ਹਥਿਆਰਬੰਦ ਫੌਜਾਂ ਵਿਚ ਭਰਤੀ ਹੋਣਗੇ। ਇਥੇ ਦਸਣਾ ਬਣਦਾ ਹੈ ਕਿ ਰੰਜ ਪਿਲੇ ਨੇ 2009 ਵਿਚ ਵਾਈਟਹੌਰਸ ਸਿਟੀ ਕੌਂਸਲ ਦੀ ਚੋਣ ਲੜੀ ਅਤੇ ਸਫ਼ਲ ਰਹੇ। 2016 ਵਿਚ ਉਹ ਤਾਕਤਵਰ ਲਿਬਰਲ ਟੀਮ ਦਾ ਹਿੱਸਾ ਸਨ ਜਿਸ ਨੇ ਸੈਂਡੀ ਦੀ ਅਗਵਾਈ ਹੇਠ ਸੱਤਾ ਹਾਸਲ ਕੀਤੀ। ਲਿਬਰਲ ਪਾਰਟੀ ਨੇ ਵਿਧਾਨ ਸਭਾ ਵਿਚ ਇਕ ਸੀਟ ਤੋਂ ਸ਼ੁਰੂਆਤ ਕੀਤੀ ਅਤੇ ਬਹੁਮਤ ਵਾਲੀ ਸਰਕਾਰ ਬਣਾਉਣ ਵਿਚ ਸਫਲ ਰਹੀ। ਇਸੇ ਵੇਲੇ ਲਿਬਰਲ ਸਰਕਾਰ ਘੱਟ ਗਿਣਤੀ ਵਿਚ ਹੈ ਅਤੇ ਐਨ.ਡੀ.ਪੀ. ਨਾਲ ਸਮਝੌਤੇ ਤਹਿਤ ਚੱਲ ਰਹੀ ਹੈ।
ਜਨਵਰੀ 2023 ਵਿਚ ਸੰਭਾਲਿਆ ਸੀ ਪ੍ਰੀਮੀਅਰ ਦਾ ਅਹੁਦਾ
ਰੰਜ ਪਿਲੇ 2022 ਵਿਚ ਲਿਬਰਲ ਆਗੂ ਚੁਣੇ ਜਾਣ ਮਗਰੋਂ ਜਨਵਰੀ 2023 ਵਿਚ ਪ੍ਰੀਮੀਅਰ ਬਣੇ ਸਨ। ਉਧਰ ਯੂਕੌਨ ਲਿਬਰਲ ਪਾਰਟੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਰਜਕਾਰਨੀ ਦੀ ਮੀਟਿੰਗ ਅਗਲੇ ਹਫ਼ਤੇ ਹੋਵੇਗੀ ਜਿਸ ਦੌਰਾਨ ਲੀਡਰਸ਼ਿਪ ਕਨਵੈਨਸ਼ਨ ਸੱਦਣ ਬਾਰੇ ਫੈਸਲਾ ਲਿਆ ਜਾਵੇਗਾ। ਦੂਜੇ ਪਾਸੇ ਵਿਰੋਧੀ ਧਿਰ ਰੰਜ ਪਿਲੇ ਦੇ ਅਚਨਚੇਤ ਅਸਤੀਫ਼ੇ ਤੋਂ ਹੈਰਾਨ ਹੈ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਯੂਕੌਨ ਦੇ ਸਿਰ ’ਤੇ ਅੰਤਾਂ ਦਾ ਕਰਜ਼ਾ ਚੜ੍ਹਾਉਣ ਮਗਰੋਂ ਪ੍ਰੀਮੀਅਰ ਅਸਤੀਫ਼ੇ ਦਾ ਐਲਾਨ ਕਰ ਰਹੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਯੂਕੌਨ ਲੀਡਰ ਵਿਹੂਣਾ ਹੋ ਜਾਵੇਗਾ। ਯੂਕੌਨ ਟੈਰੇਟਰੀ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ 3 ਨਵੰਬਰ ਨੂੰ ਹੋਣੀਆਂ ਹਨ।