ਕੈਨੇਡਾ : 7 ਹਜ਼ਾਰ ਵਿਜ਼ਟਰ ਅਤੇ ਸਟੱਡੀ ਵੀਜ਼ਾ ਰੱਦ
ਕੈਨੇਡਾ ਸਰਕਾਰ ਵੱਲੋਂ ਬਾਰਡਰ ਅਫ਼ਸਰਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਰੱਦ ਕਰਨ ਬਾਰੇ ਦਿਤੀਆਂ ਤਾਕਤਾਂ ਦਾ ਅਸਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ

ਟੋਰਾਂਟੋ : ਕੈਨੇਡਾ ਸਰਕਾਰ ਵੱਲੋਂ ਬਾਰਡਰ ਅਫ਼ਸਰਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਰੱਦ ਕਰਨ ਬਾਰੇ ਦਿਤੀਆਂ ਤਾਕਤਾਂ ਦਾ ਅਸਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਤਾਜ਼ਾ ਰਿਪੋਰਟ ਮੁਤਾਬਕ ਸੀ.ਬੀ.ਐਸ.ਏ. ਵਾਲੇ 7 ਹਜ਼ਾਰ ਵਿਜ਼ਟਰ ਅਤੇ ਸਟੱਡੀ ਵੀਜ਼ਾ ਰੱਦ ਕਰ ਚੁੱਕੇ ਹਨ। ਆਰਜ਼ੀ ਵੀਜ਼ਾ ’ਤੇ ਕੈਨੇਡਾ ਪੁੱਜੇ ਪਰ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਵਾਲਿਆਂ ’ਤੇ ਵੀ ਇੰਮੀਗ੍ਰੇਸ਼ਨ ਵਾਲਿਆਂ ਦੀ ਬਾਜ਼ ਅੱਖ ਹੈ ਅਤੇ ਸ਼ੱਕ ਦੇ ਘੇਰੇ ਵਿਚ ਆਉਣ ਵਾਲੇ ਪੀ.ਆਰ. ਕਾਰਡ ਵੀ ਰੱਦ ਕਰ ਦਿਤੇ ਜਾਣਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਕੈਨੇਡਾ ਵਿਚ 4 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ ਜਦਕਿ 3 ਲੱਖ 70 ਹਜ਼ਾਰ ਭਾਰਤੀ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜੇ।
ਸੀ.ਬੀ.ਐਸ.ਏ. ਅਫ਼ਸਰਾਂ ਨੂੰ ਮਿਲੀਆਂ ਤਾਕਤਾਂ ਦਾ ਅਸਰ
ਇਸ ਤੋਂ ਇਲਾਵਾ ਵਰਕ ਪਰਮਿਟ ਵਾਲਿਆਂ ਦੀ ਗਿਣਤੀ ਵੀ 3 ਲੱਖ ਤੋਂ ਉਤੇ ਦੱਸੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਕਈਆਂ ਦੇ ਵਰਕ ਪਰਮਿਟ ਨੇੜ ਭਵਿੱਖ ਵਿਚ ਖ਼ਤਮ ਹੋਣ ਵਾਲੇ ਹਨ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਕੈਨੇਡੀਅਨ ਵਿਦਿਅਕ ਅਦਾਰੇ ਵਿਚ ਪੜ੍ਹ ਰਹੇ ਕਿਸੇ ਵਿਦਿਆਰਥੀ ਦਾ ਵੀਜ਼ਾ ਰੱਦ ਹੋਣ ਦੀ ਸੂਰਤ ਵਿਚ ਉਸ ਨੂੰ ਤੈਅਸ਼ੁਦਾ ਤਰੀਕ ਤੱਕ ਕੈਨੇਡਾ ਛੱਡ ਕੇ ਜਾਣ ਦੇ ਹੁਕਮ ਦਿਤੇ ਜਾਣਗੇ ਜਦਕਿ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜਣ ਵਾਲੇ ਕਿਸੇ ਸ਼ਖਸ ਦਾ ਮਕਸਦ ਸਪੱਸ਼ਟ ਨਾ ਹੋਣ ਦੀ ਸੂਰਤ ਵਿਚ ਉਸ ਨੂੰ ਹਵਾਈ ਅੱਡੇ ਤੋਂ ਹੀ ਵਾਪਸੀ ਵਾਲੇ ਜਹਾਜ਼ ਵਿਚ ਬਿਠਾ ਦਿਤਾ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਮੁਲਕ ਛੱਡਣ ਦੇ ਨੋਟਿਸ ਜਾਰੀ ਕੀਤੇ ਜਾਣਗੇ ਜੋ ਪੜ੍ਹਾਈ ਮੁਕੰਮਲ ਕਰਨ ਮਗਰੋਂ ਵਰਕ ਪਰਮਿਟ ਹਾਸਲ ਕਰਨ ਵਿਚ ਅਸਫ਼ਲ ਰਹੇ। ਇਹ ਸਖ਼ਤੀ ਸਟੱਡੀ ਜਾਂ ਵਿਜ਼ਟਰ ਵੀਜ਼ਾ ਦੀ ਦੁਰਵਰਤੋਂ ਅਤੇ ਅਸਾਇਲਮ ਦਾਅਵਿਆਂ ਵਿਚ ਹੋਏ ਤੇਜ਼ ਵਾਧੇ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਰਫ਼ਿਊਜੀ ਬੋਰਡ ਕੋਲ ਅਸਾਇਲਮ ਦਾਅਵਿਆਂ ਦਾ ਅੰਕੜਾ 2 ਲੱਖ 78 ਹਜ਼ਾਰ ਤੋਂ ਟੱਪ ਗਿਆ ਹੈ। ਜਨਵਰੀ ਮਹੀਨੇ ਦੌਰਾਨ 11,840 ਵਿਦੇਸ਼ੀ ਨਾਗਰਿਕਾਂ ਵੱਲੋਂ ਕੈਨੇਡਾ ਵਿਚ ਪਨਾਹ ਮੰਗੀ ਗਈ ਜਦਕਿ ਜੁਲਾਈ 2024 ਦੌਰਾਨ ਇਹ ਅੰਕੜਾ 19,821 ਦਰਜ ਕੀਤਾ ਗਿਆ। ਸਤੰਬਰ 2023 ਮਗਰੋਂ ਇਕ ਮਹੀਨੇ ਵਿਚ ਆਏ ਅਸਾਇਲਮ ਦੇ ਦਾਅਵਿਆਂ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ ਅਤੇ ਇਸ ਵਿਚ ਹੋਰ ਕਮੀ ਆਉਣ ਦੇ ਆਸਾਰ ਹਨ।
ਅਸਾਇਲਮ ਦਾਅਵਿਆਂ ਨੂੰ ਵੀ ਧੜਾ-ਧੜ ਰੱਦ ਕਰਨ ਦੀ ਤਿਆਰੀ
ਇੰਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਊਥ ਏਸ਼ੀਅਨ ਅਤੇ ਅਫ਼ਰੀਕੀ ਲੋਕਾਂ ਨੂੰ ਦਿਤੇ ਜਾ ਰਹੇ ਵਿਜ਼ਟਰ ਵੀਜ਼ਿਆਂ ਵਿਚ ਸਭ ਤੋਂ ਵੱਡੀ ਕਟੌਤੀ ਕੀਤੀ ਗਈ ਹੈ। 2023 ਵਿਚ ਕੈਨੇਡਾ ਵੱਲੋਂ 18 ਲੱਖ ਵਿਜ਼ਟਰ ਵੀਜ਼ੇ ਜਾਰੀ ਕੀਤੇ ਗਏ ਜਦਕਿ 2024 ਵਿਚ ਇਹ ਅੰਕੜਾ ਘਟਾ ਕੇ 15 ਲੱਖ ਕਰ ਦਿਤਾ ਗਿਆ। ਅਸਾਇਲਮ ਦਾਅਵਿਆਂ ਦੇ ਆਧਾਰ ’ਤੇ ਹੀ ਭਵਿੱਖ ਵਿਚ ਵਿਜ਼ਟਰ ਵੀਜ਼ੇ ਜਾਰੀ ਕੀਤੇ ਜਾਣਗੇ ਅਤੇ ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਦਰ ਸਭ ਤੋਂ ਉਤੇ ਜਾ ਸਕਦੀ ਹੈ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਬੁਲਾਰੇ ਰੈਨੀ ਲਾਬਲੈਂਕ ਪ੍ਰੌਕਟਰ ਦਾ ਕਹਿਣਾ ਸੀ ਕਿ ਅਸਾਇਲਮ ਦਾਅਵਿਆਂ ਵਿਚ ਮੁੱਖ ਤਰਜੀਹ ਉਨ੍ਹਾਂ ਮੁਲਕਾਂ ਨਾਲ ਸਬੰਧਤ ਲੋਕਾਂ ਨੂੰ ਦਿਤੀ ਜਾਵੇਗੀ ਜਿਥੇ ਜਾਨ ਦਾ ਖਤਰਾ ਸਭ ਤੋਂ ਵੱਧ ਹੈ ਜਾਂ ਅਸਾਇਲਮ ਕਲੇਮੈਂਟਸ ਨੂੰ ਅਣਮਨੁੱਖੀ ਤਸੀਹੇ ਦਿਤੇ ਜਾਣ ਦਾ ਡਰ ਹੈ। ਕੈਨੇਡਾ ਸਰਕਾਰ ਦੀ ਸੂਚੀ ਵਿਚ ਸੁਰੱਖਿਅਤ ਮੰਨੇ ਗਏ ਮੁਲਕਾਂ ਨਾਲ ਸਬੰਧਤ ਲੋਕਾਂ ਦੇ ਅਸਾਇਲਮ ਕਲੇਮ ਵੱਡੇ ਪੱਧਰ ’ਤੇ ਰੱਦ ਹੋ ਸਕਦੇ ਹਨ।