ਮਣੀਪੁਰ ਦੇ CM ਐੱਨ ਬੀਰੇਨ ਦੇ ਸਕਦੇ ਹਨ ਅਸਤੀਫਾ
By : BikramjeetSingh Gill
ਇੰਫਾਲ : ਮਨੀਪੁਰ 'ਚ ਚੱਲ ਰਹੀਆਂ ਹਿੰਸਕ ਘਟਨਾਵਾਂ ਦੇ ਵਿਚਕਾਰ ਸ਼ਨੀਵਾਰ ਰਾਤ ਇੰਫਾਲ ਦੇ ਰਾਜ ਭਵਨ 'ਚ ਮੁੱਖ ਮੰਤਰੀ ਐੱਨ ਬੀਰੇਨ ਅਤੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰੀਆ ਵਿਚਕਾਰ 30 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਬੈਠਕ ਹੋਈ। ਇਸ ਤੋਂ ਬਾਅਦ ਇੰਫਾਲ 'ਚ ਅਟਕਲਾਂ ਦਾ ਬਾਜ਼ਾਰ ਗਰਮ ਹੈ। ਦੱਸ ਦੇਈਏ ਕਿ ਇਹ ਮੀਟਿੰਗ ਮੁੱਖ ਮੰਤਰੀ ਦੇ ਬੰਗਲੇ 'ਤੇ ਵਿਧਾਇਕਾਂ ਦੀ ਮੀਟਿੰਗ ਤੋਂ ਤੁਰੰਤ ਬਾਅਦ ਹੋਈ। ਬੈਕ-ਟੂ-ਬੈਕ ਮੀਟਿੰਗਾਂ ਨੇ ਮਨੀਪੁਰ ਦੇ ਰਾਜਨੀਤਿਕ ਦ੍ਰਿਸ਼ ਵਿੱਚ ਉਥਲ-ਪੁਥਲ ਵਧਾ ਦਿੱਤੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਆਪਣਾ ਅਸਤੀਫਾ ਦੇ ਸਕਦੇ ਹਨ।
ਫਿਲਹਾਲ ਬੰਦ ਕਮਰੇ 'ਚ ਦੋਹਾਂ ਨੇਤਾਵਾਂ ਵਿਚਾਲੇ ਕੀ ਗੱਲ ਹੋਈ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਕੇਂਦਰ ਸਰਕਾਰ ਕੋਲ ਕੁਝ ਮੰਗਾਂ ਵੀ ਰੱਖੀਆਂ ਹੋ ਸਕਦੀਆਂ ਹਨ। ਇਸ ਦੌਰਾਨ ਮਨੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਵੀ ਮੌਜੂਦ ਸਨ।
ਮਨੀਪੁਰ ਇੰਟੈਗਰਿਟੀ ਕੋਆਰਡੀਨੇਸ਼ਨ ਕਮੇਟੀ (COCOMI) ਵੱਲੋਂ ਸ਼ੁੱਕਰਵਾਰ ਨੂੰ ਜਨਤਕ ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਸੰਭਾਵਿਤ ਅਸਤੀਫੇ ਦੀਆਂ ਅਟਕਲਾਂ ਨੇ ਜ਼ੋਰ ਫੜ ਲਿਆ। ਹਾਲਾਂਕਿ, ਭਾਜਪਾ ਦੇ ਚੋਟੀ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੁਕੀ ਅਤਿਵਾਦੀਆਂ ਵੱਲੋਂ ਹਾਲ ਹੀ ਵਿੱਚ ਘਾਟੀ ਦੇ ਜ਼ਿਲ੍ਹਿਆਂ ਵਿੱਚ ਡਰੋਨ ਬੰਬ ਧਮਾਕਿਆਂ ਅਤੇ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਤੋਂ ਬਾਅਦ ਜਨਤਕ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਕਈ ਲੋਕ ਮਾਰੇ ਗਏ ਸਨ। ਸੁਰੱਖਿਆ ਬਲਾਂ ਦੇ ਕੁਝ ਜਵਾਨ ਵੀ ਮਾਰੇ ਗਏ ਹਨ।