ਕੈਨੇਡਾ: ਮਲੇਰਕੋਟਲਾ ਦੀ 24 ਸਾਲਾ ਲੜਕੀ ਨਾਲ ਕੰਮ 'ਤੇ ਵਾਪਰਿਆ ਭਾਣਾ
By : Sandeep Kaur
17 ਅਗਸਤ, ਨੋਵਾ ਸਕੋਸ਼ੀਆ (ਗੁਰਜੀਤ ਕੌਰ)- ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਹਰ ਰੋਜ਼ ਹੀ ਨੌਜਵਾਨ ਲੜਕੇ-ਲੜਕੀਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਨੋਵਾ ਸਕੋਸ਼ੀਆ ਤੋਂ ਸਾਹਮਣੇ ਆਇਆ ਹੈ, ਜਿਸ 'ਚ 24 ਸਾਲਾ ਨੌਜਵਾਨ ਲੜਕੀ ਅਨੂੰ ਮਾਲੜਾ ਦੀ ਅਚਾਨਕ ਮੌਤ ਹੋ ਗਈ। ਦੱਸਦਈਏ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਾਣਕੀ ਦੀ ਅਨੂੰ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪੂਰ ਪਿੰਡ ਸੋਗ 'ਚ ਹੈ। ਅਨੂੰ ਮਾਲੜਾ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਭੁੱਬਾਂ ਮਰਦਿਆਂ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਧੀ ਅਨੂੰ ਕਰੀਬ ਚਾਰ ਸਾਲ ਪਹਿਲਾਂ ਪੜ੍ਹਾਈ ਕਰਨ ਅਤੇ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਈ ਸੀ ਅਤੇ ਉਹ ਹੁਣ ਵਰਕ ਪਰਮਿਟ 'ਤੇ ਕੰਮ ਕਰ ਰਹੀ ਸੀ ਪਰ ਉਨ੍ਹਾਂ ਨੂੰ ਦੁਪਿਹਰ ਮੌਕੇ ਫੋਨ ਆਇਆ ਕਿ ਅਨੂੰ ਇਸ ਦੁਨੀਆਂ 'ਤੇ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਲੜਕਿਆਂ ਵਾਂਗ ਬਣ ਕੇ ਰਹਿਣ ਅਤੇ ਦਲੇਰ ਧੀ ਅਨੂੰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਪਰ ਲੰਘੇ ਦਿਨ ਹੀ ਉਸਦੀ ਮਾਂ ਨਾਲ ਫੋਨ 'ਤੇ ਗੱਲਬਾਤ ਹੋਈ ਅਤੇ ਉਹ ਬਿਲਕੁਲ ਠੀਕ ਸੀ।
ਦੱਸਦਈਏ ਕਿ ਅਨੂੰ ਮਾਲੜਾ ਦੀ ਇਕ ਵੱਡੀ ਭੈਣ ਜੋ ਕਿ ਕੈਨੇਡਾ ਵਿਚ ਹੀ ਹੈ ਅਤੇ ਇੱਕ ਛੋਟਾ ਭਰਾ ਮਾਤਾ-ਪਿਤਾ ਕੋਲ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਨੂੰ ਮੌਤ ਹੋਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਿਰਫ ਇਹ ਫੋਨ ਆਇਆ ਕਿ ਅਨੂੰ ਹੁਣ ਇਸ ਦੁਨੀਆਂ 'ਚ ਨਹੀਂ ਰਹੀ ਅਤੇ ਇੰਨ੍ਹਾਂ ਸੁਣਨ ਤੋਂ ਬਾਅਦ ਹੀ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਨੂੰ ਮਾਲੜਾ ਦੀ ਵੱਡੀ ਭੈਣ ਪ੍ਰੀਤੀ ਮਾਲੜਾ ਛੇ ਸਾਲ ਪਹਿਲਾਂ ਕੈਨੇਡਾ ਆਈ ਸੀ ਅਤੇ ਦੋਵੇਂ ਭੈਣਾਂ ਨੋਵਾ ਸਕੋਸ਼ੀਆ 'ਚ ਇਕੱਠੀਆਂ ਰਹਿੰਦੀਆਂ ਸਨ। ਇਸ ਮੌਕੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਪਰਿਵਾਰ ਮਿਹਨਤ ਕਰਨ ਵਾਲਾ ਪਰਿਵਾਰ ਹੈ ਅਤੇ ਲੜਕੀ ਦਾ ਪਿਤਾ ਬੋਰਾਂ ਦਾ ਸਮਾਨ ਵੇਚਣ ਵਾਲਾ ਛੋਟਾ ਦੁਕਾਨਦਾਰ ਹੈ, ਜਿਸਨੇ ਮਿਹਨਤ ਮਜਦੂਰੀ ਤੇ ਕਰਜ਼ਾ ਲੈ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਉਹ ਪਰਿਵਾਰ ਦੀ ਤਰੱਕੀ ਲਈ ਯੋਗਦਾਨ ਪਾ ਸਕੇ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਸਾਡੇ ਪਿੰਡ ਦੀ ਧੀ ਜੋ ਇੰਨੇ ਸੁਫ਼ਨੇ ਲੈ ਕੇ ਵਿਦੇਸ਼ ਗਈ ਸੀ, ਉਹ ਹੁਣ ਕਦੀ ਮੁੜ ਕੇ ਨਹੀਂ ਆਵੇਗੀ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਮਦਦਗਾਰਾਂ ਤੋਂ ਅਪੀਲ ਕੀਤੀ ਹੈ ਕਿ ਨੋਵਾ ਸਕੋਸ਼ੀਆ 'ਚ ਅਨੂੰ ਦੀ ਮ੍ਰਿਤਕ ਦੇਹ ਪੰਜਾਬ ਦੀ ਮਾਂ ਮਿੱਟੀ ਨੂੰ ਉਡੀਕ ਰਹੀ ਹੈ ਅਤੇ ਪਰਿਵਾਰ ਦੀ ਵੀ ਇੱਛਾ ਹੈ ਕਿ ਅਨੂੰ ਦੀ ਮਿੱਟੀ ਉਸਦੇ ਪਿੰਡ ਮਾਣਕੀ ਪੰਜਾਬ ਦੀ ਮਿੱਟੀ ਵਿਚ ਮਿਲੇ, ਉਨ੍ਹਾਂ ਕਿਹਾ ਕਿ ਪਰਿਵਾਰ ਸਮਰੱਥ ਨਹੀਂ ਹੈ ਕਿ ਉਹ ਅਨੂੰ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਖਰਚਾ ਕਰ ਸਕੇ। ਅਜਿਹੇ ਵਿਚ ਸੂਬਾ ਸਰਕਾਰ ਆਪਣਾ ਫਰਜ਼ ਅਦਾ ਕਰੇ ਤਾਂ ਜੋ ਮਾਪੇ ਤੇ ਪਿੰਡ ਵਾਸੀ ਮ੍ਰਿਤਕ ਅਨੂੰ ਮਾਲੜਾ ਨੂੰ ਅੰਤਿਮ ਵਿਦਾਇਗੀ ਦੇ ਕੇ ਉਸਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਨਿਭਾਅ ਸਕਣ।