ਕੈਨੇਡਾ ਪੋਸਟ ਵੱਲੋਂ ਸਿੱਖ ਫੌਜੀਆਂ ਦੇ ਮਾਣ ’ਚ ਯਾਦਗਾਰੀ ਡਾਕ ਟਿਕਟ
ਕੈਨੇਡਾ ਪੋਸਟ ਵੱਲੋਂ ਸਿੱਖ ਫੌਜੀਆਂ ਦੇ ਮਾਣ ਵਿਚ ਇਕ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ

By : Upjit Singh
ਟੋਰਾਂਟੋ : ਕੈਨੇਡਾ ਪੋਸਟ ਵੱਲੋਂ ਸਿੱਖ ਫੌਜੀਆਂ ਦੇ ਮਾਣ ਵਿਚ ਇਕ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਸਿੱਖ ਕਮਿਊਨਿਟੀ ਵੱਲੋਂ 2 ਨਵੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਦੌਰਾਨ ਯਾਦਗਾਰੀ ਡਾਕਟ ਟਿਕਟ ਦੀ ਪਹਿਲੀ ਝਲਕ ਨਜ਼ਰ ਆਵੇਗੀ ਜੋ ਕੈਨੇਡੀਅਨ ਫੌਜ ਵਿਚ ਸਿੱਖਾਂ ਦੀ 100 ਸਾਲ ਤੋਂ ਵੱਧ ਸਮੇਂ ਦੀ ਸੇਵਾ ਨੂੰ ਦਰਸਾਉਂਦੀ ਹੈ। ਪਹਿਲੀ ਆਲਮੀ ਜੰਗ ਦੌਰਾਨ ਕੈਨੇਡੀਅਨ ਫੌਜ ਵੱਲੋਂ 10 ਸਿੱਖ ਫੌਜੀਆਂ ਨੇ ਦੁਸ਼ਮਣ ਦਾ ਟਾਕਰਾ ਕੀਤਾ ਅਤੇ ਇਹ ਡਾਕ ਟਿਕਟ ਕੈਨੇਡੀਅਨ ਹਥਿਆਰਬੰਦ ਫੌਜਾਂ ਵਿਚ ਇਸ ਵੇਲੇ ਸੇਵਾਵਾਂ ਨਿਭਾਅ ਰਹੇ ਸਿੱਖਾਂ ਨੂੰ ਵੀ ਸਮਰਪਿਤ ਹੋਵੇਗੀ।
2 ਨਵੰਬਰ ਨੂੰ ਕਿਚਨਰ ਵਿਖੇ ਸਮਾਗਮ ਵਿਚ ਹੋਵੇਗੀ ਜਾਰੀ
ਦੱਸ ਦੇਈਏ ਕਿ ਲਗਾਤਾਰ 18ਵੇਂ ਵਰ੍ਹੇ ਦੌਰਾਨ ਸਿੱਖ ਰਿਮੈਂਬਰੈਂਸ ਡੇਅ ਮਨਾਇਆ ਜਾ ਰਿਹਾ ਹੈ ਜੋ ਪਹਿਲੀ ਆਲਮੀ ਜੰਗ ਦੇ ਨਾਇਕ ਬੁਕਮ ਸਿੰਘ ਦੀ ਸਮਾਧ ’ਤੇ ਸਮਾਗਮ ਦੇ ਰੂਪ ਵਿਚ ਹੁੰਦਾ ਹੈ। ਬੁਕਮ ਸਿੰਘ ਅਤੇ 9 ਹੋਰ ਸਿੱਖ ਫੌਜੀ ਉਨਟਾਰੀਓ ਰੈਜੀਮੈਂਟ ਵਿਚ ਭਰਤੀ ਹੋਏ ਅਤੇ 20ਵੀਂ ਕੈਨੇਡੀਅਨ ਇਨਫੈਂਟਰੀ ਬਟਾਲੀਅਨ ਵੱਲੋਂ ਫਰਾਂਸ ਤੇ ਬੈਲਜੀਅਮ ਵਿਚ ਜੰਗ ਲੜੀ। ਬੁਕਮ ਸਿੰਘ ਨੇ 1919 ਵਿਚ ਕੈਨੇਡੀਅਨ ਮਿਲਟਰੀ ਹਸਪਤਾਲ ਵਿਚ ਆਖਰੀ ਸਾਹ ਲਏ ਅਤੇ ਉਨ੍ਹਾਂ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਦਫ਼ਨਾਇਆ ਗਿਆ। ਯਾਦਗਾਰੀ ਡਾਕ ਟਿਕਟ ਜਾਰੀ ਕਰਨ ਵਾਲੇ ਸਮਾਗਮ ਵਿਚ ਸਾਬਕਾ ਫੌਜੀਆਂ ਬਾਰੇ ਮੰਤਰੀ ਜਿਲ ਮੈਕਨਾਈਟ ਅਤੇ ਕੈਨੇਡੀਅਨ ਪੁਲਿਸ ਦੇ ਪਹਿਲੇ ਦਸਤਾਰਧਾਰੀ ਅਫ਼ਸਰ ਬਲਤੇਜ ਸਿੰਘ ਢਿੱਲੋਂ ਉਚੇਚੇ ਤੌਰ ’ਤੇ ਸ਼ਾਮਲ ਹੋਣਗੇ।


