India 'ਚ ਹੋ ਰਹੀ ਵੋਟ ਚੋਰੀ, ਭਾਰਤ ਦੀ ਚੋਣ ਮਸ਼ੀਨਰੀ ਨੁਕਸਾਨਦਾਰ: Rahul Gandhi
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਦੀ ਚੋਣ ਮਸ਼ੀਨਰੀ ਨੁਕਸਦਾਰ ਹੈ। ਉਨ੍ਹਾਂ ਬਰਲਿਨ ਵਿੱਚ ਆਖਿਆ ਕਿ ਭਾਰਤ ਵਿੱਚ ਇਸ ਵੇਲੇ ਵੋਟ–ਚੋਰੀ ਹੋ ਰਹੀ ਹੈ ਅਤੇ ਇਸ ਲਈ ਸਿਰਫ਼ ਤੇ ਸਿਰਫ਼ ਭਾਜਪਾ ਦੀ ਅਗਵਾਈ ਹੇਠਲੀ ਐਨਡੀਏ ਸਰਕਾਰ ਜ਼ਿੰਮੇਵਾਰ ਹੈ।

By : Gurpiar Thind
ਨਿਊ ਚੰਡੀਗੜ੍ਹ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਦੀ ਚੋਣ ਮਸ਼ੀਨਰੀ ਨੁਕਸਦਾਰ ਹੈ। ਉਨ੍ਹਾਂ ਬਰਲਿਨ ਵਿੱਚ ਆਖਿਆ ਕਿ ਭਾਰਤ ਵਿੱਚ ਇਸ ਵੇਲੇ ਵੋਟ–ਚੋਰੀ ਹੋ ਰਹੀ ਹੈ ਅਤੇ ਇਸ ਲਈ ਸਿਰਫ਼ ਤੇ ਸਿਰਫ਼ ਭਾਜਪਾ ਦੀ ਅਗਵਾਈ ਹੇਠਲੀ ਐਨਡੀਏ ਸਰਕਾਰ ਜ਼ਿੰਮੇਵਾਰ ਹੈ।
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਜਪਾ 'ਤੇ ਹਮਲਾ ਬੋਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਦੇਸ਼ ਦੇ ਸੰਸਥਾਗਤ ਢਾਂਚੇ ਨੂੰ "ਹਥਿਆਰ" ਬਣਾਉਣ ਦਾ ਦੋਸ਼ ਲਾਇਆ ਹੈ। ਬਰਲਿਨ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਰਤੋਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ ਜਦੋਂ ਕਿ ਸੱਤਾਧਾਰੀ ਪਾਰਟੀ ਨਾਲ ਜੁੜੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ।
ਹਾਲਾਂਕਿ, ਭਾਰਤੀ ਜਨਤਾ ਪਾਰਟੀ ਨੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ। ਅਜਿਹੀਆਂ ਟਿੱਪਣੀਆਂ ਨੂੰ ਭਾਜਪਾ ਨੇ 'ਭਾਰਤ ਵਿਰੋਧੀ' ਅਤੇ ਉਨ੍ਹਾਂ ਦੇ ਵਿਵਹਾਰ ਨੂੰ 'ਬਚਕਾਨਾ' ਦੱਸਿਆ ਹੈ। ਹਰਟੀ ਸਕੂਲ ਵਿੱਚ ਆਪਣੀਆਂ ਟਿੱਪਣੀਆਂ 'ਚ ਕਾਂਗਰਸ ਨੇਤਾ ਨੇ ਕਿਹਾ, "ਸਾਡੇ ਸੰਸਥਾਗਤ ਢਾਂਚੇ 'ਤੇ ਵੱਡੇ ਪੱਧਰ ਉਤੇ ਕਬਜ਼ਾ ਹੋ ਰਿਹਾ ਹੈ। ਸਾਡੇ ਦੇਸ਼ ਦੇ ਸੰਸਥਾਗਤ ਢਾਂਚੇ 'ਤੇ ਹਮਲਾ ਹੋ ਰਿਹਾ ਹੈ।"
ਰਾਹੁਲ ਨੇ ਦੋਸ਼ ਲਾਇਆ ਕਿ "ਸਾਡੀਆਂ ਖੁਫੀਆ ਏਜੰਸੀਆਂ, ਈਡੀ ਅਤੇ ਸੀਬੀਆਈ ਨੂੰ ਪੂਰੀ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਹੈ। ਈਡੀ ਅਤੇ ਸੀਬੀਆਈ ਕੋਲ ਭਾਜਪਾ ਵਿਰੁੱਧ ਕੋਈ ਕੇਸ ਨਹੀਂ ਹੈ ਅਤੇ ਜ਼ਿਆਦਾਤਰ ਰਾਜਨੀਤਿਕ ਮਾਮਲੇ ਉਨ੍ਹਾਂ ਲੋਕਾਂ ਵਿਰੁੱਧ ਹਨ ਜੋ ਉਨ੍ਹਾਂ ਦਾ ਵਿਰੋਧ ਕਰਦੇ ਹਨ।"
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਜੋ ਪਿਛਲੇ ਹਫ਼ਤੇ ਜਰਮਨੀ ਦੇ ਪੰਜ ਦਿਨਾਂ ਦੌਰੇ 'ਤੇ ਸਨ, ਨੇ ਅੱਗੇ ਕਿਹਾ ਕਿ ਜੇ ਕੋਈ ਕਾਰੋਬਾਰੀ ਕਾਂਗਰਸ ਦਾ ਸਮਰਥਨ ਕਰਦਾ ਹੈ, ਤਾਂ ਉਨ੍ਹਾਂ ਨੂੰ ਧਮਕੀ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਭਾਰਤ ਦੀਆਂ ਸੰਸਥਾਵਾਂ ਹੁਣ ਉਸ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਜਿਵੇਂ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ।
ਗਾਂਧੀ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਸੰਸਥਾਗਤ ਢਾਂਚਾ ਬਣਾਉਣ ਵਿੱਚ ਮਦਦ ਕੀਤੀ ਅਤੇ ਪਾਰਟੀ ਨੇ ਇਸ ਨੂੰ ਕਦੇ ਵੀ "ਸਾਡੀ ਆਪਣੀ ਸੰਸਥਾ ਨਹੀਂ, ਸਗੋਂ ਦੇਸ਼ ਦੀ" ਸੰਸਥਾ ਵਜੋਂ ਹੀ ਵੇਖਿਆ। "ਪਰ ਭਾਜਪਾ ਇਸ ਤਰ੍ਹਾਂ ਨਹੀਂ ਦੇਖਦੀ। ਉਹ ਸੰਸਥਾਗਤ ਢਾਂਚਾ ਨੂੰ ਆਪਣੀ ਨਿਜੀ ਜਗੀਰ ਸਮਝਦੀ ਹੈ। ਉਹ ਇਸ ਨੂੰ ਆਪਣੀ ਸਿਆਸੀ ਤਾਕਤ ਬਣਾਉਣ ਲਈ ਇੱਕ ਸਾਧਨ ਵਜੋਂ ਵਰਤਦੀ ਹੈ।
ਰਾਜੀਵ ਗਾਂਧੀ ਨੇ ਇਹ ਵੀ ਕਿਹਾ ਕਿ ਭਾਰਤ 'ਚ ਲੋਕਤੰਤਰ ਉਤੇ ਲਗਾਤਾਰ ਹਮਲੇ ਹੋ ਰਹੇ ਹਨ। ਇਸ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਹੈ। "ਅਸੀਂ ਵਿਰੋਧੀ ਧਿਰ ਦੇ ਵਿਰੋਧ ਦੀ ਇੱਕ ਪ੍ਰਣਾਲੀ ਬਣਾਵਾਂਗੇ ਜੋ ਸਫਲ ਹੋਵੇਗੀ। ਅਸੀਂ ਭਾਜਪਾ ਨਾਲ ਨਹੀਂ ਲੜ ਰਹੇ ਹਾਂ, ਸਗੋਂ ਭਾਰਤੀ ਸੰਸਥਾਗਤ ਢਾਂਚੇ 'ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਬਜ਼ਿਆਂ ਨਾਲ ਲੜ ਰਹੇ ਹਾਂ।"
ਸੀਨੀਅਰ ਕਾਂਗਰਸ ਨੇਤਾ ਨੇ ਇੱਕ ਵਾਰ ਫਿਰ ਵੋਟ ਚੋਰੀ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਹੱਕ ਵਿੱਚ ਧਾਂਦਲੀ ਕੀਤੀਆਂ ਗਈਆਂ ਸਨ। ਰਾਹੁਲ ਗਾਂਧੀ ਇਹ ਦੋਸ਼ ਪਹਿਲਾਂ ਵੀ ਲਾ ਚੁੱਕੇ ਹਨ।
"ਅਸੀਂ ਤੇਲੰਗਾਨਾ, ਹਿਮਾਚਲ ਪ੍ਰਦੇਸ਼ ਵਿੱਚ ਚੋਣਾਂ ਜਿੱਤੀਆਂ ਹਨ।" ਅਸੀਂ ਭਾਰਤ ਵਿੱਚ ਚੋਣਾਂ ਦੀ ਨਿਰਪੱਖਤਾ ਦੇ ਮੁੱਦੇ ਉਠਾਉਂਦੇ ਰਹੇ ਹਾਂ। ਮੈਂ ਭਾਰਤ ਵਿੱਚ ਪ੍ਰੈਸ ਕਾਨਫਰੰਸਾਂ ਕੀਤੀਆਂ ਹਨ ਜਿੱਥੇ ਅਸੀਂ ਬਿਨਾਂ ਕਿਸੇ ਸ਼ੱਕ ਦੇ ਸਪੱਸ਼ਟ ਤੌਰ 'ਤੇ ਦਿਖਾਇਆ ਹੈ ਕਿ ਸਾਨੂੰ ਹਰਿਆਣਾ ਅਤੇ ਮਹਾਰਾਸ਼ਟਰ 'ਚ ਹੋਈਆਂ ਚੋਣਾਂ ਨਿਰਪੱਖ ਨਹੀਂ ਜਾਪਦੀਆਂ।"
ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਕਾਂਗਰਸ ਪਾਰਟੀ ਜਿੱਤ ਰਹੀ ਸੀ। ਉਸ ਜਿੱਤ ਦੇ ਸਬੂਤ ਵੀ ਸਨ ਅਤੇ ਵੋਟਰ ਸੂਚੀਆਂ ਵਿੱਚ ਡੁਪਲੀਕੇਟ ਐਂਟਰੀਆਂ ਸਮੇਤ ਬੇਨਿਯਮੀਆਂ ਬਾਰੇ ਚੋਣ ਕਮਿਸ਼ਨ ਤੋਂ ਜਵਾਬ ਮੰਗੇ ਸਨ, ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਅੱਗੇ ਕਿਹਾ ਕਿ "ਅਸੀਂ ਬੁਨਿਆਦੀ ਤੌਰ 'ਤੇ ਮੰਨਦੇ ਹਾਂ ਕਿ ਭਾਰਤ ਦੀ ਚੋਣ ਮਸ਼ੀਨਰੀ ਵਿੱਚ ਸਮੱਸਿਆ ਹੈ।"
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਰਥਿਕ ਮਾਡਲ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਆਰਐਸਐਸ ਨੇ ਨਵੀਂ ਦਿਸ਼ਾ ਦਿੱਤੇ ਬਿਨਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਸਿਰਫ਼ ਵਧਾਇਆ ਹੈ। ਰਾਹੁਲ ਗਾਂਧੀ ਨੇ ਮੰਨਿਆ ਕਿ ਬਹੁਤ ਸਾਰੇ ਲੋਕ ਪ੍ਰਧਾਨ ਮੰਤਰੀ ਮੋਦੀ ਦਾ ਸਮਰਥਨ ਕਰਦੇ ਹਨ, ਪਰ ਭਾਰਤੀਆਂ ਦਾ ਇੱਕ ਵੱਡਾ ਵਰਗ ਦੇਸ਼ ਲਈ ਉਨ੍ਹਾਂ ਦੀ ਵਿਚਾਰਧਾਰਾ ਅਤੇ ਦ੍ਰਿਸ਼ਟੀ ਨਾਲ ਸਹਿਮਤ ਵੀ ਨਹੀਂ ਹੈ। ਉਨ੍ਹਾਂ ਦਲੀਲ ਦਿੱਤੀ ਕਿ ਇਹ ਦ੍ਰਿਸ਼ਟੀ ਨੁਕਸਦਾਰ ਹੈ ਅਤੇ ਡੂੰਘੇ ਸਮਾਜਿਕ ਤਣਾਅ ਪੈਦਾ ਕਰ ਰਹੀ ਹੈ।


