ਕੈਨੇਡਾ : ਪੰਜਾਬਣ ਨੇ ਸਿਰਫ਼ ਡੇਢ ਮਹੀਨੇ ’ਚ ਕਮਾਏ 5 ਕਰੋੜ ਰੁ.
ਕੈਨੇਡਾ ਵਿਚ ਸਿਰਫ਼ ਡੇਢ ਮਹੀਨਾ ਕੰਮ ਕਰ ਕੇ 8 ਲੱਖ 80 ਹਜ਼ਾਰ ਡਾਲਰ ਤੋਂ ਵੱਧ ਤਨਖਾਹ ਜੇਬ ਵਿਚ ਪਾਉਣ ਵਾਲੀ ਪੰਜਾਬਣ ਸੁਰਖੀਆਂ ਵਿਚ ਹੈ।

ਵਿੰਨੀਪੈਗ : ਕੈਨੇਡਾ ਵਿਚ ਸਿਰਫ਼ ਡੇਢ ਮਹੀਨਾ ਕੰਮ ਕਰ ਕੇ 8 ਲੱਖ 80 ਹਜ਼ਾਰ ਡਾਲਰ ਤੋਂ ਵੱਧ ਤਨਖਾਹ ਜੇਬ ਵਿਚ ਪਾਉਣ ਵਾਲੀ ਪੰਜਾਬਣ ਸੁਰਖੀਆਂ ਵਿਚ ਹੈ। ਜੀ ਹਾਂ, ਮੈਨੀਟੋਬਾ ਹਾਈਡਰੋ ਦੀ ਸਾਬਕਾ ਮੁਖੀ ਜੈ ਗਰੇਵਾਲ ਨੂੰ 2024 ਦੌਰਾਨ ਡੇਢ ਮਹੀਨੇ ਦੇ ਕਾਰਜਕਾਲ ਮਗਰੋਂ ਅਹੁਦੇ ਤੋਂ ਬਰਖਾਸਤ ਕਰ ਦਿਤਾ ਗਿਆ ਪਰ ਇਸ ਦੇ ਇਵਜ਼ ਵਿਚ ਕ੍ਰਾਊਨ ਕਾਰਪੋਰੇਸ਼ਨ ਨੂੰ 8 ਲੱਖ 81 ਹਜ਼ਾਰ ਅਤੇ 177 ਡਾਲਰ ਦਾ ਮੁਆਵਜ਼ਾ ਦੇਣਾ ਪਿਆ। ਕੁਝ ਲੋਕ ਇਸ ਨੂੰ ਘਪਲਾ ਦੱਸ ਰਹੇ ਹਨ ਪਰ ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀ ਆਫ਼ ਮੈਨੀਟੋਬਾ ਦੇ ਬਿਜ਼ਨਸ ਇੰਸਟ੍ਰਕਟਰ ਅਤੇ ਮੁਆਵਜ਼ਾ ਮਾਮਲਿਆਂ ਦੇ ਮਾਹਰ ਸ਼ੌਨ ਮੈਕਡੌਨਲਡ ਦਾ ਕਹਿਣਾ ਹੈ ਕਿ ਠੇਕੇ ਦੀਆਂ ਸ਼ਰਤਾਂ ਮੁਤਾਬਕ ਹੀ ਇਹ ਰਕਮ ਅਦਾ ਕੀਤੀ ਗਈ ਹੋਵੇਗੀ।
ਜੈ ਗਰੇਵਾਲ ਨੂੰ ਮਿਲੀ ਰਕਮ ਬਾਰੇ ਪੈਦਾ ਹੋਇਆ ਵਿਵਾਦ
ਰਿਪੋਰਟ ਕਹਿੰਦੀ ਹੈ ਕਿ ਜੈ ਗਰੇਵਾਲ ਨੂੰ 2024 ਦੌਰਾਨ ਹਾਈਡਰੋ ਵੰਨ ਦੇ ਕਿਸੇ ਵੀ ਮੁਲਾਜ਼ਮ ਨਾਲੋਂ ਦੁੱਗਣੀ ਤੋਂ ਵੱਧ ਤਨਖਾਹ ਮਿਲੀ ਅਤੇ ਇਹ ਰਕਮ 2023 ਵਿਚ ਉਨ੍ਹਾਂ ਵੱਲੋਂ ਕੀਤੀ ਕਮਾਈ ਤੋਂ 61 ਫੀ ਸਦੀ ਵੱਧ ਬਣਦੀ ਹੈ। ਉਧਰ ਸ਼ੌਨ ਮੈਕਡੌਨਲਡ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਲੋਕਾਂ ਵੱਲੋਂ ਟੈਕਸ ਦੇ ਰੂਪ ਵਿਚ ਦਿਤੇ ਪੈਸੇ ਵਿਚੋਂ ਐਨੀ ਮੋਟੀ ਰਕਮ ਦੀ ਅਦਾਇਗੀ ਵੱਡਾ ਵਿਵਾਦ ਪੈਦਾ ਕਰ ਰਹੀ ਹੈ ਪਰ ਅਜਿਹੀਆਂ ਨੌਕਰੀਆਂ ਵਾਸਤੇ ਕੁਝ ਨਿਯਮ ਤੈਅ ਹੁੰਦੇ ਹਨ। ਜੈ ਗਰੇਵਾਲ ਨੂੰ ਫ਼ਰਵਰੀ 2024 ਵਿਚ ਬਰਖਾਸਤ ਕੀਤਾ ਗਿਆ ਜਦੋਂ ਮੈਨੀਟੋਬਾ ਦੇ ਕੈਬਨਿਟ ਮੰਤਰੀ ਅਤੇ ਬਿਜਲੀ ਮਾਮਲਿਆਂ ਦੇ ਇੰਚਾਰਜ ਨੇ ਜੈ ਗਰੇਵਾਲ ਉਤੇ ਨਿਜੀ ਸਰੋਤਾਂ ਰਾਹੀਂ ਪੌਣ ਬਿਜਲੀ ਖਰੀਦਣ ਦੀ ਇੱਛਕ ਹੋਣ ਦਾ ਦੋਸ਼ ਲਾਇਆ। ਕੈਪਸਟੋਨ ਮਾਇੰਨਿੰਗ, ਬੀ.ਸੀ. ਹਾਈਡਰੋ ਅਤੇ ਸੀ.ਆਈ.ਬੀਸੀ. ਵਰਲਡ ਮਾਰਕਿਟਸ ਵਿਚ ਕੰਮ ਕਰ ਚੁੱਕੀ ਜੈ ਗਰੇਵਾਲ ਫਰਵਰੀ 2019 ਵਿਚ ਮੈਨੀਟੋਬਾ ਹਾਈਡਰੋ ਨਾਲ ਜੁੜੀ। 2023 ਦੇ ਅੰਤ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਮੈਨੀਟੋਬਾ ਦੀ ਸੱਤਾ ਐਨ.ਡੀ.ਪੀ. ਦੇ ਹੱਥਾਂ ਵਿਚ ਆ ਗਈ। ਮੁਢਲੇ ਤੌਰ ’ਤੇ ਸਰਕਾਰ ਨਾਲ ਉਨ੍ਹਾਂ ਦੇ ਟਕਰਾਅ ਦਾ ਕੋਈ ਸੰਕੇਤ ਸਾਹਮਣੇ ਨਾ ਆਇਆ ਪਰ 30 ਜਨਵਰੀ 2024 ਨੂੰ ਇਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਮੈਨੀਟੋਬਾ ਹਾਈਡਰੋ ਨੂੰ ਨਵੇਂ ਸਰੋਤਾਂ ਤੋਂ ਬਿਜਲੀ ਖਰੀਦਣ ਦੀ ਜ਼ਰੂਰਤ ਹੋਵੇਗੀ।
ਮਾਹਰਾਂ ਨੇ ਮੁਆਵਜ਼ੇ ਦੀ ਰਕਮ ਨੂੰ ਜਾਇਜ਼ ਠਹਿਰਾਇਆ
ਇਹ ਬਿਆਨ ਟਕਰਾਅ ਦਾ ਕਾਰਨ ਬਣਿਆ ਅਤੇ ਦੋ ਹਫ਼ਤੇ ਬਾਅਦ ਜੈ ਗਰੇਵਾਲ ਨੂੰ ਅਹੁਦੇ ਤੋਂ ਹਟਾ ਦਿਤਾ ਗਿਆ। ਜੈ ਗਰੇਵਾਲ ਦੀ ਵਿਦਾਇਗੀ ਮਗਰੋਂ ਐਲਨ ਡੈਨਰੌਥ ਨੂੰ ਮੈਨੀਟੋਬਾ ਹਾਈਡਰੋ ਦਾ ਮੁੱਖ ਕਾਰਜਕਾਰੀ ਅਫ਼ਸਰ ਨਿਯੁਕਤ ਕੀਤਾ ਗਿਆ ਅਤੇ ਨਿਜੀ ਸਰੋਤਾਂ ਤੋਂ ਪੌਣ ਬਿਜਲੀ ਖਰੀਦਣ ਦੀ ਬਜਾਏ ਮੂਲ ਬਾਸ਼ਿੰਦਿਆਂ ਨਾਲ ਭਾਈਵਾਲੀ ਤਹਿਤ ਨਵੇਂ ਵਿੰਡ ਫਾਰਮ ਸਥਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ। ਮੈਨੀਟੋਬਾ ਦੇ ਪਬਲਿਕ ਸੈਕਟਰ ਕੌਂਪਨਸੇਸ਼ਨ ਡਿਸਕਲੋਜ਼ਰ ਐਕਟ ਅਧੀਨ 85 ਹਜ਼ਾਰ ਡਾਲਰ ਸਾਲਾਨਾ ਤੋਂ ਵੱਧ ਤਨਖਾਹ ਵਾਲੇ ਮੁਲਾਜ਼ਮਾਂ ਦੇ ਵੇਰਵੇ ਜਨਤਕ ਕਰਨੇ ਲਾਜ਼ਮੀ ਹਨ ਪਰ ਮੈਨੀਟੋਬਾ ਹਾਈਡਰੋ ਵੱਲੋਂ ਜੈ ਗਰੇਵਾਲ ਨੂੰ ਦਿਤੀ ਗਈ ਰਕਮ ਦੇ ਮੁਆਵਜ਼ੇ ਨਾਲ ਸਬੰਧਤ ਵਿਸਤਾਰਤ ਵੇਰਵੇ ਮੁਹੱਈਆ ਨਹੀਂ ਕਰਵਾਏ ਗਏ। ਦੂਜੇ ਪਾਸੇ ਜੈ ਗਰੇਵਾਲ ਵੱਲੋਂ ਵੀ ਇਸ ਮੁੱਦੇ ’ਤੇ ਕੋਈ ਟਿੱਪਣੀ ਸਾਹਮਣੇ ਨਹੀਂ ਆ ਸਕੀ। ਇਸੇ ਦੌਰਾਨ ਸ਼ੌਲ ਮੈਕਡੌਨਲਡ ਨੇ ਦੱਸਿਆ ਕਿ ਨਿਜੀ ਮਾਲਕੀ ਵਾਲੀਆਂ ਬਿਜਲੀ ਕੰਪਨੀਆਂ ਦੇ ਮੁਕਾਬਲੇ ਮੈਨੀਟੋਬਾ ਹਾਈਡਰੋ ਵੱਲੋਂ ਦਿਤਾ ਗਿਆ ਮੁਆਵਾਜ਼ਾ ਕਿਤੇ ਘੱਟ ਹੈ ਕਿਉਂਕਿ ਪ੍ਰਾਈਵੇਟ ਕੰਪਨੀਆਂ ਵਿਚ ਇਹ ਰਕਮ ਮਿਲੀਅਨਜ਼ ਦਾ ਅੰਕੜਾ ਪਾਰ ਕਰ ਜਾਂਦੀ ਹੈ।