Begin typing your search above and press return to search.

Brampton 'ਚ ਗੋਲੀ ਚਲਾਉਣ ਦੇ ਮਾਮਲੇ 'ਚ Peel Police ਨੂੰ ਮਨਪ੍ਰੀਤ ਸਿੰਘ ਦੀ ਭਾਲ

ਕਾਸਲਮੋਰ ਇਲਾਕੇ 'ਚ ਸਥਿਤ ਇੱਕ ਘਰ ਬਾਹਰ ਚੱਲੀਆਂ ਸੀ ਗੋਲੀਆਂ, 2025 'ਚ ਇਸੇ ਮਾਮਲੇ 'ਚ ਪੁਲਿਸ ਨੇ ਦਿਲਪ੍ਰੀਤ ਨੂੰ ਕੀਤਾ ਸੀ ਗ੍ਰਿਫਤਾਰ

Brampton ਚ ਗੋਲੀ ਚਲਾਉਣ ਦੇ ਮਾਮਲੇ ਚ Peel Police ਨੂੰ ਮਨਪ੍ਰੀਤ ਸਿੰਘ ਦੀ ਭਾਲ
X

Sandeep KaurBy : Sandeep Kaur

  |  27 Feb 2026 2:13 AM IST

  • whatsapp
  • Telegram

ਪੀਲ ਰੀਜ਼ਨਲ ਪੁਲਿਸ ਦੇ ਹੋਮਿਸਾਈਡ ਬਿਊਰੋ ਵੱਲੋਂ ਬਰੈਂਪਟਨ ਵਿੱਚ ਹੋਈ 2025 ਦੀ ਘਾਤਕ ਗੋਲੀਬਾਰੀ ਮਾਮਲੇ ਸਬੰਧੀ ਜਾਂਚ ਨੂੰ ਤੇਜ਼ ਕਰਦਿਆਂ ਦੂਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਜਨਤਾ ਤੋਂ ਵਧੇਰੇ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਗੰਭੀਰ ਅਤੇ ਯੋਜਨਾਬੱਧ ਲੱਗਦਾ ਹੈ, ਜਿਸ ਕਾਰਨ ਇਸ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ 19 ਅਗਸਤ ਦੀ ਰਾਤ ਬਰੈਂਪਟਨ ਦੇ ਕਾਸਲਮੋਰ ਰੋਡ ਅਤੇ ਹੰਬਰਵੈਸਟ ਪਾਰਕਵੇ ਨੇੜੇ ਸਥਿਤ ਇੱਕ ਘਰ ਵਿੱਚ ਦੋ ਹਥਿਆਰਬੰਦ ਵਿਅਕਤੀ ਦਾਖਲ ਹੋਏ ਅਤੇ ਅੰਦਰ ਮੌਜੂਦ ਲੋਕਾਂ ਉੱਤੇ ਗੋਲੀਆਂ ਚਲਾਈਆਂ। ਗੋਲੀਬਾਰੀ ਦੌਰਾਨ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ। ਇੱਕ ਪੀੜਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੂਜੇ ਪੀੜਤ ਨੂੰ ਤੁਰੰਤ ਟਰਾਮਾ ਸੈਂਟਰ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ ਅਤੇ ਕੁਝ ਸਮੇਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ।

ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਕਿਹਾ ਸੀ ਕਿ ਇਹ ਹਮਲਾ ਬੇਤਰਤੀਬ ਨਹੀਂ ਸੀ, ਬਲਕਿ ਨਿਸ਼ਾਨਾ ਬਣਾਕੇ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਦੋਵੇਂ ਹਮਲਾਵਰ ਇੱਕ ਕਾਰ ਵਿੱਚ ਫਰਾਰ ਹੋ ਗਏ। ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਜਿਸ ਘਰ ਵਿੱਚ ਗੋਲੀਬਾਰੀ ਹੋਈ, ਉਹ ਪਹਿਲਾਂ ਵੀ ਸ਼ੱਕੀ ਗਤੀਵਿਧੀਆਂ ਨਾਲ ਜੁੜਿਆ ਰਿਹਾ ਹੈ। ਕੁਝ ਮਹੀਨੇ ਪਹਿਲਾਂ ਉਸ ਘਰ ਦੇ ਡਰਾਈਵੇ ਵਿੱਚ ਖੜ੍ਹੀ ਗੱਡੀ ਨੂੰ ਅੱਗ ਲਗਾਉਣ ਦੀ ਘਟਨਾ ਵੀ ਵਾਪਰੀ ਸੀ, ਜਿਸ ਕਾਰਨ ਪੜੋਸੀਆਂ ਵਿੱਚ ਪਹਿਲਾਂ ਤੋਂ ਹੀ ਚਿੰਤਾ ਮੌਜੂਦ ਸੀ। ਇਸ ਕੇਸ ਵਿੱਚ ਅਕਤੂਬਰ ਮਹੀਨੇ 24 ਸਾਲਾ ਦਿਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਉੱਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਹੁਣ ਜਾਂਚ ਅਧਿਕਾਰੀਆਂ ਨੇ ਦੂਜੇ ਸੰਦੇਹੀ ਦੀ ਪਹਿਚਾਣ 29 ਸਾਲਾ ਮਨਪ੍ਰੀਤ ਸਿੰਘ ਵਜੋਂ ਕੀਤੀ ਹੈ। ਉਸ ਦਾ ਕੋਈ ਪੱਕਾ ਪਤਾ ਨਹੀਂ ਦੱਸਿਆ ਗਿਆ ਅਤੇ ਉਸ ਦੇ iਖ਼ਲਾਫ਼ ਕੈਨੇਡਾ-ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਉਸ ਉੱਤੇ ਪਹਿਲੀ ਡਿਗਰੀ ਕਤਲ ਅਤੇ ਅੱਗਜ਼ਨੀ ਨਾਲ ਕਤਲ ਦੀ ਕੋਸ਼ਿਸ਼ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ।

ਪੁਲਿਸ ਵੱਲੋਂ ਦਿੱਤੇ ਗਏ ਵੇਰਵੇ ਅਨੁਸਾਰ ਮਨਪ੍ਰੀਤ ਸਿੰਘ ਦੀ ਲੰਬਾਈ ਲਗਭਗ 5 ਫੁੱਟ 10 ਇੰਚ ਹੈ, ਦਰਮਿਆਨਾ ਡਹਿਲਾ-ਡੌਲ, ਸਿੱਧੇ ਕਾਲੇ ਵਾਲ, ਭੂਰੀਆਂ ਅੱਖਾਂ ਅਤੇ ਭਰੀ ਦਾੜ੍ਹੀ ਹੈ। ਉਸ ਦੇ ਸੱਜੇ ਬਾਂਹ ’ਤੇ “ਮੰਨਾ (ਦਿਲ ਦਾ ਨਿਸ਼ਾਨ) ਸੁੱਖ” ਲਿਖਿਆ ਟੈਟੂ ਵੀ ਹੈ, ਜੋ ਉਸ ਦੀ ਪਹਿਚਾਣ ਵਿੱਚ ਮਦਦਗਾਰ ਹੋ ਸਕਦਾ ਹੈ। ਜਾਂਚ ਅਧਿਕਾਰੀਆਂ ਨੇ ਜਨਤਾ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਸੰਦੇਹੀ ਹਥਿਆਰਬੰਦ ਅਤੇ ਖ਼ਤਰਨਾਕ ਹੋ ਸਕਦਾ ਹੈ। ਜੇਕਰ ਕਿਸੇ ਨੂੰ ਉਹ ਨਜ਼ਰ ਆਵੇ ਤਾਂ ਉਸ ਦੇ ਨੇੜੇ ਜਾਣ ਜਾਂ ਖੁਦ ਕਾਰਵਾਈ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਤੁਰੰਤ 911 ’ਤੇ ਸੰਪਰਕ ਕੀਤਾ ਜਾਵੇ ਜਾਂ ਪੁਲਿਸ ਨੂੰ ਗੁਪਤ ਤੌਰ ’ਤੇ ਜਾਣਕਾਰੀ ਦਿੱਤੀ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਦੀ ਸੁਰੱਖਿਆ ਉਨ੍ਹਾਂ ਲਈ ਪਹਿਲੀ ਤਰਜੀਹ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਲਿਆਂਦਾ ਜਾਵੇਗਾ। ਜਾਂਚ ਹਾਲੇ ਜਾਰੀ ਹੈ ਅਤੇ ਅਧਿਕਾਰੀ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਸਬੰਧੀ ਵੀਡੀਓ ਫੁਟੇਜ, ਡੈਸ਼ਕੈਮ ਰਿਕਾਰਡਿੰਗ ਜਾਂ ਹੋਰ ਕੋਈ ਸੂਚਨਾ ਹੋਵੇ ਤਾਂ ਉਹ ਤੁਰੰਤ ਅੱਗੇ ਆ ਕੇ ਸਾਂਝੀ ਕੀਤੀ ਜਾਵੇ।

Next Story
ਤਾਜ਼ਾ ਖਬਰਾਂ
Share it