ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਅਹਿਮ ਤੱਥ ਆਇਆ ਸਾਹਮਣੇ
ਅਮਰੀਕਾ ਵੱਲੋਂ ਭਾਰਤੀ ਖੁਫੀਆ ਏਜੰਸੀ ਦੇ ਸਾਬਕਾ ਅਫਸਰ ਵਿਕਾਸ ਯਾਦਵ ਵਿਰੁੱਧ ਦਾਖਲ ਦੋਸ਼ ਪੱਤਰ ਵਿਚੋਂ ਇਕ ਹੋਰ ਵੱਡਾ ਦਾਅਵਾ ਉਭਰ ਕੇ ਸਾਹਮਣੇ ਆਇਆ ਹੈ।
By : Upjit Singh
ਵਾਸ਼ਿੰਗਟਨ : ਅਮਰੀਕਾ ਵੱਲੋਂ ਭਾਰਤੀ ਖੁਫੀਆ ਏਜੰਸੀ ਦੇ ਸਾਬਕਾ ਅਫਸਰ ਵਿਕਾਸ ਯਾਦਵ ਵਿਰੁੱਧ ਦਾਖਲ ਦੋਸ਼ ਪੱਤਰ ਵਿਚੋਂ ਇਕ ਹੋਰ ਵੱਡਾ ਦਾਅਵਾ ਉਭਰ ਕੇ ਸਾਹਮਣੇ ਆਇਆ ਹੈ। ਦੋਸ਼ ਪੱਤਰ ਮੁਤਾਬਕ ਵਿਕਾਸ ਯਾਦਵ ਨੂੰ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ਿਸ਼ ਬਾਰੇ ਪੂਰੀ ਜਾਣਕਾਰੀ ਸੀ। ਹਰਦੀਪ ਸਿੰਘ ਨਿੱਜਰ ਦੇ ਕਤਲ ਵਾਲੇ ਦਿਨ ਵਿਕਾਸ ਯਾਦਵ ਨੇ ਨਿਖਿਲ ਗੁਪਤ ਨੂੰ ਨਿੱਜਰ ਦੀ ਖੂਨ ਨਾਲ ਲਥਪਥ ਲਾਸ਼ ਦੀ ਵੀਡੀਓ ਭੇਜੀ। ਦੂਜੇ ਪਾਸੇ ਵੈਨਕੂਵਰ ਅਤੇ ਟੋਰਾਂਟੋ ਵਿਖੇ ਭਾਰਤੀ ਕੌਂਸਲੇਟਸ ਦੇ ਬਾਹਰ ਵੱਡੇ ਪੱਧਰ ’ਤੇ ਰੋਸ ਵਿਖਾਵੇ ਕੀਤੇ ਜਾਣ ਦੀ ਖਬਰ ਹੈ।
ਵਿਕਾਸ ਯਾਦ ਨੂੰ ਸਾਜ਼ਿਸ਼ ਬਾਰੇ ਸੀ ਮੁਕੰਮਲ ਜਾਣਕਾਰੀ : ਦੋਸ਼ ਪੱਤਰ
ਅਮਰੀਕਾ ਦੇ ਨਿਆਂ ਵਿਭਾਗ ਨੇ ਦੋਸ਼ ਪੱਤਰ ਵਿਚ ਕਿਹਾ ਹੈ ਕਿ ਨਿਖਿਲ ਗੁਪਤਾ ਵੱਲੋਂ ਇਹ ਵੀਡੀਓ ਭਾੜੇ ਦੇ ਕਾਤਲਾਂ ਨੂੰ ਭੇਜੀ ਗਈ ਜਿਨ੍ਹਾਂ ਨੂੰ ਕਥਿਤ ਤੌਰ ’ਤੇ ਗੁਰਪਤਵੰਤ ਪੰਨੂ ਦੇ ਕਤਲ ਦੀ ਜ਼ਿੰਮੇਵਾਰੀ ਸੌਂਪੀ ਗਈ। ਪਰ ਨਿਖਿਲ ਗੁਪਤਾ ਨਹੀਂ ਸੀ ਜਾਣਦਾ ਕਿ ਉਹ ਦੋਵੇਂ ਅੰਡਰ ਕਵਰ ਏਜੰਟ ਹਨ। ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਵੱਲੋਂ ਇਕ-ਦੂਜੇ ਨੂੰ ਜ਼ਿਆਦਾਤਰ ਅੰਗਰੇਜ਼ੀ ਵਿਚ ਸੁਨੇਹੇ ਭੇਜੇ ਜਾਂਦੇ ਸਨ ਪਰ ਕਈ ਵਾਰ ਹਿੰਦੀ ਵਿਚ ਆਡੀਓ ਮੈਸੇਜ ਵੀ ਭੇਜਦੇ। ਦੋਸ਼ ਪੱਤਰ ਮੁਤਾਬਕ ਵਿਕਾਸ ਨੇ ਨਿਖਿਲ ਗੁਪਤਾ ਨੂੰ ਆਪਣਾ ਫੋਨ ਨੰਬਰ ਦਿਤਾ ਅਤੇ ਅਮਾਨਤ ਦੇ ਨਾਂ ’ਤੇ ਸੇਵ ਕਰਨ ਲਈ ਆਖਿਆ। ਵਿਕਾਸ ਨੇ ਚੈਟਿੰਗ ਦੌਰਾਨ ਨਿਖਿਲ ਗੁਪਤਾ ਨੂੰ ਦੱਸਿਆ ਕਿ ਇਕ ਟਾਰਗੈਟ ਨਿਊ ਯਾਰਕ ਵਿਚ ਹੈ ਅਤੇ ਦੂਜਾ ਕੈਲੇਫੋਰਨੀਆ ਵਿਚ।
ਨਿਖਿਲ ਗੁਪਤਾ ਨੂੰ ਖੂਨ ਨਾਲ ਲਥਪਥ ਲਾਸ਼ ਦੀ ਭੇਜੀ ਸੀ ਵੀਡੀਓ
ਨਿਊ ਯਾਕਰ ਵਾਲੇ ਟਾਰਗੈਟ ਨੂੰ ਵਕੀਲ ਦੱਸਿਆ ਗਿਆ ਅਤੇ ਇਸ ਦੇ ਕਤਲ ਲਈ 29 ਜੂਨ ਦੀ ਤਰੀਕ ਤੈਅ ਕੀਤੀ ਗਈ ਪਰ ਉਸੇ ਦਿਨ ਨਿਖਿਲ ਗੁਪਤ ਦੀ ਗ੍ਰਿਫ਼ਤਾਰ ਹੋ ਗਈ। ਐਫ਼.ਬੀ.ਆਈ. ਦੀ ਰਿਪੋਰਟ ਦਾਅਵਾ ਕੀਤਾ ਗਿਆ ਹੈ ਕਿ ਨਿਖਿਲ ਗੁਪਤਾ ਵਿਰੁੱਘ ਗੁਜਰਾਤ ਵਿਚ ਕਈ ਅਪਰਾਧਕ ਮਾਮਲੇ ਦਰਜ ਸਨ ਅਤੇ ਵਿਕਾਸ ਯਾਦਵ ਨੇ ਨਿਖਿਲ ਗੁਪਤਾ ਨੂੰ ਯਕੀਨ ਦਿਵਾਇਆ ਕਿ ਗੁਜਰਾਤ ਪੁਲਿਸ ਪ੍ਰੇਸ਼ਾਨ ਨਹੀਂ ਕਰੇਗੀ। ਨਿਖਿਲ ਗੁਪਤਾ ਨੂੰ ਗੁਜਰਾਤ ਨਾਲ ਸਬੰਧਤ ਡੀ.ਸੀ.ਪੀ. ਰੈਂਕ ਦੇ ਅਫਸਰ ਨਾਲ ਮਿਲਾਉਣ ਦਾ ਭਰੋਸਾ ਵੀ ਦਿਤਾ ਗਿਆ। ਇਸ ਮਗਰੋਂ ਵਕੀਲ ਨਾਲ ਸੰਪਰਕ ਦਾ ਤਰੀਕਾ ਲੱਭਿਆ ਗਿਆ ਅਤੇ ਨਿਖਿਲ ਗੁਪਤਾ ਦੇ ਕਿਸੇ ਸਾਥੀ ਰਾਹੀਂ ਕੇਸ ਦੇ ਸਿਲਸਿਲੇ ਵਿਚ ਸੰਪਰਕ ਕਰਨ ਦੀ ਫੈਸਲਾ ਕੀਤਾ। ਕੇਸ ਦੇ ਸਿਲਸਿਲੇ ਵਿਚ ਵਕੀਲ ਨਾਲ ਮੁਲਾਕਾਤ ਦੌਰਾਨ ਉਸ ਦੇ ਕਤਲ ਦੀ ਵਿਉਂਤਬੰਦੀ ਤਿਆਰ ਹੋ ਗਈ। ਐਫ਼.ਬੀ.ਆਈ. ਦੀ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਕਤਲ ਦੇ ਇਵਜ਼ ਵਿਚ ਇਕ ਲੱਖ ਡਾਲਰ ਦੀ ਰਕਮ ਤੈਅ ਹੋਈ ਪਰ ਬਾਅਦ ਵਿਚ ਇਸ ਨੂੰ ਵਧਾ ਕੇ ਡੇਢ ਲੱਖ ਡਾਲਰ ਕਰ ਦਿਤਾ ਗਿਆ। ਇਕ ਚੈਟ ਵਿਚ ਵਿਕਾਸ ਯਾਦਵ ਨੇ ਲਿਖਿਆ ਕਿ ਉਹ ਡੇਢ ਲੱਖ ਡਾਲਰ ਅਦਾ ਕਰਨ ਵਾਸਤੇ ਤਿਆਰ ਹੈ। ਨਿਖਿਲ ਗੁਪਤਾ ਨੇ ਚੈਟਿੰਗ ਦਾ ਸਕ੍ਰੀਨ ਸ਼ੌਟ ਆਪਣੇ ਸੋਰਸ ਨੂੰ ਭੇਜਿਆ ਤਾਂ ਉਸ ਨੇ ਇਕ ਲੱਖ ਡਾਲਰ ਪੇਸ਼ਗੀ ਦੀ ਮੰਗ ਕੀਤੀ। ਨਿਖਿਨ ਨੇ ਮੁੜ ਵਿਕਾਸ ਯਾਦਵ ਨਾਲ ਸੰਪਰਕ ਕਰਦਿਆਂ ਇਹ ਗੱਲ ਦੱਸੀ। ਇਕ ਵਾਰ ਵਿਕਾਸ ਯਾਦਵ ਮੰਨ ਗਿਆ ਪਰ ਫਿਰ ਲਿਖਿਆ ਕਿ ਐਨੀ ਐਡਵਾਂਸ ਪੇਮੈਂਟ ਸੰਭਵ ਨਹੀਂ। ਕੰਮ ਪੂਰਾ ਹੋਣ ਤੋਂ 24 ਘੰਟੇ ਦੇ ਅੰਦਰ ਪੇਮੈਂਟ ਕਰ ਦਿਤੀ ਜਾਵੇਗੀ। ਇਸੇ ਦੌਰਾਨ ਵੈਨਕੂਵਰ ਅਤੇ ਟੋਰਾਂਟੋ ਵਿਖੇ ਭਾਰਤੀ ਕੌਂਸਲੇਟਸ ਦੇ ਬਾਹਰ ਰੋਸ ਵਿਖਾਵੇ ਕੀਤੇ ਗਏ ਅਤੇ ਵਿਖਾਵਾਕਾਰੀਆਂ ਨੇ ਕੌਂਸਲੇਟ ਪੱਕੇ ਤੌਰ ’ਤੇ ਬੰਦ ਕਰਨ ਦੀ ਆਵਾਜ਼ ਉਠਾਈ। ਸਰੀ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਦੇ ਬੁਲਾਰੇ ਗੁਰਕੀਰਤ ਸਿੰਘ ਨੇ ਕਿਹਾ ਕਿ ਭਾਰਤੀ ਡਿਪਲੋਮੈਟਸ ਨੂੰ ਕੱਢਣਾ ਇਕ ਹਾਂਪੱਖੀ ਕਦਮ ਹੈ ਪਰ ਸਿਰਫ ਐਨਾ ਕਾਫੀ ਨਹੀਂ। ਮੁਜ਼ਾਹਰੇ ਵਿਚ ਸ਼ਾਮਲ ਇਮਰਨ ਕੌਰ ਨੇ ਕਿਹਾ ਕਿ ਗੁਰਦਾਰਾ ਸਾਹਿਬਾਨ ਸਿੱਖਾਂ ਦੇ ਸਭ ਤੋਂ ਸੁਰੱਖਿਅਤ ਸਥਾਨ ਹਨ ਪਰ ਇਥੇ ਵੀ ਕਤਲਕਾਂਡ ਸਾਹਮਣੇ ਆਇਆ। ਸਿੱਖ ਭਾਈਚਾਰੇ ਨੂੰ ਡਰਾਉਣ ਲਈ ਗੁਰਦਵਾਰਾ ਸਾਹਿਬ ਵਿਚ ਵਾਰਦਾਤ ਨੂੰ ਅੰਜਾਮ ਦਿਤਾ ਗਿਆ।