95 ਲੱਖ ਬੈਰਲ ਤੇਲ ਭਾਰਤ ਭੇਜੇਗਾ ਰੂਸ, ਅਮਰੀਕੀ ਪਾਬੰਦੀ ਦੇ ਬਾਵਜੂਦ ਭਾਰਤ ਲਵੇਗਾ ਰੂਸੀ ਤੇਲ
ਈਰਾਨ ਦੀ ਜੰਗ ਕਾਰਣ ਮੱਧ–ਪੂਰਬੀ ਦੇਸ਼ਾਂ ਤੋਂ ਤੇਲ ਦੀ ਸਪਲਾਈ ਲਗਭਗ ਰੁਕ ਗਈ ਹੈ। ਇਸੇ ਲਈ ਹੁਣ ਰੂਸ ਨੇ ਭਾਰਤ ਨੂੰ ਤੇਲ ਭੇਜਣ ਦਾ ਫ਼ੈਸਲਾ ਕੀਤਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੁਝ ਹੀ ਹਫ਼ਤਿਆਂ ਅੰਦਰ ਰੂਸ ਤੋਂ 95 ਲੱਖ ਬੈਰਲ ਕੱਚਾ ਤੇਲ ਭਾਰਤ ਪੁੱਜ ਜਾਵੇਗਾ

By : [email protected]
ਭਾਰਤ ਕੋਲ਼ ਸਿਰਫ਼ 25 ਦਿਨਾਂ ਦਾ ਕੱਚਾ ਤੇਲ ਬਚਿਆ
ਮਾਸਕੋ: ਈਰਾਨ ਦੀ ਜੰਗ ਕਾਰਣ ਮੱਧ–ਪੂਰਬੀ ਦੇਸ਼ਾਂ ਤੋਂ ਤੇਲ ਦੀ ਸਪਲਾਈ ਲਗਭਗ ਰੁਕ ਗਈ ਹੈ। ਇਸੇ ਲਈ ਹੁਣ ਰੂਸ ਨੇ ਭਾਰਤ ਨੂੰ ਤੇਲ ਭੇਜਣ ਦਾ ਫ਼ੈਸਲਾ ਕੀਤਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੁਝ ਹੀ ਹਫ਼ਤਿਆਂ ਅੰਦਰ ਰੂਸ ਤੋਂ 95 ਲੱਖ ਬੈਰਲ ਕੱਚਾ ਤੇਲ ਭਾਰਤ ਪੁੱਜ ਜਾਵੇਗਾ। ਇੰਝ ਭਾਰਤ ਦੇ ਤੇਲ ਸੋਧਕ ਕਾਰਖਾਨਿਆਂ ਨੂੰ ਵੱਡੀ ਰਾਹਤ ਮਿਲ਼ੇਗੀ।
ਇਹ ਸਭ ਅਜਿਹੇ ਵੇਲੇ ਹੋ ਰਿਹਾ ਹੈ, ਜਦੋਂ ਅਮਰੀਕਾ ਨੇ ਭਾਰਤ ਉਤੇ ਰੂਸੀ ਤੇਲ ਖ਼ਰੀਦਣ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ। ਦਰਅਸਲ, ਭਾਰਤ ਵਿੱਚ ਤੇਲ ਦੀ ਖਪਤ ਹੀ ਇੰਨੀ ਜ਼ਿਆਦਾ ਹੈ ਕਿ ਇੱਥੇ ਹੁਣ ਅਗਲੇ 25 ਦਿਨ ਵਰਤੇ ਜਾ ਸਕਣ ਵਾਲ਼ਾ ਤੇਲ ਹੀ ਮੌਜੂਦ ਹੈ। ਉਸ ਤੋਂ ਬਾਅਦ ਜੇ ਕੱਚੇ ਤੇਲ ਦੀ ਕੋਈ ਸਪਲਾਈ ਨਾ ਆਈ, ਤਾਂ ਭਾਰਤ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਜਾਣਗੀਆਂ। ਭਾਰਤ ਦੇ ਤੇਲ ਸੋਧਕ ਕਾਰਖਾਨਿਆਂ ਕੋਲ਼ ਗੈਸੋਲੀਨ ਤੇ ਐਲਪੀਜੀ ਦੀ ਤਾਂ ਬਹੁਤ ਸੀਮਤ ਸਪਲਾਈ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ, ਜਿੱਥੇ ਤੇਲ ਦੀ ਖਪਤ ਬਹੁਤ ਜ਼ਿਆਦਾ ਹੈ।
ਇਸੇ ਲਈ ਭਾਰਤ ਸਰਕਾਰ ਹੁਣ ਕਿਸੇ ਅਜਿਹੇ ਸਰੋਤ ਦੀ ਭਾਲ਼ ਵਿੱਚ ਹੈ ਕਿ ਜਿਸ ਰਾਹੀਂ ਅਗਲੇ 10 ਤੋਂ 15 ਦਿਨਾਂ ਅੰਦਰ ਹੀ ਕੱਚਾ ਤੇਲ ਪੁੱਜ ਸਕੇ। ਮੱਧ–ਪੂਰਬੀ ਦੇਸ਼ਾਂ ਤੋਂ ਕੱਚਾ ਤੇਲ ਜ਼ਿਆਦਾਤਰ ਹੋਰਮੁਜ਼ ਜਲ–ਡਮਰੂ ਇਲਾਕਿਆਂ ਵਿੱਚੋਂ ਹੀ ਭਾਰਤ ਪੁੱਜਦਾ ਹੈ। ਈਰਾਨੀ ਹਮਲਿਆਂ ਕਾਰਣ ਹੁਣ ਉਹ ਰੂਟ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈ।
ਭਾਰਤ ਦੇ ਤੇਲ–ਸੋਧਕ ਕਾਰਖਾਨੇ ਰੋਜ਼ਾਨਾ ਲਗਭਗ 56 ਲੱਖ ਬੈਰਲ ਕੱਚੇ ਤੇਲ ਦੀ ਪ੍ਰੋਸੈਸਿੰਗ ਕਰਦੇ ਹਨ।
ਸਰਕਾਰੀ ਉਦਯੋਗ ਨਾਲ਼ ਜੁੜੇ ਸੂਤਰਾਂ ਮੁਤਾਬਕ ਭਾਰਤ ਦੀਆਂ ਕੱਚੇ ਤੇਲ ਦੀਆਂ ਜ਼ਰੂਰਤਾਂ ਦੇ 40% ਤੱਕ ਪੂਰਾ ਕਰਨ ਵਿੱਚ ਰੂਸ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ।
ਭਾਰਤ ਦੀ ਰੂਸੀ ਕੱਚੇ ਤੇਲ ਦੀ ਦਰਾਮਦ ਜਨਵਰੀ ਵਿੱਚ ਪ੍ਰਤੀ ਦਿਨ ਲਗਭਗ 11 ਲੱਖ ਬੈਰਲ ਰਹਿ ਗਈ ਸੀ; ਜੋ ਕਿ ਨਵੰਬਰ 2022 ਤੋਂ ਬਾਅਦ ਸਭ ਤੋਂ ਘੱਟ ਹੈ, ਕਿਉਂਕਿ ਨਵੀਂ ਦਿੱਲੀ ਨੇ ਅਮਰੀਕੀ ਟੈਰਿਫ ਤੋਂ ਰਾਹਤ ਦੀ ਮੰਗ ਕੀਤੀ, ਜਿਸ ਨਾਲ ਮਾਸਕੋ ਦਾ ਕੁੱਲ ਤੇਲ ਦਰਾਮਦ ਦਾ ਹਿੱਸਾ 21.2% ਰਹਿ ਗਿਆ। ਸਰੋਤ ਨੇ ਕਿਹਾ ਕਿ ਫਰਵਰੀ ਵਿੱਚ ਇਹ ਹਿੱਸਾ ਲਗਭਗ 30% ਤੱਕ ਵਾਪਸ ਆ ਗਿਆ।
ਭਾਰਤੀ ਰਿਫਾਇਨਰ ਰੂਸੀ ਕੱਚੇ ਤੇਲ ਵੇਚਣ ਵਾਲੇ ਵਪਾਰੀਆਂ ਨਾਲ ਨਿਯਮਤ ਸੰਪਰਕ ਵਿੱਚ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਮਹੀਨੇ ਭਾਰਤ ਨੂੰ ਸਖ਼ਤੀ ਨਾਲ਼ ਆਖ ਚੁੱਕੇ ਹਨ ਕਿ ਉਹ ਭਾਰਤੀ ਵਸਤਾਂ ਉਤੇ ਟੈਰਿਫ਼ ਸਿਰਫ਼ ਇਸੇ ਸ਼ਰਤ ਉਤੇ ਘਟਾਉਣਗੇ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖ਼ਰੀਦੇਗਾ। ਸਗੋਂ ਅਜਿਹੀ ਕੋਈ ਵੀ ਖ਼ਰੀਦ ਹੁਣ ਵੈਨੇਜ਼ੁਏਲਾ ਤੋਂ ਕੀਤੀ ਜਾਵੇਗੀ।


