Begin typing your search above and press return to search.

ਏਅਰ ਕੈਨੇਡਾ ਨੇ ਮੁਸਾਫ਼ਰਾਂ ਨੂੰ ਦਿਤਾ ਝਟਕਾ

ਏਅਰ ਕੈਨੇਡਾ ਨੇ ਆਪਣੇ ਮੁਸਾਫਰਾਂ ਨੂੰ ਝਟਕਾ ਦਿੰਦਿਆਂ 3 ਜਨਵਰੀ 2025 ਤੋਂ ਲੈਪਟਾਪ ਜਾਂ ਹੋਰ ਨਿਜੀ ਵਸਤਾਂ ਵਾਲੇ ਬੈਗ ਲਿਜਾਣ ’ਤੇ ਫੀਸ ਲਾਗੂ ਕਰ ਦਿਤੀ ਹੈ।

ਏਅਰ ਕੈਨੇਡਾ ਨੇ ਮੁਸਾਫ਼ਰਾਂ ਨੂੰ ਦਿਤਾ ਝਟਕਾ
X

Upjit SinghBy : Upjit Singh

  |  5 Dec 2024 6:35 PM IST

  • whatsapp
  • Telegram

ਕੈਲਗਰੀ : ਏਅਰ ਕੈਨੇਡਾ ਨੇ ਆਪਣੇ ਮੁਸਾਫਰਾਂ ਨੂੰ ਝਟਕਾ ਦਿੰਦਿਆਂ 3 ਜਨਵਰੀ 2025 ਤੋਂ ਲੈਪਟਾਪ ਜਾਂ ਹੋਰ ਨਿਜੀ ਵਸਤਾਂ ਵਾਲੇ ਬੈਗ ਲਿਜਾਣ ’ਤੇ ਫੀਸ ਲਾਗੂ ਕਰ ਦਿਤੀ ਹੈ। ਪਹਿਲੇ ਬੈਗ ਵਾਸਤੇ 35 ਡਾਲਰ ਅਤੇ ਦੂਜੇ ਬੈਗ ਵਾਸਤੇ 50 ਡਾਲਰ ਫੀਸ ਤੈਅ ਕੀਤੀ ਗਈ ਹੈ ਅਤੇ ਬਗੈਰ ਫ਼ੀਸ ਅਦਾਇਗੀ ਤੋਂ ਜਹਾਜ਼ ਦੇ ਦਰਵਾਜ਼ੇ ਤੱਕ ਪੁੱਜਣ ਵਾਲਿਆਂ ਨੂੰ 35 ਡਾਲਰ ਦੀ ਬਜਾਏ 65 ਡਾਲਰ ਅਦਾ ਕਰਨੇ ਹੋਣਗੇ। ਨਵੇਂ ਨਿਯਮ ਸਸਤੀਆਂ ਟਿਕਟਾਂ ਵਾਲੇ ਰੂਟਾਂ ’ਤੇ ਲਾਗੂ ਕੀਤੇ ਜਾ ਰਹੇ ਹਨ। ਏਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ ਉਤਰੀ ਅਮਰੀਕਾ ਅਤੇ ਯੂਰਪ ਦੇ ਕਈ ਮੁਲਕਾਂ ਵੱਲ ਜਾਣ ਲਈ ਸਸਤੀਆਂ ਟਿਕਟਾਂ ਖਰੀਦਣ ਵਾਲਿਆਂ ਨੂੰ ਸਿਰਫ ਇਕ ਨਿਜੀ ਵਸਤੂ ਲਿਜਾਣ ਦੀ ਇਜਾਜ਼ਤ ਹੋਵੇਗੀ। ਨਿਜੀ ਵਸਤਾਂ ਵਿਚ ਬੀਬੀਆਂ ਦੇ ਪਰਸ, ਛੋਟੇ ਬੈਗ, ਲੈਪਟੌਪ ਬੈਗ ਅਤੇ ਉਹ ਚੀਜ਼ਾਂ ਸ਼ਾਮਲ ਹੋਣਗੀਆਂ ਜੋ ਸਾਹਮਣੇ ਵਾਲੀ ਸੀਟ ਦੇ ਹੇਠਾਂ ਰੱਖੀਆਂ ਜਾ ਸਕਦੀਆਂ ਹਨ। ਸੀਟ ਦੇ ਉਪਰ ਵਾਲੇ ਕੰਪਾਰਟਮੈਂਟ ਵਿਚ ਰੱਖੀਆਂ ਜਾਣ ਵਾਲੀਆਂ ਵਸਤਾਂ ਦੇ ਇਵਜ਼ ਵਿਚ ਫੀਸ ਵਸੂਲ ਕੀਤੀ ਜਾਵੇਗੀ।

ਪਹਿਲੇ ਬੈਗ ਵਾਸਤੇ 35 ਡਾਲਰ ਅਤੇ ਦੂਜੇ ਪਾਸੇ 50 ਡਾਲਰ ਫੀਸ ਲੱਗੇਗੀ

ਸਿਰਫ ਐਨਾ ਹੀ ਨਹੀਂ ਏਅਰ ਕੈਨੇਡਾ ਦੇ ਮੁਸਾਫਰਾਂ ਵਾਸਤੇ ਮੁਫ਼ਤ ਵਿਚ ਸੀਟ ਬਦਲਣ ਦੀ ਰਿਆਇਤ ਵੀ ਖ਼ਤਮ ਕੀਤੀ ਜਾ ਰਹੀ ਹੈ। 21 ਜਨਵਰੀ 2025 ਤੋਂ ਜਿਹੜੇ ਮੁਸਾਫ਼ਰ ਬੇਸਿਕ ਕਿਰਾਏ ’ਤੇ ਸਫ਼ਰ ਕਰ ਰਹੇ ਹੋਣਗੇ, ਉਨ੍ਹਾਂ ਨੂੰ ਸੀਟ ਬਦਲਣ ਦੇ ਇਵਜ਼ ਵਿਚ ਫੀਸ ਅਦਾ ਕਰਨੀ ਹੋਵੇਗੀ। ਫੀਸ ਦੀ ਰਕਮ ਸਬੰਧਤ ਮੁਸਾਫਰ ਵੱਲੋਂ ਚੁਣੀ ਜਾਣ ਵਾਲੀ ਨਵੀਂ ਸੀਟ ’ਤੇ ਨਿਰਭਰ ਕਰੇਗੀ। ਏਅਰਲਾਈਨ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਮੁਸਾਫ਼ਰਾਂ ਵੱਲੋਂ ਆਪਣੇ ਪੱਧਰ ’ਤੇ ਸੀਟਾਂ ਬਦਲਣ ਦੇ ਇਵਜ਼ ਵਿਚ ਕੋਈ ਫੀਸ ਵਸੂਲੀ ਜਾ ਸਕਦੀ ਹੈ ਜਾਂ ਨਹੀਂ। ਏਅਰ ਕੈਨੇਡਾ ਦੀਆਂ ਤਾਜ਼ਾ ਤਬਦੀਲੀਆਂ ਵੈਸਟਜੈਟ ਦੀ ਵਿਵਾਦਤ ਅਲਟਰਾ ਬੇਸਿਕ ਟਿਕਟ ਤੋਂ ਬਾਅਦ ਆਈਆਂ ਹਨ। ਵੈਸਟਜੈਟ ਦੀ ਇਸ ਸ਼੍ਰੇਣੀ ਵਿਚ ਮੁਸਾਫ਼ਰਾਂ ਨੂੰ ਬਗੈਰ ਫੀਸ ਤੋਂ ਕੋਈ ਕੈਰੀਔਨ ਬੈਗ ਲਿਜਾਣ ਦੀ ਇਜਾਜ਼ਤ ਨਹੀਂ ਹੈ। ਏਅਰ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਲਗੇਜ ਦੇ ਮਾਮਲੇ ਵਿਚ ਲਾਗੂ ਕੀਤੀਆਂ ਜਾ ਰਹੀਆਂ ਤਬਦੀਲੀਆਂ ਹੋਰਨਾਂ ਏਅਰਲਾਈਨਜ਼ ਵੱਲੋਂ ਕੀਤੀ ਜਾ ਰਹੀ ਪੇਸ਼ਕਸ਼ ਦੇ ਬਿਲਕੁਲ ਬਰਾਬਰ ਹਨ। ਉਧਰ ਮੁਸਾਫ਼ਰਾਂ ਵੱਲੋਂ ਏਅਰ ਕੈਨੇਡਾ ਵੱਲੋਂ ਲਾਗੂ ਫੀਸ ਨੂੰ ਗੈਰਵਾਜਬ ਕਰਾਰ ਦਿਤਾ ਗਿਆ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਫਲੋਰੀਡਾ ਜਾ ਰਹੀ ਐਨੀ ਕਰੇਟਨ ਨੇ ਕਿਹਾ ਕਿ ਜਦੋਂ ਕਿਰਾਇਆ ਹੀ ਅਦਾ ਕਰ ਦਿਤਾ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਵਾਸਤੇ ਵੱਖਰੀ ਫੀਸ ਕਿਉਂ।

ਮੁਫ਼ਤ ਵਿਚ ਸੀਟ ਬਦਲਣ ਦੀ ਰਿਆਇਤ ਵੀ ਹੋਈ ਖ਼ਤਮ

ਮੁਸਾਫ਼ਰਾਂ ਦਾ ਕਹਿਣਾ ਸੀ ਕਿ ਬੇਹੱਦ ਘੱਟ ਕਿਰਾਏ ’ਤੇ ਹਵਾਈ ਸਫ਼ਰ ਕਰਵਾਉਣ ਵਾਲੀ ਫਲੇਅਰ ਏਅਰਲਾਈਨਜ਼ ਵੱਲੋਂ ਅਜਿਹਾ ਕੋਈ ਨਿਯਮ ਲਾਗੂ ਕੀਤਾ ਜਾਂਦਾ ਤਾਂ ਸਮਝ ਵੀ ਆਉਂਦਾ ਪਰ ਏਅਰ ਕੈਨੇਡਾ ਤੋਂ ਅਜਿਹੀ ਉਮੀਦ ਨਹੀਂ ਸੀ। ਦੱਸ ਦੇਈਏ ਕਿ ਪੋਰਟਰ, ਫਲੇਅਰ ਅਤੇ ਸਨਵਿੰਗ ਵੱਲੋਂ ਕੈਰੀ ਔਨ ਲਗੇਜ ’ਤੇ ਫੀਸ ਵਸੂਲ ਕੀਤੀ ਜਾਂਦੀ ਹੈ। ਇਸੇ ਦੌਰਾਨ ਯਾਰਕ ਯੂਨੀਵਰਸਿਟੀ ਦੇ ਸ਼ੂਲਿਚ ਸਕੂਲ ਆਫ਼ ਬਿਜ਼ਨਸ ਵਿਚ ਇਕਨੌਮਿਕਸ ਦੇ ਐਸੋਸੀਏਟ ਪ੍ਰੋਫੈਸਰ ਫਰੈਡ ਲਾਜ਼ਾਰ ਦਾ ਕਹਿਣਾ ਸੀ ਕਿ ਅਜਿਹੀ ਫੀਸ ’ਤੇ ਲੰਮੇ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ ਕਿਉਂਕਿ ਵੱਡੀ ਗਿਣਤੀ ਵਿਚ ਫਲਾਈਟਸ ਸਿਰਫ ਇਸ ਕਰ ਕੇ ਲੇਟ ਹੁੰਦੀਆਂ ਹਨ ਕਿਉਂਕਿ ਕਈ ਲੋਕ ਕੈਰੀ ਔਨ ਲਗੇਜ ਦੀ ਸਕ੍ਰੀਨਿੰਗ ਨਹੀਂ ਕਰਵਾਉਂਦੇ ਅਤੇ ਪ੍ਰਕਿਰਿਆ ਨੂੰ ਪੂਰਾ ਕਰਦਿਆਂ ਸਮਾਂ ਲੱਗ ਜਾਂਦਾ ਹੈ।

3 ਜਨਵਰੀ 2025 ਤੋਂ ਲਾਗੂ ਹੋਣਗੇ ਨਵੇਂ ਨਿਯਮ

ਉਧਰ ਯੂਰਪ ਵੱਲ ਦੇਖਿਆ ਜਾਵੇ ਤਾਂ ਸਪੇਨ ਵਿਚ ਪੰਜ ਏਅਰਲਾਈਨਜ਼ ਨੂੰ ਜੁਰਮਾਨਾ ਲਾਇਆ ਗਿਆ ਜੋ ਮੁਸਾਫ਼ਰਾਂ ਤੋਂ ਕੈਰੀ ਔਨ ਲਗੇਜ ਵਾਸਤੇ ਵਾਧੂ ਫੀਸ ਵਸੂਲ ਰਹੀਆਂ ਸਨ।

Next Story
ਤਾਜ਼ਾ ਖਬਰਾਂ
Share it