ਕੈਨੇਡਾ ਵਿਚ ਕਿਰਤੀਆਂ ਦੀ ਕਿੱਲਤ : ਰਿਪੋਰਟ
ਕੈਨੇਡਾ ਵਿਚ ਕਿਰਤੀਆਂ ਦੀ ਕਿੱਲਤ ਦਾ ਹਵਾਲਾ ਦਿੰਦਿਆਂ ਸੇਵਾ ਮੁਕਤੀ ਦੀ ਉਮਰ 67 ਸਾਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਸ ਰਾਹੀਂ ਪੈਨਸ਼ਨ ਸਿਸਟਮ ਨੂੰ ਸਥਿਰ ਰੱਖਣ ਵਿਚ ਵੀ ਮਦਦ ਮਿਲੇਗੀ।

By : Upjit Singh
ਟੋਰਾਂਟੋ : ਕੈਨੇਡਾ ਵਿਚ ਕਿਰਤੀਆਂ ਦੀ ਕਿੱਲਤ ਦਾ ਹਵਾਲਾ ਦਿੰਦਿਆਂ ਸੇਵਾ ਮੁਕਤੀ ਦੀ ਉਮਰ 67 ਸਾਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਸ ਰਾਹੀਂ ਪੈਨਸ਼ਨ ਸਿਸਟਮ ਨੂੰ ਸਥਿਰ ਰੱਖਣ ਵਿਚ ਵੀ ਮਦਦ ਮਿਲੇਗੀ। ਟੋਰਾਂਟੋ ਦੇ ਪਬਲਿਕ ਪੌਲਿਸੀ ਥਿੰਕ ਟੈਂਕ ਸੀ.ਡੀ. ਹੌਵ ਇੰਸਟੀਚਿਊਟ ਦੀ ਰਿਪੋਰਟ ਕਹਿੰਦੀ ਹੈ ਕਿ ਕੈਨੇਡੀਅਨ ਲੋਕਾਂ ਦੀ ਔਸਤ ਉਮਰ ਵਿਚ 10 ਸਾਲ ਦਾ ਵਾਧਾ ਹੋਇਆ ਹੈ ਜਿਸ ਦੇ ਮੱਦੇਨਜ਼ਰ ਸੇਵਾ ਮੁਕਤੀ ਤੋਂ ਬਾਅਦ ਲੰਮੇ ਸਮੇਂ ਤੱਕ ਆਰਥਿਕ ਜ਼ਰੂਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਇੰਸਟੀਚਿਊਟ ਦੀ ਸੀਨੀਅਰ ਵਿਸ਼ਲੇਸ਼ਕ ਪਰੀਜ਼ਾ ਮਹਿਬੂਬੀ ਦਾ ਕਹਿਣਾ ਸੀ ਕਿ ਹਰ ਪਹਿਲੂ ਨੂੰ ਧਿਆਨ ਵਿਚ ਰਖਦਿਆਂ ਅੱਗੇ ਵਧਣਾ ਲਾਜ਼ਮੀ ਹੈ ਕਿਉਂਕਿ ਪੈਨਸ਼ਨ ਦੇਰ ਨਾਲ ਸ਼ੁਰੂ ਕਰਨ ਦੇ ਵਿਚਾਰ ਨਾਲ ਹਰ ਕੋਈ ਸਹਿਮਤ ਨਹੀਂ ਹੋਵੇਗਾ।
ਸੇਵਾ ਮੁਕਤੀ ਉਮਰ 67 ਸਾਲ ਕੀਤੇ ਜਾਣ ਦੀ ਸਿਫਾਰਸ਼
ਰਿਪੋਰਟ ਮੁਤਾਬਕ 2024 ਤੱਕ ਕੈਨੇਡਾ ਵਿਚ 2 ਕਰੋੜ 21 ਲੱਖ ਕਿਰਤੀ ਮੌਜੂਦ ਸਨ ਅਤੇ 2019 ਦੇ ਮੁਕਾਬਲੇ 19 ਲੱਖ ਦਾ ਵਾਧਾ ਹੋਇਆ ਹੈ। ਕਿਰਤੀਆਂ ਦੀ ਗਿਣਤੀ ਵਧਣ ਪਿੱਛੇ ਪੱਕੇ ਪ੍ਰਵਾਸੀਆਂ ਦਾ 56 ਫੀ ਸਦੀ ਯੋਗਦਾਨ ਰਿਹਾ ਜਦਕਿ ਨੌਨ ਪਰਮਾਨੈਂਟ ਰੈਜ਼ੀਡੈਂਟਸ ਨੇ 32 ਫੀ ਸਦੀ ਦਾ ਯੋਗਦਾਨ ਪਾਇਆ। ਕਿਰਤੀਆਂ ਦੀ ਗਿਣਤੀ ਵਧਣ ਦੇ ਬਾਵਜੂਦ ਕਿਰਤੀ ਬਾਜ਼ਾਰ ਵਿਚ ਇਨ੍ਹਾਂ ਦੀ ਸ਼ਮੂਲੀਅਤ ਦਰ ਪਿਛਲੇ ਦੋ ਦਹਾਕਿਆਂ ਦੌਰਾਨ ਘਟੀ ਹੈ ਜਿਸ ਦਾ ਮੁੱਖ ਕਾਰਨ ਬਿਰਧ ਹੁੰਦੀ ਆਬਾਦੀ ਨੂੰ ਮੰਨਿਆ ਜਾ ਸਕਦਾ ਹੈ। 54 ਸਾਲ ਦੀ ਉਮਰ ਤੋਂ ਬਾਅਦ ਕੰਮਕਾਜੀ ਲੋਕਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ। 25 ਸਾਲ ਤੋਂ 54 ਸਾਲ ਦੇ ਉਮਰ ਵਰਗ ਦੇ ਲੋਕ ਕਿਰਤੀ ਬਾਜ਼ਾਰ ਵਿਚ ਵਧ ਚੜ੍ਹ ਕੇ ਯੋਗਾਨ ਪਾਉਂਦੇ ਹਨ ਅਤੇ 2023 ਵਿਚ ਇਨ੍ਹਾਂ ਦੀ ਸ਼ਮੂਲੀਅਤ ਦਰ ਰਿਕਾਰਡ ਉਚਾਈ ’ਤੇ ਪੁੱਜ ਗਈ ਪਰ 2024 ਵਿਚ ਮੁੜ ਘਟਣੀ ਸ਼ੁਰੂ ਹੋ ਗਈ ਅਤੇ ਇੰਮੀਗ੍ਰੇਸ਼ਨ ਵਧਣ ਦੇ ਬਾਵਜੂਦ ਕਿਰਤੀਆਂ ਦੀ ਸ਼ਮੂਲੀਅਤ ਦਰ 65.5 ਫੀ ਸਦੀ ਹੀ ਦਰਜ ਕੀਤੀ ਗਈ। ਇਸ ਰੁਝਾਨ ਪਿੱਛੇ ਤਿੰਨ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਪਹਿਲਾ ਕਾਰਨ ਨੌਜਵਾਨਾਂ ਦੀ ਕਿਰਤੀ ਬਾਜ਼ਾਰ ਵਿਚ ਸ਼ਮੂਲੀਅਤ ਘਟਣੀ ਅਤੇ ਦੂਜਾ ਕਾਰਨ 55 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਮੰਨਿਆ ਜਾ ਰਿਹਾ ਹੈ। ਤੀਜਾ ਕਾਰਨ ਵਡੇਰੀ ਉਮਰ ਵਾਲਿਆਂ ਦਾ ਕੰਮਕਾਜ ਤੋਂ ਦੂਰ ਕਾਇਮ ਕਰਨਾ ਹੈ।
54 ਸਾਲ ਦੀ ਉਮਰ ਤੋਂ ਬਾਅਦ ਕੰਮ ਤੋਂ ਟਾਲਾ ਵੱਟ ਲੈਂਦੇ ਨੇ ਕਿਰਤੀ
ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਵਿਚ ਬਜ਼ੁਰਗਾਂ ਵਾਸਤੇ ਰੁਜ਼ਗਾਰ ਦੇ ਮੌਕੇ ਬੇਹੱਦ ਸੀਮਤ ਹਨ, ਖਾਸ ਤੌਰ ’ਤੇ ਈਸਟ ਕੋਸਟ ਵਾਲੇ ਪਾਸੇ ਜਿਥੇ ਬਜ਼ੁਰਗਾਂ ਵਿਚ ਬੇਰੁਜ਼ਗਾਰੀ ਦਰ ਕੈਨੇਡਾ ਵਿਚ ਸਭ ਤੋਂ ਵੱਧ ਰਹਿੰਦੀ ਹੈ। ਸੂਬਾ ਸਰਕਾਰ ਖਾਸ ਨੀਤੀਆਂ ਰਾਹੀਂ ਵਡੇਰੀ ਉਮਰ ਦੇ ਕਿਰਤੀਆਂ ਦੀ ਮਦਦ ਕਰ ਸਕਦੀਆਂ ਹਨ। ਮਿਸਾਲ ਵਜੋਂ ਕੰਮਕਾਜ ਦੇ ਲਚੀਲੇ ਪ੍ਰਬੰਧ, ਪਾਰਟ ਟਾਈਮ ਕੰਮ ਕਰਨ ਦੇ ਮੌਕੇ ਮੁਹੱਈਆ ਕਰਵਾਉਣਾ ਅਤੇ ਸਵੈ ਰੁਜ਼ਗਾਰ ਦੀਆਂ ਸੰਭਾਵਨਾਵਾਂ ਪੈਦਾ ਕਰਨਾ। ਰਿਪੋਰਟ ਕਹਿੰਦੀ ਹੈ ਕਿ ਐਟਲਾਂਟਿਕ ਕੈਨੇਡਾ ਵਿਚ ਸਵੈ ਰੁਜ਼ਗਾਰ ’ਤੇ ਵਧੇਰੇ ਜ਼ੋਰ ਦਿਤਾ ਜਾਣਾ ਚਾਹੀਦਾ ਹੈ ਜਿਥੇ ਕਿਰਤੀ ਬਾਜ਼ਾਰ ਵਿਚ ਬਜ਼ੁਰਗਾਂ ਦੀ ਸ਼ਮੂਲੀਅਤ ਸਭ ਤੋਂ ਘੱਟ ਹੈ। ਰਿਪੋਰਟ ਵਿਚ ਡਿਜੀਟਲ ਸਕਿੱਲ ਵੱਲ ਧਿਆਨ ਕੇਂਦਰਤ ਕਰਨ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਤਲਾਸ਼ ਵਾਸਤੇ ਰਣਨੀਤੀ ਘੜਨ ਉਤੇ ਵੀ ਜ਼ੋਰ ਦਿਤਾ ਗਿਆ ਹੈ।


