ਲੋਕ ਪੈਨਿਕ ਮਾਹੌਲ ਨਾ ਬਣਾਉਣ, online booking ਰਾਹੀਂ ਹੀ ਲਵੋ ਸਿਲੰਡਰ
ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਇਲਾਕੇ ਵਿੱਚ ਗੈਸ ਸਿਲਿੰਡਰਾਂ ਦੀ ਘਾਟ ਬਾਰੇ ਫੈਲ ਰਹੀਆਂ ਅਫਵਾਹਾਂ ਨੂੰ ਲੈ ਕੇ ਗੈਸ ਏਜੰਸੀ ਦੇ ਮਾਲਕ ਬਿਕਰਮਜੀਤ ਸਿੰਘ ਨੇ ਸਪਸ਼ਟੀਕਰਨ ਦਿੱਤਾ ਹੈ।

By : Gurpiar Thind
ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਇਲਾਕੇ ਵਿੱਚ ਗੈਸ ਸਿਲਿੰਡਰਾਂ ਦੀ ਘਾਟ ਬਾਰੇ ਫੈਲ ਰਹੀਆਂ ਅਫਵਾਹਾਂ ਨੂੰ ਲੈ ਕੇ ਗੈਸ ਏਜੰਸੀ ਦੇ ਮਾਲਕ ਬਿਕਰਮਜੀਤ ਸਿੰਘ ਨੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਕੋਲ ਗੈਸ ਸਿਲਿੰਡਰਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਅਤੇ ਲੋਕਾਂ ਨੂੰ ਬੇਵਜ੍ਹਾ ਘਬਰਾਉਣ ਦੀ ਲੋੜ ਨਹੀਂ।
ਬਿਕਰਮਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੁਝ ਲੋਕਾਂ ਵੱਲੋਂ ਗੈਸ ਦੀ ਕਮੀ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ, ਜਿਸ ਕਰਕੇ ਲੋਕ ਏਜੰਸੀ ਦੇ ਬਾਹਰ ਇਕੱਠੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਪੈਨਿਕ ਮਾਹੌਲ ਬਣਾਉਣ ਨਾਲ ਨਾ ਸਿਰਫ ਲੋਕਾਂ ਨੂੰ ਦਿੱਕਤ ਆਉਂਦੀ ਹੈ, ਸਗੋਂ ਗੈਸ ਸਪਲਾਈ ਦਾ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੈਸ ਸਿਲਿੰਡਰ ਲਈ ਏਜੰਸੀ ਦੇ ਬਾਹਰ ਭੀੜ ਇਕੱਠੀ ਕਰਨ ਦੀ ਬਜਾਏ ਆਪਣੀ ਬੁਕਿੰਗ ਆਨਲਾਈਨ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਗਾਹਕ ਆਨਲਾਈਨ ਬੁਕਿੰਗ ਕਰਵਾ ਰਹੇ ਹਨ, ਉਨ੍ਹਾਂ ਨੂੰ ਇੱਕ ਤੋਂ ਦੋ ਦਿਨਾਂ ਦੇ ਅੰਦਰ ਸਿਲਿੰਡਰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਬਿਕਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਏਜੰਸੀ ਦੇ ਬਾਹਰ ਇਸੇ ਤਰ੍ਹਾਂ ਭੀੜ ਲੱਗੀ ਰਹੀ ਤਾਂ ਕਰਮਚਾਰੀਆਂ ਲਈ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਸਮਝਾਇਆ ਕਿ ਹਰ ਰੋਜ਼ ਸਵੇਰੇ ਸਮੇਂ ‘ਤੇ ਗੈਸ ਸਿਲਿੰਡਰਾਂ ਦੀਆਂ ਗੱਡੀਆਂ ਡਿਲੀਵਰੀ ਲਈ ਨਿਕਲਦੀਆਂ ਹਨ, ਪਰ ਜੇਕਰ ਲੋਕ ਏਜੰਸੀ ਅੱਗੇ ਖੜੇ ਰਹਿੰਦੇ ਹਨ ਤਾਂ ਪੂਰਾ ਸਿਸਟਮ ਪ੍ਰਭਾਵਿਤ ਹੋ ਸਕਦਾ ਹੈ ਅਤੇ ਸਪਲਾਈ ਪ੍ਰਕਿਰਿਆ ਵਿੱਚ ਰੁਕਾਵਟ ਆ ਸਕਦੀ ਹੈ।
ਉਨ੍ਹਾਂ ਹੋਰ ਦੱਸਿਆ ਕਿ ਕਈ ਵਾਰ ਇੱਕੋ ਸਮੇਂ ਬਹੁਤ ਜ਼ਿਆਦਾ ਆਨਲਾਈਨ ਬੁਕਿੰਗ ਹੋਣ ਕਾਰਨ ਸਰਵਰ ਕੁਝ ਸਮੇਂ ਲਈ ਡਾਊਨ ਹੋ ਜਾਂਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਗੈਸ ਦੀ ਘਾਟ ਹੈ। ਬੁਕਿੰਗ ਲਗਾਤਾਰ ਹੋ ਰਹੀ ਹੈ ਅਤੇ ਜਿਨ੍ਹਾਂ ਦੀ ਬੁਕਿੰਗ ਹੋ ਰਹੀ ਹੈ, ਉਨ੍ਹਾਂ ਨੂੰ ਸਮੇਂ ‘ਤੇ ਸਿਲਿੰਡਰ ਵੀ ਦਿੱਤੇ ਜਾ ਰਹੇ ਹਨ।
ਅੰਤ ਵਿੱਚ ਬਿਕਰਮਜੀਤ ਸਿੰਘ ਨੇ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ, ਘਰਾਂ ਵਿੱਚ ਰਹਿ ਕੇ ਆਨਲਾਈਨ ਬੁਕਿੰਗ ਕਰਨ ਅਤੇ ਗੈਸ ਏਜੰਸੀ ਦੇ ਸਟਾਫ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਦਾ ਮੌਕਾ ਦੇਣ ਤਾਂ ਜੋ ਹਰ ਗਾਹਕ ਤੱਕ ਸਮੇਂ ‘ਤੇ ਸਿਲਿੰਡਰ ਪਹੁੰਚਾਇਆ ਜਾ ਸਕੇ।


